TheUnmute.com

ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

ਖਰੜ/ਐੱਸ.ਏ.ਐੱਸ.ਨਗਰ, 15 ਸਤੰਬਰ 2023: ਜੰਮੂ-ਕਸ਼ਮੀਰ ਦੇ ਅਨੰਤਨਾਗ ‘ਚ ਅੱ+ਤ+ਵਾ+ਦੀ ਹਮਲੇ ਦੌਰਾਨ ਸ਼ਹੀਦ ਹੋਏ ਭਾਰਤੀ ਫੌਜ ਦੇ ਕਰਨਲ ਮਨਪ੍ਰੀਤ ਸਿੰਘ (Colonel Manpreet Singh) (42) , ਜੋਕਿ ਖਰੜ ਹਲਕੇ ਦੇ ਰਹਿਣ ਵਾਲੇ ਸਨ, ਦਾ ਪਿੰਡ ਭੜੌਜੀਆਂ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਅਤੇ ਅਨਮੋਲ ਗਗਨ ਮਾਨ ਵੱਲੋਂ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਇਸ ਮੌਕੇ ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਉਹਨਾਂ ਨੇ ਮੁੱਖ ਮੰਤਰੀ, ਪੰਜਾਬ, ਸ. ਭਗਵੰਤ ਸਿੰਘ ਮਾਨ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਪੰਜਾਬ ਸਰਕਾਰ ਦੁੱਖ ਦੀ ਘੜੀ ‘ਚ ਪਰਿਵਾਰ ਦੇ ਨਾਲ ਖੜ੍ਹੀ ਹੈ। ਪਰਮਾਤਮਾ ਅੱਗੇ ਅਰਦਾਸ ਹੈ ਕਿ ਉਹ ਪਰਿਵਾਰ ਨੂੰ ਹੌਂਸਲਾ ਤੇ ਹਿੰਮਤ ਬਖ਼ਸ਼ੇ। ਉਹਨਾਂ ਕਿਹਾ ਕਿ ਸ਼ਹੀਦ ਦੀ ਕੁਰਬਾਨੀ ਨੂੰ ਦਿਲੋਂ ਸਲਾਮ ਹੈ।

ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਦੇਸ਼ ਲਈ ਜਾਨਾਂ ਵਾਰਨ ਵਾਲੇ ਨਾਇਕ ਅਮਰ ਹਨ। ਦੇਸ਼ ਦੇ ਮਾਣ ਅਜਿਹੇ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕਰਨਾ ਤੇ ਮਾਣ-ਸਨਮਾਨ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਇਸ ਮੌਕੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਅਨੰਤਨਾਗ ਵਿੱਚ ਦੇਸ਼ ਲਈ ਆਪਾ ਵਾਰਨ ਵਾਲੇ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੇ ਅੰਤਿਮ ਸਸਕਾਰ ਦੀਆਂ ਰਸਮਾਂ ਵਿੱਚ ਸ਼ਾਮਲ ਹੋ ਕੇ ਉਹਨਾਂ ਨੇ ਪਰਿਵਾਰਕ ਮੈਬਰਾਂ ਨਾਲ ਦੁੱਖ ਸਾਂਝਾ ਕੀਤਾ ਹੈ ਅਤੇ ਦੇਸ਼ ਦੇ ਸਪੂਤ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ।

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਦੇਸ਼ ਲਈ ਜਾਨਾਂ ਵਾਰਨ ਵਾਲਿਆਂ ਦੇ ਨਾਮ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿੱਚ ਦਰਜ ਹੋ ਜਾਂਦੇ ਹਨ। ਸ਼ਹੀਦ ਸਦਾ ਹੀ ਆਉਣ ਵਾਲੀਆਂ ਨਸਲਾਂ ਲਈ ਪ੍ਰੇਰਨਾ ਦਾ ਸਰੋਤ ਬਣ ਜਾਂਦੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਹਰ ਪਲ ਸ਼ਹੀਦਾਂ ਦੇ ਪਰਿਵਾਰਾਂ ਨਾਲ ਖੜ੍ਹੀ ਹੈ। ਜ਼ਿਕਰਯੋਗ ਹੈ ਕਿ ਸ਼ਹੀਦ ਮਨਪ੍ਰੀਤ ਸਿੰਘ ਦੇ ਪਿਤਾ ਮਰਹੂਮ ਸ. ਲਖਮੀਰ ਸਿੰਘ ਤੇ ਮਰਹੂਮ ਦਾਦਾ ਸ. ਸ਼ੀਤਲ ਸਿੰਘ ਵੀ ਫੌਜੀ ਸਨ।

ਸ਼ਹੀਦ (Colonel Manpreet Singh) ਦੇ ਅੰਤਿਮ ਸਸਕਾਰ ਮੌਕੇ ਸ਼ਹੀਦ ਦੇ ਮਾਤਾ ਸ਼੍ਰੀਮਤੀ ਮਨਜੀਤ ਕੌਰ, ਪਤਨੀ ਜਗਮੀਤ ਕੌਰ, ਪੁੱਤਰ ਕਬੀਰ (07 ਸਾਲ) ਅਤੇ ਧੀ ਬਾਣੀ (ਢਾਈ ਸਾਲ) ਸਮੇਤ ਸਾਬਕਾ ਮੰਤਰੀ ਸ. ਜਗਮੋਹਨ ਸਿੰਘ ਕੰਗ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਪਰਸਨ ਸ਼੍ਰੀਮਤੀ ਪ੍ਰਭਜੋਤ ਕੌਰ, ਐੱਸ.ਡੀ.ਐਮ.ਖਰੜ ਸ. ਰਵਿੰਦਰ ਸਿੰਘ, ਨਾਇਬ ਤਹਿਸੀਲਦਾਰ ਮਾਜਰੀ ਜਸਵੀਰ ਕੌਰ, ਸਰਪੰਚ ਰਾਜਿੰਦਰ ਸਿੰਘ ਸਮੇਤ ਭਾਰਤੀ ਫੌਜ ਦੇ ਅਫਸਰ ਤੇ ਜਵਾਨ, ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਤੇ ਵੱਡੀ ਗਿਣਤੀ ਵਿਚ ਲੋਕਾਂ ਵੱਲੋਂ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ ਗਈ।

ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਜੋ ਕਿ ਸ਼ਹੀਦ ਦੀ ਮ੍ਰਿਤਕ ਦੇਹ ਪਿੰਡ ਪੁੱਜਣ ‘ਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਆਖਰੀ ਦਰਸ਼ਨਾਂ ਲਈ ਪੁੱਜੇ, ਨੇ ਕਿਹਾ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਨੂੰ ਆਪਣੀ ਸ਼ਹਾਦਤ ਨਾਲ ਗੌਰਵਸ਼ਾਲੀ ਬਣਾ ਕੇ ਗਏ, ਕਰਨਲ ਮਨਪ੍ਰੀਤ ਸਿੰਘ ਅਪਣੀ ਸ਼ਹੀਦੀ ਨਾਲ ਸਾਡੀ ਨੌਜੁਆਨ ਪੀੜ੍ਹੀ ਲਈ ਦੇਸ਼ ਪ੍ਰੇਮ ਦੀ ਅਨੂਠੀ ਉਦਾਹਰਨ ਪੈਦਾ ਕਰ ਕੇ ਗਏ ਹਨ। ਇਸ ਮੌਕੇ ਜ਼ਿਲ੍ਹਾ ਪੁਲੀਸ ਮੁਖੀ ਡਾ. ਸੰਦੀਪ ਕੁਮਾਰ ਗਰਗ ਨੇ ਵੀ ਦੇਸ਼ ਦੇ ਮਹਾਨ ਸਪੂਤ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼ਹੀਦ ਦੀ ਮ੍ਰਿਤਕ ਦੇਹ ਜੱਦੀ ਪਿੰਡ ਪੁੱਜਣ ‘ਤੇ ਮਾਹੌਲ ਬੜਾ ਵੈਰਾਗਮਈ ਹੋ ਗਿਆ ਅਤੇ ਹਰੇਕ ਪਿੰਡ ਵਾਸੀ ਆਪਣੇ ਪਿੰਡ ਦਾ ਨਾਮ, ਦੇਸ਼ ਲਈ ਕੁਰਬਾਨੀ ਦੇ ਕੇ, ਉੱਚਾ ਕਰ ਜਾਣ ਵਾਲੇ ਪਿੰਡ ਦੇ ਮਾਣ, ਕਰਨਲ ਮਨਪ੍ਰੀਤ ਸਿੰਘ ਤੇ ਮਾਣ ਮਹਿਸੂਸ ਕਰ ਰਹੇ ਸਨ।

 

Exit mobile version