Site icon TheUnmute.com

ਹਰਿਆਣਾ ‘ਚ ਆਮ ਆਦਮੀ ਪਾਰਟੀ ਦੇ ਸਮਰਥਨ ਤੋਂ ਬਿਨਾਂ ਸਰਕਾਰ ਨਹੀਂ ਬਣੇਗੀ: ਕੇਜਰੀਵਾਲ

Aam Aadmi Party

ਚੰਡੀਗੜ੍ਹ, 20 ਸਤੰਬਰ 2024: ਅਗਾਮੀ ਹਰਿਆਣਾ ਵਿਧਾਨ ਸਭਾ ਚੋਣਾਂ 2024 ਲਈ ਵੱਖ-ਵੱਖ ਸਿਆਸੀ ਪਾਰਟੀਆਂ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ | ਅੱਜ ਆਮ ਆਦਮੀ ਪਾਰਟੀ (Aam Aadmi Party) ਵੱਲੋਂ ਜਗਾਧਰੀ ‘ਚ ਵਿਸ਼ਾਲ ਰੋਡ ਸ਼ੋਅ ਕੀਤਾ ਜਾ ਰਿਹਾ ਹੈ। ਇਸ ਰੋਡ-ਸ਼ੋਅ ‘ਚ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪਹੁੰਚੇ ਹਨ। ਕੇਜਰੀਵਾਲ ਦੇ ਰੋਡ ਸ਼ੋਅ ‘ਚ ਹਜ਼ਾਰਾਂ ਸਮਰਥਕਾਂ ਨੇ ਸ਼ਮੂਲੀਅਤ ਕੀਤੀ ਹੈ ।

ਅਰਵਿੰਦ ਕੇਜਰੀਵਾਲ ਦੇ ਇਸ ਰੋਡ ਸ਼ੋਅ ਨੂੰ ਲੈ ਕੇ ਵੱਖ-ਵੱਖ ਥਾਵਾਂ ‘ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਦੁਪਹਿਰ ਕਰੀਬ 3.30 ਵਜੇ ਜਗਾਧਰੀ ਪੁੱਜੇ, ਜਿਸ ਤੋਂ ਬਾਅਦ ਉਨ੍ਹਾਂ ਦਾ ਰੋਡ ਸ਼ੋਅ ਸ਼ੁਰੂ ਹੋਇਆ। ਇਸ ਦੌਰਾਨ ਸੜਕਾਂ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਆਮ ਆਦਮੀ ਪਾਰਟੀ (Aam Aadmi Party) ਸੁਪਰੀਮੋ ਨੇ ਆਪਣੀ ਗੱਡੀ ਦੇ ਸਨਰੂਫ ਤੋਂ ਭੀੜ ਦਾ ਸਵਾਗਤ ਕੀਤਾ। ਰੋਡ ਸ਼ੋਅ ਦੌਰਾਨ ਆਮ ਆਦਮੀ ਪਾਰਟੀ ਦੀ ਹਰਿਆਣਾ ਇਕਾਈ ਦੇ ਪ੍ਰਧਾਨ ਸੁਸ਼ੀਲ ਗੁਪਤਾ ਵੀ ਕੇਜਰੀਵਾਲ ਦੇ ਨਾਲ ਸਨ।

ਰੋਡ ਸ਼ੋਅ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਰਿਆਣਾ ਬਦਲਾਅ ਦੀ ਮੰਗ ਕਰ ਰਿਹਾ ਹੈ। ਹਰਿਆਣਾ ‘ਚ ਆਮ ਆਦਮੀ ਪਾਰਟੀ ਦੇ ਸਮਰਥਨ ਤੋਂ ਬਿਨਾਂ ਸਰਕਾਰ ਨਹੀਂ ਬਣੇਗੀ। ਉਨ੍ਹਾਂ ਕਿਹਾ ਕਿ ਮੈਂ ਹਿਸਾਬ ਲਗਾ ਲਿਆ ਹੈ ਕਿ ‘ਆਪ’ ਕਿੰਨੀਆਂ ਸੀਟਾਂ ਜਿੱਤਣ ਜਾ ਰਹੀ ਹੈ ਅਤੇ ਮੈਨੂੰ ਪਤਾ ਹੈ ਕਿ ਆਪ ਸਮਰਥਨ ਤੋਂ ਬਿਨਾਂ ਸਰਕਾਰ ਨਹੀਂ ਬਣੇਗੀ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜਿਵੇਂ ਅਸੀਂ ਦਿੱਲੀ ਦੇ ਅੰਦਰ ਕੰਮ ਕੀਤਾ ਹੈ। ਅਸੀਂ ਹਰਿਆਣਾ ‘ਚ ਕੰਮ ਕਰਕੇ ਇਹੀ ਦਿਖਾਵਾਂਗੇ।

ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਹਰਿਆਣਾ ਦੇ ਸਿੱਖਿਆ ਮੰਤਰੀ ਜਗਾਧਰੀ ਤੋਂ ਚੋਣ ਲੜ ਰਹੇ ਹਨ। ਕੰਵਰਪਾਲ ਗੁਰਜਰ ਨੇ ਸਾਰੀ ਪੜ੍ਹਾਈ ਬਰਬਾਦ ਕਰ ਦਿੱਤੀ। ਉਨ੍ਹਾਂ ਦੋਸ਼ ਲਾਇਆ ਹੈ ਕਿ ਸਾਰੀ ਸਿੱਖਿਆ ਮਾਫੀਆ ਇਸ ਨੂੰ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਦੀ ਪੂਰੀ ਸਿੱਖਿਆ ਪ੍ਰਣਾਲੀ ਨੂੰ ਠੀਕ ਕਰ ਦਿੱਤਾ। ਅਸੀਂ ਹਰਿਆਣਾ ‘ਚ ਵੀ ਅਜਿਹਾ ਕਰਵਾਵਾਂਗੇ। ਜਦੋਂ ਸਿੱਖਿਆ ਮੰਤਰੀ ਦਾ ਇੱਥੇ ਕੋਈ ਕੰਮ ਹੀ ਨਹੀਂ ਹੋਇਆ ਤਾਂ ਤੁਸੀਂ ਵੋਟ ਕਿਉਂ ਪਾਉਂਦੇ ਹੋ?

ਜਗਾਧਰੀ ਤੋਂ ਬਾਅਦ ਕੇਜਰੀਵਾਲ ਸਿਰਸਾ ‘ਚ ਰੋਡ ਸ਼ੋਅ ਕਰਨਗੇ। ਕੇਜਰੀਵਾਲ ਦੀ ਆਮ ਆਦਮੀ ਪਾਰਟੀ ਪਹਿਲੀ ਵਾਰ ਹਰਿਆਣਾ ਦੀਆਂ ਸਾਰੀਆਂ 90 ਸੀਟਾਂ ‘ਤੇ ਚੋਣ ਲੜ ਰਹੀ ਹੈ। 2019 ‘ਚ ‘ਆਪ’ ਨੇ 47 ਸੀਟਾਂ ‘ਤੇ ਚੋਣ ਲੜੀ ਸੀ ਪਰ ਇਕ ਵੀ ਸੀਟ ਨਹੀਂ ਜਿੱਤ ਸਕੀ ਸੀ।

ਹਰਿਆਣਾ ਚੋਣਾਂ ਲਈ ਕੇਜਰੀਵਾਲ ਦਾ ਸ਼ਡਿਊਲ ਵੀ ਕਾਫੀ ਵਿਅਸਤ ਹੈ। ‘ਆਪ’ ਦੇ ਰਾਸ਼ਟਰੀ ਜਨਰਲ ਸਕੱਤਰ (ਸੰਗਠਨ) ਸੰਦੀਪ ਪਾਠਕ ਨੇ ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ ‘ਚ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਉਹ ਆਉਣ ਵਾਲੇ ਦਿਨਾਂ ‘ਚ 11 ਜ਼ਿਲਿਆਂ ‘ਚ 13 ਪ੍ਰੋਗਰਾਮਾਂ ‘ਚ ਹਿੱਸਾ ਲੈਣਗੇ। ਇਨ੍ਹਾਂ ਵਿੱਚ ਡੱਬਵਾਲੀ, ਰਾਣੀਆ, ਭਿਵਾਨੀ, ਮਹਿਮ, ਕਲੈਤ, ਅਸੰਧ ਅਤੇ ਬੱਲਭਗੜ੍ਹ ਹਲਕੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅਗਲੇ ਪ੍ਰਚਾਰ ਪ੍ਰੋਗਰਾਮ ਦਾ ਐਲਾਨ ਬਾਅਦ ‘ਚ ਕੀਤਾ ਜਾਵੇਗਾ।

Exit mobile version