ਚੰਡੀਗੜ੍ਹ, 16 ਮਈ 2023: ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ (Banwarilal Purohit) ਇੱਕ ਵਾਰ ਫਿਰ ਪੰਜਾਬ ਦੇ ਸਰਹੱਦੀ ਇਲਾਕਿਆਂ ਦਾ ਦੌਰਾ ਕਰਨਗੇ। ਇਸ ਸਬੰਧੀ ਗਵਰਨਰ ਹਾਊਸ ਤੋਂ ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਅਤੇ ਡੀਜੀਪੀ ਗੌਰਵ ਯਾਦਵ ਨੂੰ ਪੱਤਰ ਲਿਖਿਆ ਗਿਆ ਹੈ। ਰਾਜਪਾਲ ਦਾ ਦੌਰਾ 7-8 ਜੂਨ ਨੂੰ ਹੋਵੇਗਾ।
ਬਨਵਾਰੀਲਾਲ ਪੁਰੋਹਿਤ (Banwarilal Purohit) ਇਸ ਵਾਰ ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ ਅਤੇ ਫਾਜ਼ਿਲਕਾ ਦਾ ਦੌਰਾ ਕਰਨਗੇ। ਰਾਜਪਾਲ ਦੇ ਦੌਰੇ ਦਾ ਕਾਰਨ ਸੁਰੱਖਿਆ ਤਿਆਰੀਆਂ ਅਤੇ ਮਾਈਨਿੰਗ ਗਤੀਵਿਧੀਆਂ ਸਮੇਤ ਹੋਰ ਕਾਰਨਾਂ ਨੂੰ ਵੀ ਮੰਨਿਆ ਜਾ ਰਿਹਾ ਹੈ। ਪੰਜਾਬ ਦੇ ਸੀਐਸ ਵੀ ਰਾਜਪਾਲ ਦੇ ਦੌਰੇ ਦੌਰਾਨ ਉਨ੍ਹਾਂ ਦੇ ਨਾਲ ਹੋ ਸਕਦੇ ਹਨ। ਇਸ ਦੇ ਨਾਲ ਹੀ ਹੋਰ ਅਧਿਕਾਰੀ ਅਤੇ ਡੀਜੀਪੀ ਵੀ ਇਕੱਠੇ ਰਹਿ ਸਕਦੇ ਹਨ।
ਜ਼ਿਕਰਯੋਗ ਹੈ ਕਿ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਕਰੀਬ ਤਿੰਨ ਮਹੀਨੇ ਪਹਿਲਾਂ ਪੰਜਾਬ ਦੇ ਸਰਹੱਦੀ ਇਲਾਕਿਆਂ ਦਾ ਦੌਰਾ ਕੀਤਾ ਸੀ। ਉਸ ਦੌਰਾਨ ਉਨ੍ਹਾਂ ‘ਆਪ’ ਦੀ ਪੰਜਾਬ ਸਰਕਾਰ ‘ਤੇ ਕਈ ਸਵਾਲ ਚੁੱਕੇ ਸਨ। ਰਾਜਪਾਲ ਨੇ ਕਿਹਾ ਸੀ ਕਿ ਹੁਣ ਨਸ਼ੇ ਸਕੂਲਾਂ ਤੱਕ ਵੀ ਪਹੁੰਚ ਗਏ ਹਨ। ਹਾਲਾਤ ਇਹ ਹਨ ਕਿ ਪਿੰਡਾਂ ਦੇ ਜਨਰਲ ਸਟੋਰਾਂ ‘ਤੇ ਮਿਲਦੇ ਸਮਾਨ ਵਾਂਗ ਨਸ਼ੇ ਵੀ ਉਪਲਬਧ ਹਨ। ਉਸ ਨੇ ਕਿਹਾ ਸੀ ਕਿ ਮਾਪੇ ਆਪਣੇ ਬੱਚਿਆਂ ਨੂੰ ਨਸ਼ਿਆਂ ਦੀ ਦਲਦਲ ‘ਚ ਫਸਦੇ ਦੇਖ ਕੇ ਪਰੇਸ਼ਾਨ ਹਨ |