Vigilance Bureau

ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਕੇਸ ‘ਚ ਭਗੌੜਾ ਜੇਲ੍ਹ ਵਾਰਡਰ ਤੇ ਨਿੱਜੀ ਬੱਸ ਦਾ ਹਾਕਰ ਕਾਬੂ

ਚੰਡੀਗੜ 10 ਅਕਤੂਬਰ 2022: ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਰਿਸ਼ਵਤ ਦੇ ਕੇਸ ਵਿੱਚ ਭਗੌੜੇ ਚਲੇ ਆ ਰਹੇ ਕੇਂਦਰੀ ਜੇਲ ਅੰਮ੍ਰਿਤਸਰ ਦੇ ਵਾਰਡਰ ਹਰਪ੍ਰੀਤ ਸਿੰਘ (ਨੰਬਰ 4611) ਨੂੰ ਅੱਜ ਗਿ੍ਰਫਤਾਰ ਕਰ ਲਿਆ ਹੈ ਜਿਸ ਨੇ ਉਕਤ ਜੇਲ ਵਿਖੇ ਬੰਦ ਦੋਸ਼ੀ ਗੁਰਸੇਵਕ ਸਿੰਘ ਪਾਸੋਂ ਇੱਕ ਮੋਬਾਇਲ ਫੋਨ ਦੀ ਬ੍ਰਾਮਦਗੀ ਉਪਰੰਤ ਉਸ ਖਿਲਾਫ ਮੁਕੱਦਮਾ ਦਰਜ ਕਰਵਾਉਣ ਦਾ ਡਰਾਵਾ ਦੇ ਕੇ ਉਸ ਪਾਸੋਂ 8,000 ਰੁਪਏ ਬਤੌਰ ਰਿਸ਼ਵਤ ਹਾਸਲ ਕਰਨ ਦੇ ਦਰਜ ਮੁਕੱਦਮੇ ਵਿੱਚ ਭਗੌੜਾ ਸੀ।

ਉੱਧਰ ਇੱਕ ਵੱਖਰੇ ਕੇਸ ਵਿੱਚ ਬੱਸ ਅੱਡਾ ਜਲੰਧਰ ਵਿਖੇ ਨਿੱਜੀ ਬੱਸ ਦੇ ਹਾਕਰ ਜਸਬੀਰ ਸਿੰਘ ਵਾਸੀ ਪਿੰਡ ਕੁਰੇਸ਼ੀਆ ਜਿਲਾ ਜਲੰਧਰ ਨੂੰ ਵੀ ਗਿ੍ਰਫਤਾਰ ਕੀਤਾ ਹੈ ਜੋ ਪੰਜਾਬ ਰੋਡਵੇਜ ਦੇ ਕਰਮਚਾਰੀਆ ਨਾਲ ਮਿਲੀਭੁਗਤ ਕਰਕੇ ਬੱਸ ਅੱਡੇ ਵਿੱਚੋਂ ਸਰਕਾਰੀ ਬੱਸਾਂ ਦੇ ਰਵਾਨਗੀ ਸਮੇਂ ਨੂੰ ਬਦਲਕੇ ਪ੍ਰਾਈਵੇਟ ਬੱਸਾਂ ਨੂੰ ਲਾਹਾ ਦਿਵਾਉਣ ਸਬੰਧੀ ਪ੍ਰਾਈਵੇਟ ਬੱਸਾਂ ਵਾਲਿਆ ਪਾਸੋਂ ਰਿਸ਼ਵਤ ਇੱਕਠੀ ਕਰਨ ਦੇ ਦੋਸ਼ ਸਬੰਧੀ ਦਰਜ ਕੇਸ ਵਿੱਚ ਭਗੌੜਾ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਵਾਰਡਰ ਹਰਪ੍ਰੀਤ ਸਿੰਘ ਵਾਸੀ ਪਿੰਡ ਵੈਰੋਵਾਲ ਦਾਰਾਪੁਰ, ਜਿਲਾ ਤਰਨਤਾਰਨ ਉਪਰ ਕੇਂਦਰੀ ਜੇਲ ਅੰਮਿ੍ਰਤਸਰ ਵਿਖੇ ਬੰਦ ਦੋਸ਼ੀ ਗੁਰਸੇਵਕ ਸਿੰਘ ਪਾਸੋਂ ਇੱਕ ਮੋਬਾਇਲ ਫੋਨ ਬ੍ਰਾਮਦ ਕਰਨ ਬਦਲੇ ਮੁਕੱਦਮਾ ਦਰਜ ਕਰਵਾਉਣ ਦਾ ਡਰਾਵਾ ਦੇ ਕੇ ਉਸ ਪਾਸੋਂ 8,000 ਰੁਪਏ ਰਿਸ਼ਵਤ ਹਾਸਲ ਕਰਨ ਦੇ ਦੋਸ਼ ਲੱਗੇ ਸਨ।

ਉਨਾਂ ਦੱਸਿਆ ਕਿ ਇਸ ਦੇ ਸਬੰਧ ਵਿੱਚ ਪਹਿਲਾਂ ਹੀ ਥਾਣਾ ਇਸਲਾਮਾਬਾਦ, ਅੰਮਿ੍ਰਤਸਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ 42, 52-ਏ ਜੇਲ ਕਾਨੂੰਨ ਦੇ ਤਹਿਤ ਐਫ.ਆਈ.ਆਰ ਨੰਬਰ 152, ਮਿਤੀ 07-04-2022 ਨੂੰ ਇੱਕ ਕੇਸ ਦਰਜ ਕੀਤਾ ਹੋਇਆ ਸੀ ਅਤੇ ਇਸ ਵਿੱਚ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਰਾਵਾਂ ਲੱਗੀਆਂ ਹੋਣ ਕਰਕੇ ਇਹ ਮੁਕੱਦਮਾ ਵਿਜੀਲੈਂਸ ਬਿਊਰੋ ਅੰਮਿ੍ਰਤਸਰ ਨੂੰ ਤਬਦੀਲ ਕੀਤਾ ਗਿਆ ਸੀ। ਉਕਤ ਮੁਲਜ਼ਮ ਦੀ ਗਿ੍ਰਫਤਾਰੀ ਉਪਰੰਤ ਉਸ ਤੋਂ ਹੋਰ ਪੁੱਛ-ਗਿੱਛ ਜਾਰੀ ਹੈ।

ਬੁਲਾਰੇ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਦੇ ਕੁਝ ਮੁਲਾਜ਼ਮ ਅਤੇ ਪ੍ਰਾਈਵੇਟ ਵਿਅਕਤੀਆਂ ਉਪਰ ਨਿੱਜੀ ਬੱਸਾਂ ਨੂੰ ਫਾਇਦਾ ਪਹੁੰਚਾਉਣ ਲਈ ਬੱਸ ਅੱਡੇ ਤੋਂ ਸਰਕਾਰੀ ਬੱਸਾਂ ਦੇ ਚੱਲਣ ਦਾ ਸਮਾਂ ਬਦਲਕੇ ਰੋਜਾਨਾ/ਮਹੀਨਾਵਾਰ ਰਿਸ਼ਵਤ ਵਸੂਲਣ ਦੇ ਦੋਸ਼ ਲੱਗੇ ਸਨ।

ਇਸ ਸਬੰਧ ਵਿੱਚ ਬਿਊਰੋ ਵੱਲੋਂ ਪਹਿਲਾਂ ਹੀ ਵਿਜੀਲੈਂਸ ਬਿਊਰੋ ਦੇ ਥਾਣਾ ਅੰਮਿ੍ਰਤਸਰ ਵਿਖੇ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ 120-ਬੀ ਆਈ.ਪੀ.ਸੀ ਤਹਿਤ ਐਫ.ਆਈ.ਆਰ ਨੰਬਰ 05, ਮਿਤੀ 30.04.2021 ਨੂੰ ਇੱਕ ਕੇਸ ਦਰਜ ਕੀਤਾ ਹੋਇਆ ਹੈ। ਉਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮ ਜਸਬੀਰ ਸਿੰਘ ਨੂੰ ਬੱਸ ਅੱਡਾ ਜਲੰਧਰ ਤਂੋ ਗਿ੍ਰਫਤਾਰ ਕੀਤਾ ਗਿਆ ਹੈ ਅਤੇ ਉਸ ਤੋਂ ਹੋਰ ਪੁੱਛ-ਗਿੱਛ ਜਾਰੀ ਹੈ।

Scroll to Top