ਸਿੱਧੀ ਬਿਜਾਈ

ਝੋਨੇ ਦੀ ਸਿੱਧੀ ਬਿਜਾਈ ਲਈ ਸਹਾਇਤਾ ਰਾਸ਼ੀ ਸਰਕਾਰ ਕਿਸਾਨਾਂ ਦੇ ਬੈਂਕ ਖਾਤਿਆਂ ’ਚ ਭੇਜੇਗੀ: CM ਭਗਵੰਤ ਮਾਨ

ਚੰਡੀਗੜ੍ਹ 25 ਮਈ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ‘ਡੀ.ਐਸ.ਅਰ ਪੋਰਟਲ’ ਜਾਰੀ ਕੀਤਾ ਹੈ। ਇਸ ਪੋਰਟਲ ਦੀ ਮਦਦ ਨਾਲ ਕਿਸਾਨਾਂ ਨੂੰ ਮਿਲਣ ਵਾਲੀ ਸਹਾਇਤਾ ਰਾਸ਼ੀ ਸਿੱਧੇ ਤੌਰ ’ਤੇ ਕਿਸਾਨਾਂ ਦੇ ਖਾਤਿਆਂ ਵਿੱਚ ਜਾਵੇਗੀ। ਸਰਕਾਰ ਦੀ ਇਸ ਨਵੀਂ ਤਕਨੀਕ ਨਾਲ ਜਿੱਥੇ ਕਿਸਾਨਾਂ ਨੂੰ ਲਾਭ ਮਿਲੇਗਾ, ਉਥੇ ਹੀ ਪੰਜਾਬ ਦਾ ਵੱਡਮੁੱਲਾ ਧਰਤੀ ਹੇਠਲਾ ਪਾਣੀ ਵੀ ਬਚੇਗਾ।

ਕਿਸਾਨਾਂ ਨੂੰ ਮਿਲੇਗੀ 1500 ਰੁਪਏ ਪ੍ਰਤੀ ਏਕੜ ਰਾਸ਼ੀ

‘ਡੀ.ਐਸ.ਅਰ ਪੋਰਟਲ’ ਜਾਰੀ ਕਰਨ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਮੰਡੀ ਬੋਰਡ ਅਤੇ ਖੇਤੀਬਾੜੀ ਵਿਭਾਗ ਦੀ ਇਸ ਕਿਸਾਨ ਪੱਖੀ ਪਹਿਲ ਲਈ ਪ੍ਰਸੰਸਾ ਕਰਦਿਆਂ ਕਿਹਾ ਕਿ ਡੀ.ਐਸ.ਆਰ ਪੋਰਟਲ ਨਾਲ ਸਰਕਾਰ ਨੂੰ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਦਾ ਸਟੀਕ ਡਾਟਾ ਮਿਲੇਗਾ ਅਤੇ ਸਹਾਇਤਾ ਰਾਸ਼ੀ ਨਿਸ਼ਚਿਤ ਕਰਨ ਵਿੱਚ ਵੀ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਪੋਰਟਲ ’ਤੇ ਰਜਿਸਟਰੇਸ਼ਨ ਕਰਨ ਵਾਲੇ ਕਿਸਾਨਾਂ ਨੂੰ ਸਰਕਾਰ ਉਚਿਤ ਅਤੇ ਪਾਰਦਰਸ਼ੀ ਤਰੀਕੇ ਨਾਲ 1500 ਰੁਪਏ ਪ੍ਰਤੀ ਏਕੜ ਰਾਸ਼ੀ ਦਾ ਭੁਗਤਾਨ ਕਰੇਗੀ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੇ ਵੱਡਮੁੱਲ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਨੂੰ ਕਿਸਾਨਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੂੰਗ ਦੇ ਰਕਬੇ ਨੂੰ ਵੀ ਸਰਕਾਰ ਨੇ ਦੁਗਣਾ ਕਰ ਦਿੱਤਾ ਹੈ। ਸੂਬੇ ਵਿੱਚ ਵੱਡੀ ਗਿਣਤੀ ’ਚ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰਨ ਅਤੇ ਵੱਡਮੁੱਲੇ ਸਾਧਨਾਂ ਨੂੰ ਬਚਾਉਣ ਲਈ ਡੀ.ਐਸ.ਆਰ ਤਕਨੀਕ ਨੂੰ ਅਪਣਾ ਰਹੇ ਹਨ। ਸਰਕਾਰ ’ਚ ਹੁਣ ਕਿਸੇ ਵੀ ਯੋਜਨਾ ਲਈ ਲਾਭ ਪਾਤਰੀਆਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਕੱਢਣੇ ਪੈਣਗੇ।

ਪੋਰਟਲ ‘ਤੇ ਮਿਲੇਗੀ ਵਿਸਥਾਰਪੂਰਵਕ ਜਾਣਕਾਰੀ

ਇਸ ਮੌਕੇ ਵਧੀਕ ਮੁੱਖ ਸਕੱਤਰ ਖੇਤੀਬਾੜੀ ਵਿਭਾਗ ਨੇ ਮੁੱਖ ਮੰਤਰੀ ਨੂੰ ‘ਡੀ.ਆਰ.ਐਸ ਪੋਰਟਲ’ ਦੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਉਚਿਤ ਮੁਲਅੰਕਣ ਤੋਂ ਬਾਅਦ 1500 ਰੁਪਏ ਪ੍ਰਤੀ ਏਕੜ ਸਹਾਇਤਾ ਰਾਸ਼ੀ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾਵੇਗੀ। ਪੋਰਟਲ ਨੂੰ ਖੇਤੀਬਾੜੀ ਵਿਭਾਗ ਅਤੇ ਮੰਡੀ ਬੋਰਡ ਵੱਲੋਂ ਵਿਕਸਤ ਅਤੇ ਡਿਜ਼ਾਇਨ ਕੀਤਾ ਗਿਆ ਹੈ। ਇਸ ਨਵੀਂ ਤਕਨੀਕ ਨੂੰ ਅਪਣਾਉਣ ਨਾਲ ਪਾਣੀ ਦੀ 15 ਤੋਂ 20 ਫ਼ੀਸਦੀ ਬੱਚਤ ਹੋਵੇਗੀ ਅਤੇ ਪਾਣੀ ਦੇ ਪ੍ਰਭਾਵੀ ਨੁਕਸਾਨ ਨੂੰ ਰੋਕਣ ’ਚ ਮਦਦ ਮਿਲੇਗੀ। ਇਸ ਤੋਂ ਇਲਾਵਾ ਉਚਿਤ ਰਿਚਾਰਜਿੰਗ ਦੇ ਰਾਹੀਂ ਧਰਤੀ ਹੇਠਲੇ ਪਾਣੀ ਦੇ ਪੱਧਰ ’ਚ ਵੀ ਸੁਧਾਰ ਹੋਵੇਗਾ। ਐਨਾ ਹੀ ਨਹੀਂ ਕਿਸਾਨਾਂ ਦੀ ਲਾਗਤ ’ਚ ਵੀ ਪ੍ਰਤੀ ਏਕੜ ਕਰੀਬ 4 ਹਜ਼ਾਰ ਰੁਪਏ ਦੀ ਬੱਚਤ ਹੋਵੇਗੀ।

ਕਰੀਬ 3 ਹਜ਼ਾਰ ਅਧਿਕਾਰੀਆਂ ਦੀ ਡਿਊਟੀ ਲੱਗੀ

ਕਿਸਾਨਾਂ ਨੂੰ ਪੋਰਟਲ ਦੀ ਤਕਨੀਕੀ ਜਾਣਕਾਰੀ ਦੇਣ ਲਈ ਸਰਕਾਰ ਨੇ ਖੇਤੀਬਾੜੀ, ਬਾਗਬਾਨੀ, ਮੰਡੀ ਬੋਰਡ ਅਤੇ ਪਾਣੀ ਸੰਰਖਣ ਸਮੇਤ ਵੱਖ ਵੱਖ ਵਿਭਾਗਾਂ ਦੇ ਕਰੀਬ 3 ਹਜ਼ਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਡਿਊਟੀ ’ਤੇ ਲਾਇਆ ਗਿਆ ਹੈ। ਇਹ ਅਧਿਕਾਰੀ ਅਤੇ ਕਰਮਚਾਰੀ ਕਿਸਾਨਾਂ ਦੀ ਰਜਿਸਟਰੇਸ਼ਨ ਅਤੇ ਡੀ.ਐਸ.ਆਰ ਦੇ ਸੰਚਾਲਨ ਨਾਲ ਜੁੜੀਆਂ ਸਾਰੀਆਂ ਗਤੀਵਿਧੀਆਂ ਦੀ ਨਿਗਰਾਨੀ ਕਰਨਗੇ ਤਾਂ ਜੋ ਅਸਲ ਲਾਭਪਾਤਰੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਭ ਮਿਲ ਸਕੇ।

ਸਰਕਾਰ ਦਾ ਮੰਨਣਾ ਹੈ ਕਿ ਸੂਬੇ ’ਚ ਇਸ ਸਾਲ ਕਿਸਾਨ ਖ਼ਰੀਫ਼ ਸੀਜ਼ਨ ਦੌਰਾਨ ਅਨੁਮਾਨਿਤ 30 ਲੱਖ ਹੈਕਟੇਅਰ (75 ਲੱਖ ਏਕੜ ) ਖੇਤਰ ਵਿੱਚ ਬਾਸਮਤੀ ਸਮੇਤ ਝੋਨੇ ਦੀ ਖੇਤੀ ਕਰਨਗੇ। ਜਦੋਂ ਕਿ ਪਿਛਲੇ ਸਾਲ 6 ਲੱਖ ਹੈਕਟੇਅਰ ’ਚ ਡੀ.ਐਸ.ਆਰ ਰਾਹੀਂ ਝੋਨੇ ਦੀ ਖੇਤੀ ਕੀਤੀ ਗਈ ਸੀ। ਸਰਕਾਰ ਨੇ ਇਸ ਸਾਲ ਡੀ.ਐਸ.ਆਰ ਰਾਹੀਂ ਖੇਤਰ ਦੁਗਣਾ ਕਰਨ ਦਾ ਟੀਚਾ ਰੱਖਿਆ ਹੈ।
ਪੋਰਟਲ ਜਾਰੀ ਕਰਨ ਮੌਕੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਮੁੱਖ ਸਕੱਤਰ ਪੰਜਾਬ ਅਨਿਰੁੱਧ ਤਿਵਾੜੀ, ਵਧੀਕ ਮੁੱਖ ਸਕੱਤਰ ਖੇਤੀਬਾੜੀ ਵਿਭਾਗ ਸਰਵਜੀਤ ਸਿੰਘ, ਵਧੀਕ ਮੁੱਖ ਸਕੱਤਰ ਵਿੱਤ ਵਿਭਾਗ ਕੇ.ਏ.ਪੀ ਸਿਨਹਾ ਅਤੇ ਡਰਾਇਕਟਰ ਖੇਤੀਬਾੜੀ ਗੁਰਵਿੰਦਰ ਸਿੰਘ ਮੌਜ਼ੂਦ ਸਨ।

Scroll to Top