Site icon TheUnmute.com

ਅੰਮ੍ਰਿਤਸਰ ਹਵਾਈ ਅੱਡੇ ‘ਤੇ ਦੁਬਈ ਤੋਂ ਪਰਤੇ ਨੌਜਵਾਨ ਕੋਲੋਂ 68.67 ਲੱਖ ਰੁਪਏ ਦਾ ਸੋਨਾ ਬਰਾਮਦ

Gold

ਅੰਮ੍ਰਿਤਸਰ, 20 ਸਤੰਬਰ 2023: ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਦੁਬਈ ਤੋਂ ਆਏ ਇਕ ਯਾਤਰੀ ਕੋਲੋਂ 68.67 ਲੱਖ ਰੁਪਏ ਦਾ ਸੋਨਾ (Gold)  ਬਰਾਮਦ ਹੋਇਆ ਹੈ। ਕਸਟਮ ਕਮਿਸ਼ਨਰੇਟ ਦੀ ਏਅਰ ਇੰਟੈਲੀਜੈਂਸ ਯੂਨਿਟ ਨੇ ਬੀਤੇ ਮੰਗਲਵਾਰ ਨੂੰ ਦੁਬਈ ਤੋਂ ਸਪਾਈਸਜੈੱਟ ਦੀ ਉਡਾਣ ’ਤੇ ਆਏ ਇਕ ਯਾਤਰੀ ਤੋਂ 1159 ਗ੍ਰਾਮ ਤਸਕਰੀ ਕੀਤਾ ਗਿਆ ਸੋਨਾ ਜ਼ਬਤ ਕੀਤਾ। ਕਸਟਮ ਵਿਭਾਗ ਦੇ ਬੁਲਾਰੇ ਅਨੁਸਾਰ ਸਪਾਈਸਜੈੱਟ ਦੀ ਉਡਾਣ ਨੰਬਰ ਐੱਸਜੀ 56 ਦੁਬਈ ਤੋਂ ਉਡਾਣ ਭਰਨ ਤੋਂ ਬਾਅਦ ਮੰਗਲਵਾਰ ਨੂੰ ਐੱਸਜੀਆਰਡੀ ਹਵਾਈ ਅੱਡੇ ’ਤੇ ਉਤਰੀ।

ਇਸ ਦੌਰਾਨ ਅਧਿਕਾਰੀਆਂ ਨੇ ਇਕ ਯਾਤਰੀ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਉਸ ਦੇ ਸਾਮਾਨ ਦੀ ਜਾਂਚ ਕੀਤੀ, ਪਰ ਏਅਰ ਇੰਟੈਲੀਜੈਂਸ ਯੂਨਿਟ ਨੂੰ ਕੁਝ ਨਹੀਂ ਮਿਲਿਆ। ਇਸ ਤੋਂ ਬਾਅਦ ਜਦੋਂ ਅਧਿਕਾਰੀਆਂ ਨੇ ਇਸ ਯਾਤਰੀ ਦੀ ਪੱਗ ਦੀ ਜਾਂਚ ਕੀਤੀ ਤਾਂ ਉਸ ਦੇ ਅੰਦਰ ਲੁਕੋਏ ਦੋ ਪੈਕਟ ਬਰਾਮਦ ਹੋਏ। ਇਕ ਪੈਕੇਟ 813 ਗ੍ਰਾਮ ਦਾ ਅਤੇ ਦੂਜਾ ਪੈਕੇਟ 819 ਗ੍ਰਾਮ ਦਾ ਸੀ। ਉਨ੍ਹਾਂ ਨੂੰ ਖੋਲ੍ਹਣ ’ਤੇ ਪਤਾ ਲੱਗਾ ਕਿ ਉਕਤ ਯਾਤਰੀ ਦੁਬਈ ਤੋਂ ਤਰਲ ਰੂਪ ’ਚ ਸੋਨਾ (Gold) ਆਪਣੀ ਪੱਗ ’ਚ ਲੁਕਾ ਕੇ ਗ਼ੈਰ-ਕਾਨੂੰਨੀ ਢੰਗ ਨਾਲ ਲਿਆਇਆ ਸੀ |

ਦੋਵਾਂ ਪੈਕਟਾਂ ਦੀ ਜਾਂਚ ਕਰਨ ’ਤੇ ਇਕ ਪੈਕਟ ’ਚ 578 ਗ੍ਰਾਮ ਅਤੇ ਦੂਜੇ ਪੈਕਟ ’ਚ 581 ਗ੍ਰਾਮ ਸੋਨਾ ਬਰਾਮਦ ਹੋਇਆ, ਜਿਸ ’ਚ ਕੁੱਲ 1159 ਗ੍ਰਾਮ ਸੋਨਾ ਹੈ। ਗ਼ੈਰ-ਕਾਨੂੰਨੀ ਤਰੀਕੇ ਨਾਲ ਭਾਰਤ ਲਿਆਂਦੇ ਗਏ ਸੋਨੇ ਦੀ ਬਾਜ਼ਾਰੀ ਕੀਮਤ 68 ਲੱਖ, 67 ਹਜ਼ਾਰ, 654 ਰੁਪਏ ਹੈ। ਬੁਲਾਰੇ ਨੇ ਦੱਸਿਆ ਕਿ ਇਸ ਯਾਤਰੀ ਕੋਲੋਂ ਬਰਾਮਦ ਹੋਇਆ ਸੋਨਾ ਆਪਣੇ ਕਬਜ਼ੇ ਵਿਚ ਲੈ ਕੇ ਦੁਬਈ ਤੋਂ ਭਾਰਤ ਆਏ ਯਾਤਰੀ ਖ਼ਿਲਾਫ਼ ਕਸਟਮ ਐਕਟ 1962 ਦੀ ਧਾਰਾ 110 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।

Exit mobile version