ਚੰਡੀਗੜ 23 ਨਵੰਬਰ 2024: ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਆ ਨੇ ਅੱਜ ਮੁੱਖ ਮੰਤਰੀ ਨਾਇਬ ਸਿੰਘ ਦੀ ਵਿਸ਼ੇਸ਼ ਮੌਜੂਦਗੀ ‘ਚ ਕੁਰੂਕਸ਼ੇਤਰ ‘ਚ 28 ਨਵੰਬਰ ਤੋਂ 15 ਦਸੰਬਰ 2024 ਤੱਕ ਹੋਣ ਵਾਲੇ ਅੰਤਰਰਾਸ਼ਟਰੀ ਗੀਤਾ ਮਹੋਤਸਵ (international Gita Mahotsav) ਦੀਆਂ ਤਿਆਰੀਆਂ ਦੇ ਸਬੰਧ ‘ਚ ਇੱਕ ਸਮੀਖਿਆ ਬੈਠਕ ਦੀ ਕੀਤੀ। ਇਸ ਵਾਰ ਉੜੀਸਾ ਅੰਤਰਰਾਸ਼ਟਰੀ ਗੀਤਾ ਮਹੋਤਸਵ ਲਈ ਸਹਿਭਾਗੀ ਸੂਬਾ ਹੈ, ਜਦੋਂ ਕਿ ਸੰਯੁਕਤ ਗਣਰਾਜ ਤਨਜ਼ਾਨੀਆ ਸਹਿਭਾਗੀ ਦੇਸ਼ ਹੈ।
ਰਾਜਪਾਲ ਦੱਤਾਤ੍ਰੇਯ ਨੇ ਅੰਤਰਰਾਸ਼ਟਰੀ ਗੀਤਾ ਮਹੋਤਸਵ ਨੂੰ ਸਮਾਜਿਕ ਸਮਾਗਮ ਬਣਾਉਣ ਲਈ ਹੋਰ ਉਪਰਾਲੇ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕੌਮਾਂਤਰੀ ਗੀਤਾ ਮਹਾਉਤਸਵ ਨੂੰ ਹੌਲੀ-ਹੌਲੀ ਸਮਾਜਿਕ ਸਮਾਗਮ ਬਣਾਉਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ, ਜਿੱਥੇ ਸੂਬਾ ਸਰਕਾਰ ਨੂੰ ਸਹਿਯੋਗੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਅਤੇ ਮਹਾਉਤਸਵ ਸਬੰਧੀ ਹਰ ਤਰ੍ਹਾਂ ਦਾ ਪ੍ਰਬੰਧ ਸਮਾਜ ਦੇ ਵੱਖ-ਵੱਖ ਹਿੱਸੇਦਾਰਾਂ ਵੱਲੋਂ ਕੀਤਾ ਜਾਣਾ ਚਾਹੀਦਾ ਹੈ।
ਰਾਜਪਾਲ ਨੇ ਕਿਹਾ ਕਿ ਅੰਤਰਰਾਸ਼ਟਰੀ ਗੀਤਾ ਮਹੋਤਸਵ (international Gita Mahotsav) ਵਿੱਚ ਦੇਸ਼ ਭਰ ਦੀਆਂ ਪ੍ਰਮੁੱਖ ਅਧਿਆਤਮਿਕ ਸ਼ਖਸੀਅਤਾਂ ਨੂੰ ਵੀ ਸੱਦਾ ਦਿੱਤਾ ਜਾਣਾ ਚਾਹੀਦਾ ਹੈ। ਇਸ ਮਹਾਨ ਅਧਿਆਤਮਕ ਸਮਾਗਮ ਬਾਰੇ ਵੱਧ ਤੋਂ ਵੱਧ ਜਾਣਕਾਰੀ ਭਾਰਤ ਦੇ ਦੱਖਣੀ ਸੂਬਿਆਂ ‘ਚ ਵੀ ਫੈਲਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉੱਘੀਆਂ ਰੂਹਾਨੀ ਸ਼ਖ਼ਸੀਅਤਾਂ ਨੂੰ ਸੱਦਾ ਦੇ ਕੇ ਅਤੇ ਡਿਜੀਟਲ ਪਲੇਟਫਾਰਮ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਅਸੀਂ ਇਸ ਸਮਾਗਮ ਦੀ ਪਹੁੰਚ ਨੂੰ ਹੋਰ ਵਧਾ ਸਕਦੇ ਹਾਂ।
ਦੱਤਾਤ੍ਰੇਯ ਨੇ ਕਿਹਾ ਕਿ ਕੁਰੂਕਸ਼ੇਤਰ ਵਿਕਾਸ ਬੋਰਡ (ਕੇਡੀਬੀ) ਦੇ ਢਾਂਚਾਗਤ ਦਾਇਰੇ ਨੂੰ ਵਧਾਉਣ ਦੀ ਵੀ ਲੋੜ ਹੈ। ਇਸ ਦੇ ਲਈ ਰਾਸ਼ਟਰੀ ਪੱਧਰ ਦੀਆਂ ਸ਼ਖਸੀਅਤਾਂ ਨੂੰ ਇਸ ਦੇ ਮੈਂਬਰ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ। ਇਸਦੇ ਨਾਲ ਹੀ ਕੁਝ ਔਰਤਾਂ ਨੂੰ ਵੀ ਕੇਡੀਬੀ ਦੀ ਮੈਂਬਰ ਨਿਯੁਕਤ ਕੀਤਾ ਜਾਵੇ, ਤਾਂ ਜੋ ਔਰਤਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਈ ਜਾ ਸਕੇ।
ਬੰਡਾਰੂ ਦੱਤਾਤ੍ਰੇਯ ਨੇ ਕਿਹਾ ਕਿ ਅੰਤਰਰਾਸ਼ਟਰੀ ਗੀਤਾ ਮਹੋਤਸਵ ਵਿੱਚ ਔਰਤਾਂ ਨੂੰ ਸਮਰਪਿਤ ਪ੍ਰੋਗਰਾਮ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਸਮਾਜ ਦੇ ਵਾਂਝੇ ਵਰਗਾਂ ਜਿਵੇਂ ਕਿ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ ਦੇ ਵੱਧ ਤੋਂ ਵੱਧ ਬੱਚਿਆਂ ਨੂੰ ਗੀਤਾ ਦੇ ਪਾਠ ਲਈ ਆਕਰਸ਼ਿਤ ਕਰਨ ਦੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।