ਚੰਡੀਗੜ੍ਹ, 11 ਨਵੰਬਰ 2024: ਹਰਿਆਣਾ ਦੇ ਪੰਚਾਇਤ, ਵਿਕਾਸ ਅਤੇ ਮਾਈਨਿੰਗ ਮੰਤਰੀ ਕ੍ਰਿਸ਼ਨ ਲਾਲ ਪੰਵਾਰ (Krishna Lal Panwar) ਦਾ ਕਹਿਣਾ ਹੈ ਕਿ ਹਰਿਆਣਾ ਸਰਕਾਰ ਸੂਬੇ ਦੇ 2 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਵੇਗੀ | ਕੈਬਿਨਟ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਪਾਣੀਪਤ ਦੇ ਇਸਰਾਨਾ ਵਿਧਾਨ ਸਭਾ ਹਲਕੇ ਦੇ ਧੰਨਵਾਦੀ ਦੌਰੇ ‘ਤੇ ਸਨ।
ਇਸ ਦੌਰਾਨ ਉਨ੍ਹਾਂ ਨੇ ਪਿੰਡ ਬੁਆਣਾ ਲੱਖੂ, ਕੈਥ, ਕਾਕਕੋਦਾ, ਸ਼ਾਹਪੁਰ, ਚਮਰਾੜਾ ਆਦਿ ਪਿੰਡਾਂ ‘ਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ‘ਚ ਹਰਿਆਣਾ ਸਰਕਾਰ ਵੱਲੋਂ ਦੋ ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਸਰਕਾਰ ਦਾ ਉਦੇਸ਼ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਿੱਖਿਅਤ ਕਰਨਾ ਅਤੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣਾ ਹੈ। ਇਸ ਦੇ ਲਈ ਸਰਕਾਰ ਹਰਿਆਣਾ ਦੇ ਇੱਕ ਹਜ਼ਾਰ ਪਿੰਡਾਂ ‘ਚ ਲਾਇਬ੍ਰੇਰੀ ਦੀ ਸਹੂਲਤ ਮੁਹੱਈਆ ਕਰਵਾਏਗੀ।
ਕ੍ਰਿਸ਼ਨ ਲਾਲ ਪੰਵਾਰ ਦਾ ਕਹਿਣਾ ਹੈ ਕਿ ਸੂਬੇ ਪਿੰਡਾਂ ‘ਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਸਰਕਾਰ ਦੀ ਤਰਜੀਹ ਹੈ। ਨੌਜਵਾਨਾਂ ਲਈ ਪਿੰਡ ‘ਚ ਢਾਈ ਹਜ਼ਾਰ ਦੇ ਕਰੀਬ ਜਿੰਮ ਖੋਲ੍ਹਣ ਦੀਆਂ ਵੀ ਤਿਆਰੀਆਂ ਚੱਲ ਰਹੀਆਂ ਹਨ। ਸਰਕਾਰ ਦਾ ਉਦੇਸ਼ ਹੈ ਕਿ ਨੌਜਵਾਨ ਸਿਹਤਮੰਦ ਰਹਿਣ ਅਤੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰ ਸਕਣ।
ਕ੍ਰਿਸ਼ਨ ਲਾਲ ਪੰਵਾਰ (Krishna Lal Panwar) ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਛੇਤੀ ਹੀ 6500 ਪਿੰਡਾਂ ‘ਚ ਬੀਬੀਆਂ ਲਈ ਸੱਭਿਆਚਾਰਕ ਕੇਂਦਰ ਸ਼ੁਰੂ ਕੀਤੇ ਜਾਣਗੇ। ਇਸ ਤੋਂ ਇਲਾਵਾ ਅਗਲੇ ਸਾਲ ਇੱਕ ਹਜ਼ਾਰ ਸੰਸਕ੍ਰਿਤ ਕੇਂਦਰ ਵੀ ਤਿਆਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਸੂਬੇ ਦੇ ਸਾਰੇ ਪਿੰਡਾਂ ਦੀਆਂ ਗਲੀਆਂ ਪੱਕੀਆਂ ਕੀਤੀਆਂ ਜਾਣਗੀਆਂ ਅਤੇ ਸਟਰੀਟ ਲਾਈਟਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਰਕਾਰ ਸਮਾਜ ਦੇ ਹਰ ਵਰਗ ਨੂੰ ਧਿਆਨ ‘ਚ ਰੱਖ ਕੇ ਵਿਕਾਸ ਯੋਜਨਾਵਾਂ ਤਿਆਰ ਕਰ ਰਹੀ ਹੈ। ਇਸ ਸਰਕਾਰ ਦੇ ਕਾਰਜਕਾਲ ਦੌਰਾਨ ਸਮਾਜ ਦੇ ਹਰ ਵਰਗ ਨੂੰ ਲਾਭ ਹੋਵੇਗਾ। ਕ੍ਰਿਸ਼ਨ ਲਾਲ ਪੰਵਾਰ ਨੇ ਦੱਸਿਆ ਕਿ ਸੂਬੇ ਦੇ 19 ਹਜ਼ਾਰ ਤੋਂ ਵੱਧ ਛੱਪੜਾਂ ਦਾ ਨਵੀਨੀਕਰਨ ਕੀਤਾ ਜਾਵੇਗਾ। ਛੱਪੜਾਂ ਦੇ ਨਾਲ-ਨਾਲ ਬੈਠਣ ਦੇ ਵੀ ਵਧੀਆ ਪ੍ਰਬੰਧ ਕੀਤੇ ਜਾਣਗੇ। ਛੱਪੜ ਦੇ ਆਲੇ-ਦੁਆਲੇ ਫੁੱਲ ਅਤੇ ਪੌਦੇ ਲਗਾਏ ਜਾਣਗੇ।
ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਸਰਕਾਰ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਅਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਵੀ ਕੀਤੀ। ਕਿਸਾਨਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ ਕਿਹਾ ਕਿ ਇਹ ਸਰਕਾਰ ਕਿਸਾਨਾਂ ਦਾ ਵਿਸ਼ੇਸ਼ ਧਿਆਨ ਰੱਖ ਰਹੀ ਹੈ। ਇਸ ਲਈ ਕਿਸਾਨਾਂ ਨੂੰ ਹਰ ਸਾਲ ਕਿਸਾਨ ਸਨਮਾਨ ਨਿਧੀ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਲਗਭਗ 12 ਕਰੋੜ ਕਿਸਾਨਾਂ ਨੂੰ ਹਰ ਸਾਲ 6 ਹਜ਼ਾਰ ਰੁਪਏ ਦੀ ਸਨਮਾਨ ਨਿਧੀ ਰਾਸ਼ੀ ਦਿੱਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਗ੍ਰਾਮ ਪੰਚਾਇਤਾਂ ਵੱਲੋਂ ਪੇਸ਼ ਕੀਤੀਆਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਵੀ ਦਿੱਤਾ।