ਚੰਡੀਗੜ੍ਹ 28 ਅਕਤੂਬਰ 2022: ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਐਸ.ਏ.ਐਸ.ਨਗਰ ਦੇ ਪਿੰਡ ਛੱਤ ਤੋਂ ਉੱਤਰਾਖੰਡ ਮਾਈਨਿੰਗ ਵਪਾਰੀ ਦੀ ਹੱਤਿਆ ਕਰਨ ਵਾਲੇ ਦੋ ਹਮਲਾਵਰਾਂ ਸਮੇਤ ਦਵਿੰਦਰ ਬੰਬੀਹਾ ਗੈਂਗ ਦੇ ਚਾਰ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸਣਯੋਗ ਹੈ ਕਿ 13 ਅਕਤੂਬਰ ਨੂੰ ਕਾਸ਼ੀਪੁਰ ਦੇ ਕੁੰਡੇਸ਼ਵਰੀ ਪਿੰਡ ਵਿੱਚ ਮਾਈਨਿੰਗ ਵਪਾਰੀ ਮਹਿਲ ਸਿੰਘ (70) ਦੀ ਉਸ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦੱਸਿਆ ਇਹ ਆਪ੍ਰੇਸ਼ਨ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ), ਕਾਊਂਟਰ ਇੰਟੈਲੀਜੈਂਸ (ਸੀਆਈ) ਪੰਜਾਬ, ਜ਼ਿਲ੍ਹਾ ਪੁਲਿਸ ਊਧਮ ਸਿੰਘ ਨਗਰ ਉੱਤਰਾਖੰਡ, ਸਪੈਸ਼ਲ ਸੈੱਲ ਦਿੱਲੀ ਅਤੇ ਜ਼ਿਲ੍ਹਾ ਪੁਲਿਸ ਐਸਏਐਸ ਨਗਰ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ ਸੀ।
ਉਹਨਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਸਾਧੂ ਸਿੰਘ, ਜਗਦੀਸ਼ ਸਿੰਘ ਉਰਫ਼ ਦੀਸ਼ਾ, ਮਨਪ੍ਰੀਤ ਸਿੰਘ ਉਰਫ਼ ਮਨੀ ਉਰਫ਼ ਚੂਚੀ, ਜਸਪ੍ਰੀਤ ਸਿੰਘ ਉਰਫ਼ ਲੌਕ ਸਾਰੇ ਵਾਸੀ ਜ਼ਿਲ੍ਹਾ ਮਾਨਸਾ ਵਜੋਂ ਹੋਈ ਹੈ।
ਉਹਨਾਂ ਅੱਗੇ ਦੱਸਿਆ ਕਿ ਪੁਲਿਸ ਟੀਮਾਂ ਨੇ ਮੁਲਜ਼ਮਾਂ ਦੇ ਕੋਲੋਂ ਇੱਕ .30 ਬੋਰ ਪਿਸਟਲ ਸਮੇਤ ਦੋ ਮੈਗਜ਼ੀਨਾਂ ਅਤੇ ਸੱਤ ਜਿੰਦਾ ਕਾਰਤੂਸ; 9 ਐਮਐਮ ਪਿਸਟਲ ਸਮੇਤ ਇੱਕ ਮੈਗਜ਼ੀਨ; ਤੁਰਕੀ ਦੀ ਬਣੀ 9 ਐਮਐਮ ਮਸ਼ੀਨ-ਪਿਸਟਲ ਸਣੇ 31 ਕਾਰਤੂਸਾਂ ਦੀ ਸਮਰੱਥਾ ਵਾਲੀ ਮੈਗਜ਼ੀਨ ਸਮੇਤ ਤਿੰਨ ਮੈਗਜ਼ੀਨਾਂ ਅਤੇ 19 ਜਿੰਦਾ ਕਾਰਤੂਸ ਤੋਂ ਇਲਾਵਾ ਇੱਕ ਅਪਾਚੀ ਮੋਟਰਸਾਈਕਲ ਬਰਾਮਦ ਕੀਤਾ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਸਾਧੂ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਗੈਂਗਸਟਰ ਤੋਂ ਅੱਤਵਾਦੀ ਬਣੇ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਅਤੇ ਸੁਖਦੂਲ ਸਿੰਘ ਉਰਫ ਸੁੱਖਾ ਦੁੱਨੇਕੇ ਦੇ ਨਿਰਦੇਸ਼ਾਂ ‘ਤੇ ਮਾਈਨਿੰਗ ਵਪਾਰੀ ਮਹਿਲ ਸਿੰਘ ਦਾ ਕਤਲ ਕੀਤਾ ਸੀ ਜਦੋਂਕਿ ਗ੍ਰਿਫਤਾਰ ਕੀਤੇ ਗਏ ਹੋਰ ਦੋ ਵਿਅਕਤੀਆਂ ਨੇ ਉਨ੍ਹਾਂ ਨੂੰ ਹਥਿਆਰ, ਲੌਜਿਸਟਿਕਸ ਸਹਾਇਤਾ ਪ੍ਰਦਾਨ ਕਰਨ ਦੇ ਨਾਲ ਨਾਲ ਮ੍ਰਿਤਕ ਦੇ ਘਰ ਦੀ ਰੇਕੀ ਵੀ ਕੀਤੀ ਸੀ।
ਉਨ੍ਹਾਂ ਕਿਹਾ ਕਿ ਫੜੇ ਗਏ ਵਿਅਕਤੀ ਪੰਜਾਬ ਦੇ ਇਲਾਕੇ ਅਤੇ ਹੋਰ ਗੁਆਂਢੀ ਸੂਬਿਆਂ ਵਿੱਚ ਹੋਰ ਵੀ ਘਿਨਾਉਣੇ ਅਪਰਾਧ ਕਰਨ ਦੀ ਸਾਜ਼ਿਸ਼ ਰਚ ਰਹੇ ਸਨ ਜਿਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।
ਜ਼ਿਕਰਯੋਗ ਹੈ ਕਿ ਇਸ ਸਬੰਧੀ ਥਾਣਾ ਜ਼ੀਰਕਪੁਰ ਜ਼ਿਲ੍ਹਾ ਐਸ.ਏ.ਐਸ ਨਗਰ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 392, 384, 473, 120ਬੀ ਅਤੇ ਅਸਲਾ ਐਕਟ ਦੀਆਂ ਧਾਰਾਵਾਂ 25(7) ਅਤੇ (8) ਦੇ ਤਹਿਤ ਐਫਆਈਆਰ ਨੰਬਰ 441 ਮਿਤੀ 28-10-2022 ਦਰਜ ਹੈ।