ਚੰਡੀਗੜ੍ਹ 16 ਨਵੰਬਰ 2022: ਪੰਜਾਬ ਵਿੱਚ ਵੱਧ ਰਹੀਆਂ ਕਤਲ ਦੀਆਂ ਘਟਨਾਵਾਂ ਨੂੰ ਲੈ ਕੇ ਵਿਰੋਧੀ ਧਿਰ ਵਲੋਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ‘ਤੇ ਸਵਾਲ ਚੁੱਕੇ ਜਾ ਰਹੇ ਹਨ | ਇਸ ਦੌਰਾਨ ਆਮ ਆਦਮੀ ਪਾਰਟੀ ‘ਤੇ ਸਵਾਲ ਚੁੱਕਣ ਵਾਲਿਆਂ ਨੂੰ ਕੈਬਨਿਟ ਮੰਤਰੀ ਮੀਤ ਹੇਅਰ ਨੇ ਜਵਾਬ ਦਿੱਤਾ ਹੈ। ਅੱਜ ਪੰਜਾਬ ਭਵਨ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਖਜ਼ਾਨੇ ਵਿੱਚ ਵਾਧਾ ਕਰਨ ਲਈ ਗੰਭੀਰ ਹੈ।
ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਅਗਲੇ 3 ਮਹੀਨਿਆਂ ਲਈ ਨਵੇਂ ਅਸਲਾ ਲਾਇਸੈਂਸਾਂ ‘ਤੇ ਪਾਬੰਦੀ ਲਗਾ ਦਿੱਤੀ ਹੈ, ਪਿਛਲੇ ਲਾਈਸੈਂਸਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਲਾਇਸੈਂਸ ਕਿਸ ਦੇ ਹੁਕਮਾਂ ‘ਤੇ ਅਤੇ ਕਿਵੇਂ ਬਣੇ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੰਜਾਬ ਵਿੱਚ ਅਪਰਾਧ ਦੀ ਸਥਿਤੀ ‘ਤੇ ਬੋਲਦਿਆਂ ਮੀਤ ਹੇਅਰ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਦੇਸ਼ ਵਿੱਚ ਸਭ ਤੋਂ ਵੱਧ ਅਪਰਾਧ ਦਰ 7.4 ਫ਼ੀਸਦੀ ਹੈ, ਦੇਸ਼ ਦੇ 10 ਵੱਡੇ ਸੂਬਿਆਂ ਵਿੱਚੋਂ 3.8 ਫ਼ੀਸਦੀ ਹੈ | ਜਿੱਥੇ ਸਭ ਤੋਂ ਵੱਧ ਅਪਰਾਧ ਦਰ ਹੈ। ਪੰਜਾਬ ਅਪਰਾਧ ਅਨੁਪਾਤ ਵਿੱਚ 15ਵੇਂ ਨੰਬਰ ‘ਤੇ ਹੈ। ਪੰਜਾਬ ਵਿੱਚ ਵਾਪਰ ਰਹੀਆਂ ਵੱਡੀਆਂ ਵਾਰਦਾਤਾਂ ਦੇ ਸ਼ਾਰਪ ਸ਼ੂਟਰ ਹਰਿਆਣਾ ਦੇ ਹਨ।
ਉਨ੍ਹਾਂ ਕਿਹਾ ਕਿ 2012 ਵਿੱਚ ਅਕਾਲੀ ਦਲ ਦੀ ਸਰਕਾਰ ਵੇਲੇ ਪੰਜਾਬ ਵਿੱਚ 855 , 2020 ਵਿੱਚ 757, 2021 ਵਿੱਚ 723 ਅਤੇ 2022 ਵਿੱਚ 579 ਕਤਲ ਹੋਏ ਸਨ। ਦੇਸ਼ ਵਿੱਚ ਸਭ ਤੋਂ ਵੱਧ ਅਪਰਾਧ ਵਾਲੇ 10 ਸੂਬਿਆਂ ਵਿੱਚੋਂ 5 ਸੂਬਿਆਂ ਵਿੱਚ ਭਾਜਪਾ ਦੀਆਂ ਸਰਕਾਰਾਂ ਹਨ। ਮੰਤਰੀ ਮੀਤ ਹੇਅਰ ਨੇ ਅੱਗੇ ਕਿਹਾ ਕਿ ਗੈਂਗਸਟਰਵਾਦ ਅਤੇ ਨਸ਼ਾ ਪੰਜਾਬ ਨੂੰ ਪਿਛਲੀਆਂ ਸਰਕਾਰਾਂ ਦੀ ਦੇਣ ਹੈ। ਸਾਡੀ ਸਰਕਾਰ ਬਣਦਿਆਂ ਹੀ 402 ਗੈਂਗਸਟਰ ਕਾਬੂ ਕੀਤੇ ਗਏ, ਜਿਨ੍ਹਾਂ ਦੇ ਕਬਜ਼ੇ ‘ਚੋਂ 363 ਹਥਿਆਰ ਬਰਾਮਦ ਹੋਏ।