ਚੰਡੀਗੜ੍ਹ 09 ਅਗਸਤ 2022: ਲੰਪੀ ਸਕਿਨ (Lumpy skin) ਦੀ ਬਿਮਾਰੀ ਪੰਜਾਬ ਦੇ ਪਿੰਡਾਂ ‘ਤੇ ਸ਼ਹਿਰਾਂ ਦੇ ਪਸ਼ੂਆਂ ‘ਚ ਤੇਜ਼ੀ ਨਾਲ ਫੈਲ ਰਹੀ ਹੈ ਜਿਸਦੇ ਚੱਲਦੇ ਪਸ਼ੂ ਪਾਲਕਾਂ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪੰਜਾਬ ਦੇ ਪਸ਼ੂ ਵੱਡੀ ਗਿਣਤੀ ‘ਚ ਇਸ ਬਿਮਾਰੀ ਨਾਲ ਪੀੜਤ ਹੋ ਰਹੇ ਹਨ। ਇਸ ਦੌਰਾਨ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ (Laljit Singh Bhullar) ਨੇ ਕਿਹਾ ਹੈ ਕਿ ਹੁਣ ਤੱਕ ਪੰਜਾਬ ਦੇ 50 ਹਜ਼ਾਰ ਤੋਂ ਵੱਧ ਪਸ਼ੂਆਂ ਨੂੰ ਗੋਟ ਪੌਕਸ ਦੀ ਦਵਾਈ ਲਗਾਈ ਜਾ ਚੁੱਕੀ ਹੈ।
ਲਾਲਜੀਤ ਸਿੰਘ ਭੁੱਲਰ (Laljit Singh Bhullar) ਕਿਹਾ ਕਿ ਲੰਪੀ ਸਕਿਨ ਬੀਮਾਰੀ ਦੇ ਖ਼ਾਤਮੇ ਲਈ ਗੋਟ ਪੌਕਸ ਦਵਾਈ ਦੀਆਂ 2.33 ਲੱਖ ਡੌਜ਼ ਲਿਆਂਦੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅਹਿਮਦਾਬਾਦ ਤੋਂ 1.67 ਲੱਖ ਡੋਜ਼ ਦੀ ਦੂਜੀ ਖੇਪ ਪਹੁੰਚੀ ਹੈ, ਜਿਸ ਨੂੰ ਲੰਪੀ ਸਕਿਨ ਨਾਲ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਵੰਡੀ ਗਈ ਹੈ | ਮੰਤਰੀ ਨੇ ਵੈਟਰਨਰੀ ਡਾਕਟਰਾਂ ਅਤੇ ਪਸ਼ੂ ਮਾਹਰਾਂ ਨਾਲ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਜਿੰਦਾਂਵਾਲਾ, ਨਬੀਪੁਰ ਅਤੇ ਨੌਸ਼ਹਿਰਾ ਪੰਨੂਆਂ ਦਾ ਵੀ ਦੌਰਾ ਕੀਤਾ।
ਇਸ ਬਿਮਾਰੀ ਨੂੰ ਲੈ ਕੇ ਵੈਟਰਨਰੀ ਅਫ਼ਸਰਾਂ ਤੇ ਇੰਸਪੈਕਟਰਾਂ ਦੀਆਂ 673 ਟੀਮਾਂ ਟੀਕਾਕਰਨ ਤੇ ਜਾਗਰੂਕਤਾ ਮੁਹਿੰਮ ਵਿੱਚ ਲੱਗੀਆਂ ਹੋਈਆਂ ਹਨ। ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਲੰਪੀ ਸਕਿਨ ਬੀਮਾਰੀ ਤੋਂ ਪਸ਼ੂਆਂ ਨੂੰ ਬਚਾਉਣ ਲਈ ਮੁੱਖ ਭਗਵੰਤ ਸਿੰਘ ਮਾਨ ਦੀ ਸਰਕਾਰ ਨਿਰੰਤਰ ਜੀਅ-ਤੋੜ ਯਤਨ ਕਰ ਰਹੀ ਹੈ। ਇਸਦੇ ਲਾਲਜੀਤ ਸਿੰਘ ਭੁੱਲਰ ਨੇ ਉਚ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਦਵਾਈ ਹਰ ਹੀਲੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਅਤੇ ਬੀਮਾਰੀ ਪ੍ਰਭਾਵਿਤ ਖੇਤਰਾਂ ਵਿੱਚ ਪੁੱਜਦੀ ਕੀਤੀ ਜਾਵੇ |