July 7, 2024 10:57 am
Anurag Thakur

ਮੋਦੀ ਸਰਕਾਰ ਦਾ ਤੋਹਫਾ, ਹਿਮਾਚਲ ਤੋਂ ਹਰਿਦੁਆਰ ਦੇ ਲਈ ਹੁਣ ਸਿੱਧੀ ਟ੍ਰੇਨ ਸੁਵਿਧਾ: ਅਨੁਰਾਗ ਠਾਕੁਰ

ਨਵੀਂ ਦਿੱਲੀ/ਹਿਮਾਚਲ ਪ੍ਰਦੇਸ਼ 23 ਫਰਵਰੀ 2024: ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਯੁਵਾ ਤੇ ਖੇਡ ਮਾਮਲਿਆਂ ਬਾਰੇ ਮੰਤਰੀ ਅਨੁਰਾਗ ਸਿੰਘ ਠਾਕੁਰ (Anurag Thakur) ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਊਨਾ ਹਿਮਾਚਲ ਤੋਂ ਸਹਾਰਨਪੁਰ ਤੱਕ ਚੱਲਣ ਵਾਲੀ ਟ੍ਰੇਨ ਹੁਣ ਹਰਿਦੁਆਰ ਤੱਕ ਚੱਲੇਗੀ।

ਅਨੁਰਾਗ ਠਾਕੁਰ ਨੇ ਉਪਰੋਕਤ ਫੈਸਲੇ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਾਲ ਇਲਾਕੇ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ ਅਤੇ ਤੀਰਥ ਯਾਤਰਾ ਨੂੰ ਹੁਲਾਰਾ ਮਿਲੇਗਾ।

ਅਨੁਰਾਗ ਠਾਕੁਰ ਨੇ ਕਿਹਾ, “ਕੇਂਦਰ ਵਿੱਚ ਹਮੀਰਪੁਰ ਸੰਸਦੀ ਹਲਕੇ ਅਤੇ ਹਿਮਾਚਲ ਦਾ ਪ੍ਰਤੀਨਿਧੀ ਹੋਣ ਦੇ ਨਾਤੇ, ਮੈਂ ਹਮੇਸ਼ਾ ਇਸ ਸਥਾਨ ਦੇ ਵਿਕਾਸ ਲਈ ਕੰਮ ਕਰ ਰਿਹਾ ਹਾਂ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਿਹਤਰ ਕਨੈਕਟੀਵਿਟੀ ਸੁਵਿਧਾਵਾਂ ਪ੍ਰਦਾਨ ਕਰਨਾ ਮੇਰੀ ਪ੍ਰਾਥਮਿਕਤਾ ਹੈ।

ਹਰਿਦੁਆਰ ਇੱਕ ਪ੍ਰਮੁੱਖ ਧਾਰਮਿਕ ਅਸਥਾਨ ਹੈ ਅਤੇ ਹਿਮਾਚਲ ਤੋਂ ਵੱਡੀ ਗਿਣਤੀ ਵਿੱਚ ਲੋਕ ਤੀਰਥ ਯਾਤਰਾ ਲਈ ਹਰਿਦੁਆਰ ਜਾਂਦੇ ਹਨ। ਮੈਂ ਖੁਦ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਮਿਲਿਆ ਸੀ ਅਤੇ ਅਜਿਹੀ ਸੁਵਿਧਾ ਲਈ ਬੇਨਤੀ ਕੀਤੀ ਸੀ ਕਿ ਹਿਮਾਚਲ ਤੋਂ ਯਾਤਰੀ ਰੇਲ ਰਾਹੀਂ ਸਿੱਧੇ ਹਰਿਦੁਆਰ ਜਾ ਸਕਣ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਰੇਲ ਮੰਤਰੀ ਨੇ ਊਨਾ ਹਿਮਾਚਲ-ਸਹਾਰਨਪੁਰ ਐੱਮਈਐੱਮਯੂ (MEMU) ਦੇ ਵਿਸਤਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਊਨਾ ਤੋਂ ਸਹਾਰਨਪੁਰ ਤੱਕ ਚਲਦੀ ਸੀ। ਇਹ ਟਰੇਨ ਹੁਣ ਊਨਾ ਤੋਂ ਹਰਿਦੁਆਰ ਤੱਕ ਚੱਲੇਗੀ, ਜਿਸ ਨਾਲ ਯਾਤਰੀਆਂ ਨੂੰ ਆਵਾਜਾਈ ਦੀ ਵੱਡੀ ਸੁਵਿਧਾ ਮਿਲੇਗੀ। ਮੈਂ ਇਸ ਲਈ ਸਤਿਕਾਰਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕਰਦਾ ਹਾਂ।”

ਅਨੁਰਾਗ ਠਾਕੁਰ (Anurag Thakur) ਨੇ ਕਿਹਾ, “ਵਿਕਾਸ ਸਾਡੀ ਪ੍ਰਾਥਮਿਕਤਾ ਹੈ ਅਤੇ ਮੋਦੀ ਸਰਕਾਰ ਨੇ ਊਨਾ ਨੂੰ ਤੋਹਫੇ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਸਤਿਕਾਰਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਹਿਮਾਚਲ ਨੂੰ ਦੇਸ਼ ਦੀ ਚੌਥੀ ਵੰਦੇ ਭਾਰਤ ਟ੍ਰੇਨ ਤੋਹਫੇ ਵਿੱਚ ਦਿੱਤੀ, ਜਿਸ ਦੇ ਉਦਘਾਟਨ ਲਈ ਮੋਦੀ ਜੀ ਖੁਦ ਊਨਾ ਆਏ ਸਨ। ਭਾਰਤ ਦੀ ਸਭ ਤੋਂ ਆਧੁਨਿਕ ਟਰੇਨ ਹੁਣ ਭਾਜਪਾ ਦੀ ਬਦੌਲਤ ਹੀ ਹਿਮਾਚਲ ਵਿੱਚ ਚੱਲ ਰਹੀ ਹੈ। ਹਿਮਾਚਲ ਪ੍ਰਦੇਸ਼ ਵਿੱਚ ਰੇਲ ਸੇਵਾਵਾਂ ਦਾ ਵਿਸਤਾਰ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕਿ ਹਿਮਾਚਲ ਨੂੰ ਕਨੈਕਟੀਵਿਟੀ ਨਾਲ ਸਬੰਧਿਤ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ, ਮੋਦੀ ਸਰਕਾਰ ਨਵੀਆਂ ਟ੍ਰੇਨਾਂ ਚਲਾਉਣ ਤੋਂ ਲੈ ਕੇ ਜ਼ਰੂਰੀ ਬੁਨਿਆਦੀ ਢਾਂਚੇ ਦੇ ਵਿਕਾਸ ਆਦਿ ਤੱਕ ਹਰ ਚੀਜ਼ ‘ਤੇ ਗੰਭੀਰਤਾ ਨਾਲ ਕੰਮ ਕਰ ਰਹੀ ਹੈ।

ਵਿੱਤੀ ਸਾਲ 2023-24 ਲਈ ਹਿਮਾਚਲ ਪ੍ਰਦੇਸ਼ ਵਿੱਚ ਰੇਲਵੇ ਦੇ ਵਿਸਤਾਰ ਲਈ 1838 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਸਾਲ 2023-24 ਦੇ ਬਜਟ ਵਿੱਚ ਰਣਨੀਤਕ ਤੌਰ ‘ਤੇ ਮਹੱਤਵਪੂਰਨ ਭਾਨੂਪੱਲੀ-ਬਿਲਾਸਪੁਰ-ਬੇਰੀ ਰੇਲਵੇ ਲਾਈਨ ਲਈ 1000 ਕਰੋੜ ਰੁਪਏ, ਚੰਡੀਗੜ੍ਹ-ਬੱਦੀ ਰੇਲਵੇ ਲਾਈਨ ਲਈ 450 ਕਰੋੜ ਰੁਪਏ ਅਤੇ ਨੰਗਲ-ਤਲਵਾੜਾ ਰੇਲਵੇ ਲਾਈਨ ਲਈ 452 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਰੇਲਵੇ ਦੇ ਵਿਸਤਾਰ ਲਈ 1838 ਕਰੋੜ ਰੁਪਏ ਦੀ ਇਹ ਮਨਜ਼ੂਰੀ ਯੂਪੀਏ ਸਰਕਾਰ ਦੇ ਸਾਲ 2009-2014 ਦੇ ਮੁਕਾਬਲੇ 17 ਗੁਣਾ ਜ਼ਿਆਦਾ ਹੈ। ਇਸ ਸਮੇਂ ਰਾਜ ਵਿੱਚ 19556 ਕਰੋੜ ਰੁਪਏ ਦੀ ਲਾਗਤ ਵਾਲੇ 258 ਕਿਲੋਮੀਟਰ ਲੰਬੇ 4 ਪ੍ਰੋਜੈਕਟਾਂ ‘ਤੇ ਕੰਮ ਚੱਲ ਰਿਹਾ ਹੈ।

ਅਨੁਰਾਗ ਠਾਕੁਰ ਨੇ ਕਿਹਾ, “ਮੇਰੇ ਸੰਸਦੀ ਹਲਕੇ ਦੇ ਊਨਾ ਜ਼ਿਲ੍ਹੇ ਦੀ ਗਗਰੇਟ ਵਿਧਾਨ ਸਭਾ ਦੀ ਪਿਛਲੇ ਕਈ ਸਾਲਾਂ ਤੋਂ ਮੰਗ ਸੀ ਕਿ ਇੱਥੇ ਲੋਹਾਰਲੀ ਖੱਡ ‘ਤੇ 500 ਮੀਟਰ ਲੰਬੀ ਡਬਲ ਲੇਨ ਨੂੰ ਮਨਜ਼ੂਰੀ ਦਿੱਤੀ ਜਾਵੇ, ਦੌਲਤਪੁਰ ਚੌਕ ਰੇਲਵੇ ਸਟੇਸ਼ਨ ਦਾ ਉਦਘਾਟਨ ਕੀਤਾ ਜਾਵੇ, ਅੰਬ ਤੱਕ ਰੇਲਵੇ ਲਾਈਨ ਦਾ ਬਿਜਲੀਕਰਨ ਕੀਤਾ ਜਾਵੇ।

ਰੇਲਵੇ ਸਟੇਸ਼ਨ ਅਤੇ ਫੁੱਟਓਵਰ ਬ੍ਰਿਜ ਦਾ ਵਿਸਤਾਰ, ਊਨਾ ਰੇਲਵੇ ਸਟੇਸ਼ਨ ‘ਤੇ ਦੂਸਰੇ ਪਲੇਟਫਾਰਮ ਅਤੇ ਫੁੱਟਓਵਰ ਬ੍ਰਿਜ ਦੀ ਮਨਜ਼ੂਰੀ, ਪੁਰਾਣੇ ਦਾ ਵਿਸਤਾਰ, ਨਵੀਆਂ ਟ੍ਰੇਨਾਂ ਨੂੰ ਮਨਜ਼ੂਰੀ ਅਤੇ ਚੁਰਾਰੂ ਤਕਰਾਲਾ ਅੰਬਾਲਾ ਛਾਉਣੀ-ਦੌਲਤਪੁਰ ਚੌਕ ਪੈਸੇਂਜਰ ਸਪੈਸ਼ਲ ਟਰੇਨ ਅਤੇ ਰਾਏਮੇਹਤਪੁਰ ਸਹਾਰਨਪੁਰ-ਊਨਾ ਹਿਮਾਚਲ ਪੈਸੇਂਜਰ ਐਕਸਪ੍ਰੈਸ ਟਰੇਨ ਸਮੇਤ ਪ੍ਰਮੁੱਖ ਟਰੇਨਾਂ ਦਾ ਸਟਾਪੇਜ ਪੂਰੇ ਹਿਮਾਚਲ ਲਈ ਮੋਦੀ ਸਰਕਾਰ ਦਾ ਵੱਡਾ ਤੋਹਫਾ ਹੈ।

ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਜੀ ਨੇ ਤਤਕਾਲੀ ਮੁੱਖ ਮੰਤਰੀ ਪ੍ਰੋ. ਪ੍ਰੇਮ ਕੁਮਾਰ ਧੂਮਲ ਦੇ ਕਹਿਣ ‘ਤੇ ਹਿਮਾਚਲ ਲਈ ਉਦਯੋਗਿਕ ਪੈਕੇਜ ਦਾ ਐਲਾਨ ਕੀਤਾ ਸੀ, ਜਿਸ ਦਾ ਵਿਸ਼ੇਸ਼ ਲਾਭ ਊਨਾ ਜ਼ਿਲ੍ਹੇ ਵਿੱਚ ਉਦਯੋਗਾਂ ਦੀ ਉਸਾਰੀ ਨਾਲ ਹੋਇਆ। ਊਨਾ ਜ਼ਿਲ੍ਹਾ ਹਿਮਾਚਲ ਦਾ ਇੱਕੋ ਇੱਕ ਜ਼ਿਲ੍ਹਾ ਹੈ ਜੋ ਬ੍ਰੌਡਗੇਜ ਰੇਲਵੇ ਲਾਈਨ ਨਾਲ ਜੁੜਿਆ ਹੋਇਆ ਹੈ। ਸਾਲ 1990 ਵਿੱਚ ਪਹਿਲੀ ਵਾਰ ਟਰੇਨ ਊਨਾ ਪਹੁੰਚੀ ਸੀ।

ਅੱਗੇ ਬੋਲਦੇ ਹੋਏ, ਅਨੁਰਾਗ ਠਾਕੁਰ ਨੇ ਕਿਹਾ, “2014 ਤੋਂ ਮਾਰਚ 2019 ਤੱਕ ਅੰਬ-ਅੰਦੌਰਾ, ਚਿੰਤਪੁਰਨੀ ਰੋਡ ਅਤੇ ਦੌਲਤਪੁਰ ਚੌਕ ਰੇਲਵੇ ਸਟੇਸ਼ਨ ਦਾ ਕੰਮ ਮੋਦੀ ਸਰਕਾਰ ਦੇ ਸਮੇਂ ਵਿੱਚ ਪੂਰਾ ਹੋਇਆ। ਅੱਜ, ਊਨਾ ਅਤੇ ਅੰਬ ਅੰਦੌਰਾ ਰੇਲਵੇ ਸਟੇਸ਼ਨਾਂ ਤੋਂ ਕੁੱਲ 13 ਟਰੇਨਾਂ ਇਸ ਜ਼ਿਲ੍ਹੇ ਨੂੰ ਦੇਸ਼ ਦੇ ਵੱਖੋ-ਵੱਖ ਹਿੱਸਿਆਂ ਨਾਲ ਜੋੜਦੀਆਂ ਹਨ। ਸਾਬਰਮਤੀ ਰੇਲਵੇ ਸਟੇਸ਼ਨ ਲਈ ਵੀ ਊਨਾ ਤੋਂ ਰੋਜ਼ਾਨਾ ਟ੍ਰੇਨ ਚੱਲਦੀ ਹੈ।

ਊਨਾ ਹਮੀਰਪੁਰ ਰੇਲ ਲਾਈਨ ਦੀ ਘੋਸ਼ਣਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਸਾਲ 2019 ਵਿੱਚ ਧਰਮਸ਼ਾਲਾ ਵਿੱਚ ਆਯੋਜਿਤ ਨਿਵੇਸ਼ਕ ਬੈਠਕ ਵਿੱਚ ਦੁਹਰਾਈ ਗਈ ਸੀ। ਹਾਲਾਂਕਿ ਇਸ ਤੋਂ ਪਹਿਲਾਂ 2014 ਤੋਂ 2019 ਤੱਕ ਲੋਕ ਸਭਾ ‘ਚ ਪੇਸ਼ ਕੀਤੇ ਗਏ ਰੇਲਵੇ ਬਜਟ ‘ਚ ਤਿੰਨ ਵਾਰ ਇਸ ਰੇਲਵੇ ਲਾਈਨ ਨੂੰ ਆਰਥਿਕ-ਸਮਾਜਿਕ ਨਜ਼ਰੀਏ ਤੋਂ ਅਹਿਮ ਮੰਨਿਆ ਗਿਆ ਸੀ ਅਤੇ ਇਸ ਦੇ ਨਿਰਮਾਣ ‘ਚ ਅਗਲੇਰੀ ਕਾਰਵਾਈ ਲਈ ਗੱਲ ਦੁਹਰਾਈ ਗਈ ਸੀ ਪਰ ਇਸ ਐਲਾਨ ਨੂੰ ਉਸ ਸਮੇਂ ਬਲ ਮਿਲਿਆ ਜਦੋਂ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਮੋਦੀ ਨੇ ਹਿਮਾਚਲ ਪ੍ਰਦੇਸ਼ ਨੂੰ ਆਪਣਾ ਦੂਸਰਾ ਘਰ ਮੰਨਦੇ ਹੋਏ ਇਸ ਰੇਲਵੇ ਲਾਈਨ ਦੀ ਮਹੱਤਤਾ ਨੂੰ ਦੇਖਦੇ ਹੋਏ, ਖੁਦ ਘੋਸ਼ਣਾ ਕੀਤੀ ਅਤੇ ਰਾਜ ਦੀ ਅਰਥਵਿਵਸਥਾ ਨੂੰ ਹੁਲਾਰਾ ਦੇਣ ਲਈ ਰੇਲਵੇ ਮੰਤਰਾਲੇ ਨੂੰ ਨਿਰਮਾਣ ਤੋਂ ਪਹਿਲਾਂ ਦੀਆਂ ਰਸਮਾਂ ਪੂਰੀਆਂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਇਹ ਰੇਲਵੇ ਲਾਈਨ ਮਾਂ ਜਵਾਲਾਮੁਖੀ, ਮਾਂ ਚਿੰਤਪੁਰਨੀ, ਮਾਂ ਬ੍ਰਜੇਸ਼ਵਰੀ, ਮਾਂ ਚਾਮੁੰਡਾ ਆਦਿ ਨੂੰ ਜੋੜ ਕੇ ਰਾਜ ਦੇ ਧਾਰਮਿਕ ਟੂਰਿਜ਼ਮ ਨੂੰ ਹੁਲਾਰਾ ਦੇ ਕੇ ਰਾਜ ਦੇ ਮਾਲੀਏ ਵਿੱਚ ਵਾਧਾ ਕਰੇਗੀ, ਜਦੋਂਕਿ ਜ਼ਿਲ੍ਹਾ ਹਮੀਰਪੁਰ ਅਤੇ ਜ਼ਿਲ੍ਹਾ ਮੰਡੀ ਦੇ ਸਰਕਾਘਾਟ, ਧਰਮਪੁਰ ਤਹਿਸੀਲ ਅਤੇ ਜ਼ਿਲ੍ਹਾ ਕਾਂਗੜਾ ਦੇ ਪਾਲਮਪੁਰ, ਬੈਜਨਾਥ, ਜੈਸਿੰਘਪੁਰ ਤਹਿਸੀਲ ਖੇਤਰ ਆਦਿ ਤੋਂ ਭਾਰਤੀ ਫੌਜ ਅਤੇ ਅਰਧ ਸੈਨਿਕ ਬਲਾਂ ਵਿੱਚ ਸੇਵਾ ਕਰ ਰਹੇ ਨੌਜਵਾਨਾਂ ਨੂੰ ਯਾਤਰਾ ਲਈ ਨਜ਼ਦੀਕੀ ਰੇਲਵੇ ਸਟੇਸ਼ਨ ਤੋਂ ਲਾਭ ਹੋਵੇਗਾ।

ਊਨਾ ਹਮੀਰਪੁਰ ਰੇਲਵੇ ਲਾਈਨ ਦੇ ਨਿਰਮਾਣ ਲਈ ਹਿਮਾਚਲ ਪ੍ਰਦੇਸ਼ ਸਰਕਾਰ 1500 ਕਰੋੜ ਰੁਪਏ ਅਤੇ ਕੇਂਦਰ ਸਰਕਾਰ 4300 ਕਰੋੜ ਰੁਪਏ ਖਰਚ ਕਰੇਗੀ | ਇਸ ਤੋਂ ਪਹਿਲਾਂ 17 ਫਰਵਰੀ ਨੂੰ ਮੈਂ ਚੱਕੀ ਦਰਿਆ ‘ਤੇ ਪੁਲ ਬਣਾਉਣ ਦੀ ਮਨਜ਼ੂਰੀ ਦਿਵਾਈ ਹੈ, ਜਿਸ ਨਾਲ ਪਠਾਨਕੋਟ ਅਤੇ ਜੋਗਿੰਦਰਨਗਰ ਦਰਮਿਆਨ ਰੇਲ ਸੇਵਾ ਜਲਦੀ ਹੀ ਬਹਾਲ ਹੋ ਜਾਵੇਗੀ। ਇਸ ਦੇ ਨਾਲ ਹੀ ਕਾਂਗੜਾ ਅਤੇ ਨੂਰਪੁਰ ਦਰਮਿਆਨ ਰੇਲਵੇ ਟਰੈਕ ਨੂੰ ਵੀ ਜਲਦੀ ਹੀ ਰਿਸਟੋਰ ਕਰ ਦਿੱਤਾ ਜਾਵੇਗਾ। ਇਸ ਦੇ ਲਈ ਵੀ ਮੈਂ ਮਾਣਯੋਗ ਰੇਲ ​​ਮੰਤਰੀ ਜੀ ਨੂੰ ਮਿਲ ਕੇ ਮਨਜ਼ੂਰੀ ਲੈ ਲਈ ਹੈ।”