ਚੰਡੀਗੜ੍ਹ 17 ਨਵੰਬਰ 2022: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੀ-20 ਅਤੇ ਵਨਡੇ ਸੀਰੀਜ਼ ‘ਚ ਭਾਰਤ ਦੇ ਕਈ ਅਹਿਮ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ। ਖਿਡਾਰੀਆਂ ਦੇ ਨਾਲ ਹੀ ਮੁੱਖ ਕੋਚ ਰਾਹੁਲ ਦ੍ਰਾਵਿੜ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਵੀ ਆਰਾਮ ਦਿੱਤਾ ਗਿਆ ਹੈ। ਇਸ ਭਾਰਤੀ ਟੀਮ ਦੇ ਸਾਬਕਾ ਕੋਚ ਰਵੀ ਸ਼ਾਸਤਰੀ (Ravi Shastri) ਨੇ ਆਪਣੀ ਨਾਰਾਜ਼ਗੀ ਜਤਾਈ ਹੈ।
ਰਵੀ ਸ਼ਾਸਤਰੀ ਨੇ ਟੀਮ ਇੰਡੀਆ ਦੇ ਕੋਚਿੰਗ ਸਟਾਫ ਨੂੰ ਲਗਾਤਾਰ ਬ੍ਰੇਕ ਦੇਣ ਦੇ ਫੈਸਲੇ ‘ਤੇ ਸਵਾਲ ਚੁੱਕੇ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦ੍ਰਾਵਿੜ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਆਰਾਮ ਦਿੱਤਾ ਗਿਆ ਹੈ। ਇਸ ਸਾਲ ਦੇ ਸ਼ੁਰੂ ਵਿੱਚ ਲਕਸ਼ਮਣ ਭਾਰਤ ਦੇ ਜ਼ਿੰਬਾਬਵੇ ਅਤੇ ਆਇਰਲੈਂਡ ਦੇ ਦੌਰੇ ਦੌਰਾਨ ਭਾਰਤ ਦੇ ਕੋਚ ਸਨ। ਰਾਹੁਲ ਦ੍ਰਾਵਿੜ ਭਾਰਤ ਦੇ ਆਇਰਲੈਂਡ ਦੌਰੇ ਦੌਰਾਨ ਮੁੱਖ ਟੀਮ ਦੇ ਨਾਲ ਇੰਗਲੈਂਡ ਵਿੱਚ ਸੀ, ਪਰ ਅਗਸਤ ਵਿੱਚ ਭਾਰਤ ਦੇ ਜ਼ਿੰਬਾਬਵੇ ਦੌਰੇ ਅਤੇ ਦੱਖਣੀ ਅਫਰੀਕਾ ਵਿਰੁੱਧ ਘਰੇਲੂ ਲੜੀ ਲਈ ਗੈਰ-ਹਾਜ਼ਰ ਰਿਹਾ ਸੀ।
ਜਿਕਰਯੋਗ ਹੈ ਕਿ ਰਵੀ ਸ਼ਾਸਤਰੀ (Ravi Shastri) ਭਾਰਤੀ ਟੀਮ ਦੇ ਕੋਚ ਵਜੋਂ ਲਗਾਤਾਰ ਸਰਗਰਮ ਰਹੇ ਹਨ । ਭਾਰਤ ਦੀ ਮੁੱਖ ਟੀਮ ਹੋਵੇ ਜਾਂ ਬੀ ਟੀਮ, ਉਹ ਆਪਣੇ ਖਿਡਾਰੀਆਂ ਨਾਲ ਰਹਿੰਦੇ ਸੀ । ਅਜਿਹੇ ‘ਚ ਉਨ੍ਹਾਂ ਨੇ ਦ੍ਰਾਵਿੜ ਨੂੰ ਬ੍ਰੇਕ ਲੈਣ ‘ਤੇ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਚ ਵਾਰ-ਵਾਰ ਬ੍ਰੇਕ ਲੈਂਦਾ ਹੈ ਤਾਂ ਖਿਡਾਰੀਆਂ ਨਾਲ ਉਨ੍ਹਾਂ ਦਾ ਰਿਸ਼ਤਾ ਅਤੇ ਤਾਲਮੇਲ ਵਿਗੜ ਸਕਦਾ ਹੈ।
ਰਵੀ ਸ਼ਾਸਤਰੀ ਨੇ ਇਸ ਕਾਰਨ ਭਾਰਤੀ ਟੀਮ ਦੇ ਕੋਚ ਦਾ ਅਹੁਦਾ ਛੱਡ ਦਿੱਤਾ ਸੀ। ਉਸ ਨੇ ਕਿਹਾ ਕਿ ਕੋਚ ਦੇ ਤੌਰ ‘ਤੇ ਉਸ ਨੂੰ ਲਗਾਤਾਰ ਭਾਰਤੀ ਟੀਮ ਨਾਲ ਰਹਿਣਾ ਪੈਂਦਾ ਹੈ ਅਤੇ ਸੱਤ ਸਾਲ ਅਜਿਹਾ ਕਰਨ ਤੋਂ ਬਾਅਦ ਉਹ ਆਪਣੀ ਜ਼ਿੰਦਗੀ ‘ਚ ਬਦਲਾਅ ਚਾਹੁੰਦੇ ਸਨ। ਹਾਲਾਂਕਿ ਖਿਡਾਰੀਆਂ ਨੂੰ ਤਾਜ਼ਾ ਰੱਖਣ ਲਈ ਆਰਾਮ ਦਿੱਤਾ ਜਾਂਦਾ ਹੈ ਪਰ ਸ਼ਾਸਤਰੀ ਦਾ ਮੰਨਣਾ ਹੈ ਕਿ ਕੋਚ ਲਈ ਇਹ ਤਰੀਕਾ ਸਫਲ ਨਹੀਂ ਹੋਵੇਗਾ।
ਵੈਲਿੰਗਟਨ ‘ਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੀ-20 ਸੀਰੀਜ਼ ਤੋਂ ਪਹਿਲਾਂ ਸ਼ਾਸਤਰੀ ਨੇ ਕਿਹਾ, ”ਮੈਂ ਬ੍ਰੇਕ ਲੈਣ ‘ਚ ਵਿਸ਼ਵਾਸ ਨਹੀਂ ਕਰਦਾ। ਕਿਉਂਕਿ ਮੈਂ ਆਪਣੀ ਟੀਮ ਨੂੰ ਸਮਝਣਾ ਚਾਹੁੰਦਾ ਹਾਂ, ਮੈਂ ਆਪਣੇ ਖਿਡਾਰੀਆਂ ਨੂੰ ਸਮਝਣਾ ਚਾਹੁੰਦਾ ਹਾਂ ਅਤੇ ਫਿਰ ਮੈਂ ਆਪਣੀ ਟੀਮ ਨੂੰ ਕੰਟਰੋਲ ਕਰਨਾ ਚਾਹੁੰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਇੰਨੇ ਬਰੇਕਾਂ ਦੀ ਲੋੜ ਕਿਉਂ ਹੈ? ਤੁਹਾਨੂੰ ਆਈਪੀਐਲ ਦੌਰਾਨ ਦੋ ਤੋਂ ਤਿੰਨ ਮਹੀਨੇ ਮਿਲਦੇ ਹਨ, ਕੋਚ ਦੇ ਤੌਰ ‘ਤੇ ਆਰਾਮ ਕਰਨ ਲਈ ਕਾਫ਼ੀ ਹੈ। ਪਰ ਬਾਕੀ ਸਮਾਂ ਮੈਨੂੰ ਲੱਗਦਾ ਹੈ ਕਿ ਕੋਚ ਨੂੰ ਹਮੇਸ਼ਾ ਟੀਮ ਦੇ ਨਾਲ ਹੋਣਾ ਚਾਹੀਦਾ ਹੈ, ਭਾਵੇਂ ਕੋਈ ਵੀ ਹੋਵੇ।”