Site icon TheUnmute.com

ਅਮਰੀਕਾ ਦੇ ਚਾਰ ਸੈਨੇਟਰਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ

Sachkhand Sri Harmandir Sahib

ਚੰਡੀਗੜ੍ਹ 22 ਅਪ੍ਰੈਲ 2022: ਅਮਰੀਕਾ ਦੇ ਚਾਰ ਸੈਨੇਟਰ ਅਤੇ ਇਕ ਪ੍ਰਤੀਨਿਧੀ ਕਾਂਗਰਸ ਮੈਨ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ਵਿਖੇ ਮੱਥਾ ਟੇਕਿਆ ਅਤੇ ਸ਼ਰਧਾ ਭਾਵਨਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ‘ਤੇ ਨਿਊਯਾਰਕ ਦੀ ਸੈਨੇਟਰ ਕਰਸਟਨ ਗਿੱਲੀਬਰਾਂਡ, ਨਿਊਜਰਸੀ ਦੇ ਸੈਨੇਟਰ ਕੋਰੀ ਬੂਕਰ, ਰ੍ਹੋਡ ਆਈਲੈਂਡ ਦੇ ਸੈਨੇਟਰ ਸ਼ੈਲਡਨ ਵਾਈਟਹਾਊਸ, ਐਰੀਜ਼ੋਨਾ ਦੇ ਸੈਨੇਟਰ ਮਾਰਕ ਕੈਲੀ ਅਤੇ ਪ੍ਰਤੀਨਿਧੀ ਕਾਂਗਰਸ ਮੈਨ ਮੋਨਡੇਅਰ ਜੋਨਸ ਸ਼ਾਮਲ ਸਨ।

ਇਸ ਤੋਂ ਇਲਾਵਾ ਇਨ੍ਹਾਂ ਸੈਨੇਟਰਾਂ ਦੇ ਕੁਝ ਪਰਿਵਾਰਕ ਮੈਂਬਰ ਅਤੇ ਦਿੱਲੀ ਸਥਿਤ ਅਮਰੀਕੀ ਦੂਤਾਵਾਸ ਦੇ ਅਧਿਕਾਰੀ ਪੈਟਰੀਸ਼ੀਆ ਲਾਸੀਨਾ ਤੇ ਡੇਨ ਰੋਬਿਨਸ ਵੀ ਸੱਉਨ੍ਹਾਂ ਨਾਲ ਮੌਜੂਦ ਰਹੇ । ਇਸਤੋਂ ਪਹਿਲਾਂ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਵੀ ਗਏ ਜਿਥੇ ਉਨ੍ਹਾਂ ਨੂੰ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਨੇ ਲੰਗਰ ਦੀ ਮਰਯਾਦਾ ਬਾਰੇ ਜਾਣਕਾਰੀ ਦਿੱਤੀ।

ਇਸੇ ਦੌਰਾਨ ਅਮਰੀਕੀ ਆਗੂਆਂ ਨੂੰ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਪ੍ਰਤਾਪ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ, ਵਧੀਕ ਮੈਨੇਜਰ ਸਤਨਾਮ ਸਿੰਘ ਰਿਆੜ ਅਤੇ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਨੇ ਗੁਰੂ ਬਖਸ਼ਿਸ਼ ਸਿਰੋਪਾਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਅਤੇ ਸਿੱਖ ਧਰਮ ਨਾਲ ਸਬੰਧਤ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਨਿਊਯਾਰਕ ਦੀ ਸੈਨੇਟਰ ਕਰਸਟਨ ਗਿੱਲੀਬਰਾਂਡ ਨੇ ਕਿਹਾ ਕਿ ਇਸ ਪਾਵਨ ਅਸਥਾਨ ’ਤੇ ਆ ਕੇ ਉਹ ਸਿਰਫ ਪ੍ਰਭਾਵਿਤ ਹੀ ਨਹੀਂ ਹੋਏ ਸਗੋਂ ਵਿਸਮਾਦੀ ਵੀ ਹੋਏ ਹਨ। ਉਨ੍ਹਾਂ ਸਿੱਖ ਭਾਈਚਾਰੇ ਵੱਲੋਂ ਬਿਨ੍ਹਾਂ ਭੇਦਭਾਵ ਦੇ ਲੰਗਰ ਦੀ ਪ੍ਰੰਪਰਾਵਾ ਨੂੰ ਵਡਿਆਇਆ ਅਤੇ ਅਮਰੀਕਾ ਵਿਚ ਵਸਦੇ ਸਿੱਖਾਂ ਦੇ ਸਮਰਥਨ ਦੀ ਗੱਲ ਵੀ ਆਖੀ।

ਉਨ੍ਹਾਂ ਕਿਹਾ ਕਿ ਸਾਨੂੰ ਇਹ ਜਾਣ ਕੇ ਬੇਹੱਦ ਚੰਗਾ ਲੱਗਾ ਹੈ ਕਿ ਇਥੇ ਦੁਨੀਆਂ ਦੇ ਹਰ ਧਰਮ ਦੇ ਲੋਕ ਆ ਕੇ ਆਪਣੀ ਸ਼ਰਧਾ ਪ੍ਰਗਟਾ ਸਕਦੇ ਹਨ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਵਿਧਾਇਕ ਬੀਬੀ ਬਲਜਿੰਦਰ ਕੌਰ, ਸੂਚਨਾ ਅਧਿਕਾਰੀ ਅੰਮ੍ਰਿਤਪਾਲ ਸਿੰਘ ਆਦਿ ਮੌਜੂਦ ਸਨ।

Exit mobile version