Site icon TheUnmute.com

ਬੂਥਗੜ੍ਹ ’ਚ ‘ਵਿਕਸਤ ਭਾਰਤ ਸੰਕਲਪ ਯਾਤਰਾ’ ਨੂੰ ਭਰਵਾਂ ਹੁੰਗਾਰਾ: ਡਾ. ਅਲਕਜੋਤ ਕੌਰ

Boothgarh

ਖਰੜ/ਐਸ.ਏ.ਐਸ.ਨਗਰ, 23 ਨਵੰਬਰ 2023 : “ਵਿਕਸਤ ਭਾਰਤ ਸੰਕਲਪ ਯਾਤਰਾ” ਮੁਹਿੰਮ ਤਹਿਤ ਚੱਲ ਰਹੀ ਜਾਗਰੂਕਤਾ ਵੈਨ ਨੂੰ ਬੂਥਗੜ੍ਹ (Boothgarh) ਏਰੀਏ ਦੇ ਪਿੰਡਾਂ ਵਿਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਨੇ ਦਸਿਆ ਕਿ 22 ਨਵੰਬਰ ਤੋਂ ਚੱਲੀ ਵੈਨ ਹਰ ਰੋਜ਼ ਦੋ ਪਿੰਡਾਂ ਨੂੰ ਕਵਰ ਕਰ ਰਹੀ ਹੈ।

ਇਹ ਵੈਨ ਹੁਣ ਤਕ ਚਾਰ ਪਿੰਡਾਂ-ਅਕਾਲਗੜ੍ਹ, ਗੋਸਲਾਂ, ਭੂਪਨਗਰ, ਤਾਜਪੁਰਾ ਵਿਚ ਫੇਰੀ ਪਾ ਚੁੱਕੀ ਹੈ ਜਿਥੇ ਲੋਕਾਂ ਨੂੰ ਸਿਹਤ ਅਤੇ ਹੋਰ ਵੱਖ-ਵੱਖ ਕਲਿਆਣਕਾਰੀ ਯੋਜਨਾਵਾਂ ਬਾਰੇ ਜਾਣਕਾਰੀ ਦਿਤੀ ਗਈ। ਇਸ ਤੋਂ ਇਲਾਵਾ ਇਨ੍ਹਾਂ ਪਿੰਡਾਂ ਵਿਚ ਮੈਡੀਕਲ ਕੈਂਪ ਵੀ ਲਗਾਏ ਗਏ। ਉਨ੍ਹਾਂ ਦਸਿਆ ਕਿ ਇਸ ਵੈਨ ਦੁਆਰਾ ਸਿਹਤ ਬਲਾਕ ਬੂਥਗੜ੍ਹ (Boothgarh) ਦੇ ਹਰ ਪਿੰਡ ਨੂੰ ਕਵਰ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਕੈਂਪਾਂ ਦੌਰਾਨ ਜਿਥੇ ਲਾਭਪਾਤਰੀਆਂ ਦੇ ਸਿਹਤ ਬੀਮਾ ਆਯੁਸ਼ਮਾਨ ਕਾਰਡ ਬਣਾਏ ਗਏ, ਉਥੇ ਗ਼ੈਰ-ਸੰਚਾਰੀ ਬੀਮਾਰੀਆਂ ਅਤੇ ਟੀ.ਬੀ. ਦੀ ਜਾਂਚ ਵੀ ਕੀਤੀ ਗਈ। ਉਨ੍ਹਾਂ ਸਟਾਫ਼ ਨੂੰ ਹਦਾਇਤ ਕੀਤੀ ਕਿ ਇਸ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮੰਤਵ ਸਿਹਤ ਸਹੂਲਤਾਂ ਨੂੰ ਮੌਕੇ ਤੇ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸਰਕਾਰੀ ਸਿਹਤ ਸਕੀਮਾਂ ਦਾ ਪ੍ਰਸਾਰ ਅਤੇ ਪ੍ਰਚਾਰ ਜ਼ਮੀਨੀ ਪੱਧਰ ਤੱਕ ਕਰਨਾ ਹੈ ਤਾਂ ਜੋ ਕੋਈ ਵੀ ਯੋਗ ਲਾਭਪਾਤਰੀ ਸਿਹਤ ਸੇਵਾਵਾਂ ਦੇ ਲਾਭ ਤੋਂ ਵਾਂਝਾ ਨਾ ਰਹੇ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਦਾ ਵੱਧ ਤੋਂ ਵੱਧ ਲਾਹਾ ਲੈਣ ਤਾਂ ਕਿ ਸਾਰਿਆਂ ਦੀ ਚੰਗੀ ਸਿਹਤ ਯਕੀਨੀ ਬਣਾਈ ਜਾ ਸਕੇ। ਇਸ ਮੌਕੇ ਡਾ. ਸੰਜੋਤ ਸਿੰਘ, ਹੈਲਥ ਇੰਸਪੈਕਟਰ ਗੁਰਤੇਜ ਸਿੰਘ, ਸਵਰਨ ਸਿੰਘ, ਹੈਲਥ ਵਰਕਰ ਰਾਜਿੰਦਰ ਸਿੰਘ ਤੇ ਹੋਰ ਸਟਾਫ਼ ਮੌਜੂਦ ਸੀ।

Exit mobile version