ਚੰਡੀਗੜ੍ਹ 12 ਅਕਤੂਬਰ 2022: ਪੰਜਾਬ ਦੇ ਤਰਨਤਾਰਨ (Tarn Taran) ਜ਼ਿਲ੍ਹੇ ਦੇ ਪੱਟੀ ਵਿੱਚ ਬਾਈਕ ‘ਤੇ ਆਏ ਦੋ ਅਣਪਛਾਤੇ ਨੌਜਵਾਨਾਂ ਨੇ ਕੱਪੜਾ ਵਪਾਰੀ ਦਾ ਉਸਦੀ ਦੁਕਾਨ ‘ਚ ਦਾਖਲ ਹੋ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ | ਕਤਲ ਦੀ ਇਹ ਸਾਰੀ ਵਾਰਦਾਤ ਦੁਕਾਨ ਵਿਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ |
ਹਮਲਾਵਰਾਂ ਨੇ ਗੋਲੀਆਂ ਇੰਨੀ ਬੇਰਹਿਮੀ ਨਾਲ ਚਲਾਈਆਂ ਕਿ ਦੁਕਾਨ ਮਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕੈਨੇਡਾ ‘ਚ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਵੀ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇਅ 54 ‘ਤੇ ਸਥਿਤ ਪਿੰਡ ਦੀਨਪੁਰ ਦੀ ਹੈ। ਮ੍ਰਿਤਕ ਦੀ ਪਹਿਚਾਣ ਤਰਨਤਾਰਨ ਦੇ ਰਸੂਲਪੁਰ ਦੇ ਰਹਿਣ ਵਾਲੇ ਗੁਰਜੰਟ ਸਿੰਘ ਵਜੋਂ ਹੋਈ ਹੈ |
ਦੂਜੇ ਪਾਸੇ ਮ੍ਰਿਤਕ ਗੁਰਜੰਟ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਲੜਕੇ ਨੂੰ ਜੁਲਾਈ ਮਹੀਨੇ ਵਿੱਚ ਧਮਕੀਆਂ ਮਿਲੀਆਂ ਸਨ, ਜਿਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਸੀ ਪਰ ਪੁਲਿਸ ਨੇ ਉਨ੍ਹਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ। ਜੇਕਰ ਪੁਲਿਸ ਨੇ ਕਾਰਵਾਈ ਕੀਤੀ ਹੁੰਦੀ ਤਾਂ ਉਸਦਾ ਪੁੱਤਰ ਜ਼ਿੰਦਾ ਹੁੰਦਾ।