Site icon TheUnmute.com

ਭਾਰਤ ਸਰਕਾਰ ਘੱਟਗਿਣਤੀਆਂ ਨਾਲ ਸਬੰਧਤ ਵਿਦਿਆਰਥੀਆਂ ਦੀ ਫੈਲੋਸ਼ਿਪ ਮੁੜ ਚਾਲੂ ਕਰੇ: SGPC ਪ੍ਰਧਾਨ

SGPC

ਅੰਮ੍ਰਿਤਸਰ, 04 ਫ਼ਰਵਰੀ 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਘੱਟਗਿਣਤੀਆਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਵੱਲੋਂ ਦਿੱਤੀ ਜਾਂਦੀ ਸਕਾਲਰਸ਼ਿਪ ਨੂੰ ਮੁੜ ਚਾਲੂ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖਿਆ ਹੈ। ਦੱਸਣਯੋਗ ਹੈ ਕਿ ਘੱਟਗਿਣਤੀ ਭਾਈਚਾਰਿਆਂ ਨਾਲ ਸਬੰਧ ਰੱਖਣ ਵਾਲੇ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਵੱਲੋਂ ਮੌਲਾਨਾ ਅਜ਼ਾਦ ਨੈਸ਼ਨਲ ਫੈਲੋਸ਼ਿਪ ਅਤੇ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਤਹਿਤ ਵਜੀਫੇ ਦਿੱਤੇ ਜਾਂਦੇ ਸਨ, ਜਿਸ ਨੂੰ ਪਿਛਲੇ ਸਾਲ ਤੋਂ ਬੰਦ ਕਰ ਦਿੱਤਾ ਗਿਆ ਹੈ।

ਇਸ ’ਤੇ ਸ਼੍ਰੋਮਣੀ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਸਰਕਾਰ ਪਾਸੋਂ ਮੁੜ ਨਜ਼ਰਸਾਨੀ ਮੰਗੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਸੋਂ ਇਸ ਨੂੰ ਲੈ ਕੇ ਦਖ਼ਲ ਦੀ ਮੰਗ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਆਖਿਆ ਹੈ ਕਿ ਦੇਸ਼ ਅੰਦਰ ਲੰਮੇ ਸਮੇਂ ਤੋਂ ਚੱਲ ਰਹੀ ਇਸ ਸਕੀਮ ਦੇ ਬੰਦ ਹੋਣ ਨਾਲ ਵੱਡੀ ਗਿਣਤੀ ਵਿਚ ਵਿਦਿਆਰਥੀ ਪ੍ਰਭਾਵਿਤ ਹੋਣਗੇ।

ਘੱਟਗਿਣਤੀ ਕੌਮਾਂ ਨਾਲ ਸਬੰਧ ਰੱਖਣ ਵਾਲੇ ਵਿਦਿਆਰਥੀਆਂ ਨੂੰ ਖੋਜ ਕਾਰਜਾਂ ਅਤੇ ਪੜ੍ਹਾਈ ਲਈ ਇਸ ਫੈਲੋਸ਼ਿਪ ਤੋਂ ਵਾਂਝਿਆਂ ਕਰਨਾ ਬੇਹੱਦ ਮੰਦਭਾਗਾ ਹੈ। ਦੇਸ਼ ਦੀ ਤਰੱਕੀ ਲਈ ਅਜਿਹੀਆਂ ਯੋਜਨਾਵਾਂ ਬੇਹੱਦ ਕਾਰਗਰ ਸਾਬਤ ਹੁੰਦੀਆਂ ਹਨ, ਪਰੰਤੂ ਸਰਕਾਰ ਵੱਲੋਂ ਜਾਣਬੁਝ ਕੇ ਘੱਟਗਿਣਤੀਆਂ ਨੂੰ ਨਜ਼ਰਅੰਦਾਜ਼ ਕਰਨਾ ਦੇਸ਼ ਹਿੱਤ ਵਿਚ ਨਹੀਂ ਹੈ।

ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦੀ ਕਾਰਜਸ਼ੈਲੀ ਘੱਟਗਿਣਤੀਆਂ ਪ੍ਰਤੀ ਅਜਿਹੀ ਹੀ ਰਹੀ ਤਾਂ ਉਨ੍ਹਾਂ ਅੰਦਰ ਸਰਕਾਰ ਪ੍ਰਤੀ ਉਦਾਸਨੀਤਾ ਅਤੇ ਬੇਵਿਸਵਾਸ਼ੀ ਪੈਦਾ ਹੋਣੀ ਯਕੀਨੀ ਹੈ। ਇਸ ਲਈ ਸਰਕਾਰ ਨੂੰ ਘੱਟਗਿਣਤੀਆਂ ਨਾਲ ਸਬੰਧਤ ਮਸਲਿਆਂ ’ਤੇ ਖੁਲ੍ਹਦਿਲੀ ਨਾਲ ਵਿਚਾਰ ਕਰਨੀ ਚਾਹੀਦੀ ਹੈ, ਤਾਂ ਜੋ ਸਰਕਾਰ ਪ੍ਰਤੀ ਲੋਕਾਂ ਦਾ ਵਿਸ਼ਵਾਸ ਬਣਿਆ ਰਹੇ। ਐਡਵੋਕੇਟ ਧਾਮੀ ਨੇ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਬੰਦ ਹੋਈ ਸਕਾਲਰਸ਼ਿਪ ਨੂੰ ਮੁੜ ਚਾਲੂ ਕਰਵਾਉਣ।

Exit mobile version