Site icon TheUnmute.com

‘ਫਿਊਚਰ ਟਾਈਕੂਨਜ਼’ ਆਪਣਾ ਕਾਰੋਬਾਰ ਕਰਨ ਦੇ ਇਛੁੱਕਾਂ ਨੂੰ ਉਦਮੀ ਬਣਨ ਲਈ ਪ੍ਰਦਾਨ ਕਰੇਗਾ ਢੁੱਕਵਾਂ ਮੰਚ: ਸਾਕਸ਼ੀ ਸਾਹਨੀ

ਸਾਕਸ਼ੀ ਸਾਹਨੀ

ਪਟਿਆਲਾ, 28 ਜੁਲਾਈ 2023: ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਉਦਮੀਆਂ ਨੂੰ ਆਪਣਾ ਕਾਰੋਬਾਰ ਤੇ ਰੋਜ਼ਗਾਰ ਸ਼ੁਰੂ ਕਰਨ ਲਈ ਢੁੱਕਵਾਂ ਮੰਚ ਅਤੇ ਸਾਜ਼ਗਾਰ ਮਾਹੌਲ ਪ੍ਰਦਾਨ ਕਰਨ ਲਈ ਚੁੱਕੇ ਕਦਮਾਂ ਤਹਿਤ ਆਪਣੇ ਪਹਿਲੇ ਸਫ਼ਲ ਤਜ਼ਰਬੇ ਦੇ ਅਧਾਰ ‘ਤੇ ਦੂਜਾ ‘ਫਿਊਚਰ ਟਾਈਕੂਨ’ ਸਟਾਰਟਅੱਪ ਚੈਲੈਂਜ ਮੁਕਾਬਲਾ ਕਰਵਾਉਣ ਦਾ ਫੈਸਲਾ ਕੀਤਾ ਹੈ।

ਇਸ ਬਾਰੇ ਬੈਠਕ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਲੰਘੇ ਸਾਲ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਜਰੀਏ ਕਰਵਾਏ ਦੇਸ਼ ਭਰ ‘ਚੋਂ ਆਪਣੀ ਕਿਸਮ ਦੇ ਨਿਵੇਕਲੇ ਪ੍ਰਾਜੈਕਟ ‘ਫਿਊਚਰ ਟਾਈਕੂਨਸ’ ਦਾ ਗਰੈਂਡ ਫਿਨਾਲੇ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ।

ਡਿਪਟੀ ਕਮਿਸ਼ਨਰ ਨੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ, ਰੋਜ਼ਗਾਰ ਅਫ਼ਸਰ ਕੰਵਰਪ੍ਰੀਤ ਕੌਰ, ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਡਿਪਟੀ ਸੀਈਓ ਸਤਿੰਦਰ ਸਿੰਘ, ਸਟਾਰਟ-ਅਪ ਇੰਡੀਆ, ਜ਼ਿਲ੍ਹਾ ਉਦਯੋਗ ਕੇਂਦਰ, ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਤੇ ਸੈਕੰਡਰੀ, ਚਿਤਕਾਰਾ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਸਮੇਤ ਇਨਵੈਸਟ ਪੰਜਾਬ ਤੇ ਇਨੋਵੇਸ਼ਨ ਮਿਸ਼ਨ ਪੰਜਾਬ ਦੇ ਅਧਿਕਾਰੀਆਂ ਨਾਲ ਮੁੱਢਲੀ ਬੈਠਕ ਕਰਕੇ ਫਿਊਚਰ ਟਾਈਕੂਨ-2 ਦੀ ਰੂਪ ਰੇਖਾ ਉਲੀਕੀ।

ਸਾਕਸ਼ੀ ਸਾਹਨੀ ਨੇ ਸਾਰੇ ਸਬੰਧਤਾਂ ਨੂੰ ਨਿਰਦੇਸ਼ ਦਿੱਤੇ ਕਿ ਜ਼ਿਲ੍ਹੇ ਦੇ ਚਾਹਵਾਨ ਉਦਮੀਆਂ ਨੂੰ ਆਪਣਾ ਹੁਨਰ ਦਿਖਾਉਣ ਦਾ ਮੌਕਾ ਦਿੱਤਾ ਜਾਵੇ ਅਤੇ ਉਨ÷ ਾ ਦੇ ਕਾਰੋਬਾਰ ਨੂੰ ਸਫ਼ਲ ਬਨਾਉਣ ਲਈ ਏਂਜਲ ਇਨਵੈਸਟਰਜ਼ ਤੋਂ ਵਿੱਤੀ ਸਹਾਇਤਾ ਦਿਵਾਉਣ ਵਿੱਚ ਵੀ ਪੂਰੀ ਮੱਦਦ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਟੀਮ ਪਟਿਆਲਾ ਵਿਦਿਆਰਥੀਆਂ, ਨੌਜਵਾਨਾਂ, ਸਵੈ-ਸਹਾਇਤਾ ਗਰੁੱਪਾਂ, ਮਹਿਲਾਵਾਂ, ਦਿਵਿਆਂਗਜਨਾਂ, ਛੋਟੇ-ਵੱਡੇ ਕਾਰੋਬਾਰੀਆਂ ਜਾਂ ਆਮ ਲੋਕਾਂ ‘ਚੋਂ ਕਿਸੇ ਦੇ ਵੀ ਆਪਣੇ ਸੁਪਨਮਈ ਪ੍ਰਾਜੈਕਟ ਦੇ ਨਵੇਂ ਸੰਕਲਪਾਂ ਅਤੇ ਯੋਜਨਾਵਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਦਾ ਹੱਥ ਫੜਕੇ ਅਸਲ ‘ਚ ਰੂਪਮਾਨ ਕਰਨ ਲਈ ਇੱਕ ਢੁੱਕਵਾਂ ਮੰਚ ਪ੍ਰਦਾਨ ਕਰਨ ਲਈ ਯਤਨਸ਼ੀਲ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਿਊਚਰ ਟਾਈਕੂਨਸ ਲਈ ਸਿਹਤ ਤੇ ਤੰਦਰੁਸਤੀ, ਸਿੱਖਿਆ, ਖੇਤੀਬਾੜੀ ਤੇ ਸਹਾਇਕ ਧੰਦੇ, ਫੂਡ ਪ੍ਰਾਸੈਸਿੰਗ, ਸੂਚਨਾ ਤੇ ਤਕਨੀਕ, ਬਾਇਓ ਟੈਕਨੋਲੋਜੀ, ਸਰਵਿਸ ਸੈਕਟਰ, ਟ੍ਰੈਵਲ, ਸੋਸ਼ਲ ਸੈਕਟਰ, ਵਾਤਾਵਰਣ ਐਂਡ ਏਨਰਜੀ ਆਦਿ ਖੇਤਰਾਂ ਵਾਸਤੇ ਨਵੇਂ ਆਈਡੀਆਜ਼ ਪੇਸ਼ ਕੀਤੇ ਜਾ ਸਕਣਗੇ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹਾ ਦੇਸ਼ ਦਾ ਅਜਿਹਾ ਪਹਿਲਾ ਜ਼ਿਲ੍ਹਾ ਬਣ ਗਿਆ ਸੀ, ਜਿਸ ਨੇ ਫਿਊਚਰ ਟਾਈਕੂਨ ਪ੍ਰਾਜੈਕਟ ਸ਼ੁਰੂ ਕੀਤਾ ਸੀ, ਇਸ ਨਾਲ ਰੇਹੜੀ-ਫੜੀ ਲਗਾਉਂਦੇ, ਸਵੈ-ਸਹਾਇਤਾ ਗਰੁੱਪਾਂ ਦੇ ਮੈਂਬਰ, ਆਪਣਾ ਕੋਈ ਛੋਟਾ-ਵੱਡਾ ਕਾਰੋਬਾਰ ਕਰਨ ਵਾਲਿਆਂ ਨੂੰ ਆਪਣੇ ਕਾਰੋਬਾਰ, ਸਨਅਤ ਜਾਂ ਉਦਮ ਨੂੰ ਹੋਰ ਪ੍ਰਫੁਲਤ ਲਈ ਇੱਕ ਢੁਕਵਾਂ ਮੰਚ ਪ੍ਰਦਾਨ ਕੀਤਾ ਗਿਆ ਸੀ।

ਸਾਕਸ਼ੀ ਸਾਹਨੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਸਰਕਾਰੀ ਤੇ ਗ਼ੈਰ ਸਰਕਾਰੀ ਨੌਕਰੀਆਂ ਪ੍ਰਦਾਨ ਕਰਨ ਦੇ ਨਾਲ-ਨਾਲ ਆਪਣੇ ਉਦਮ ਸ਼ੁਰੂ ਕਰਨ ਲਈ ਸੁਖਾਵਾਂ ਤੇ ਹਾਂ ਪੱਖੀ ਮਾਹੌਲ ਵੀ ਮੁਹੱਈਆ ਕਰਵਾਉਣ ਦਾ ਟੀਚਾ ਹੈ।

Exit mobile version