Site icon TheUnmute.com

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਚਾਰ ਕੈਡਿਟ ਬਣੇ ਭਾਰਤੀ ਹਵਾਈ ਸੈਨਾ ਦੇ ਕਮਿਸ਼ਨਡ ਅਫ਼ਸਰ

Indian Air Force

ਚੰਡੀਗੜ੍ਹ, 17 ਜੂਨ 2023: ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏ.ਐਫ.ਪੀ.ਆਈ.), ਐਸ.ਏ.ਐਸ. ਨਗਰ (ਮੋਹਾਲੀ) ਦੇ ਚਾਰ ਕੈਡਿਟਾਂ ਇਸ਼ਾਨ ਬਖ਼ਸ਼ੀ, ਮਨਰਾਜ ਸਿੰਘ ਸਾਹਨੀ, ਹਰਸ਼ਿਤ ਬਖ਼ਸ਼ੀ ਅਤੇ ਅਰਮਾਨਦੀਪ ਸਿੰਘ ਸੋਢੀ ਨੂੰ ਅੱਜ ਏਅਰ ਫੋਰਸ ਅਕੈਡਮੀ, ਡੰਡੀਗਲ, ਹੈਦਰਾਬਾਦ ਵਿਖੇ ਸ਼ਾਨਦਾਰ ਪਾਸਿੰਗ ਆਊਟ ਪਰੇਡ ਉਪਰੰਤ ਭਾਰਤੀ ਹਵਾਈ ਸੈਨਾ (Indian Air Force) ਵਿੱਚ ਕਮਿਸ਼ਨ ਮਿਲ ਗਿਆ ਹੈ। ਭਾਰਤ ਦੇ ਰਾਸ਼ਟਰਪਤੀ ਅਤੇ ਹਥਿਆਰਬੰਦ ਸੈਨਾਵਾਂ ਦੇ ਸੁਪਰੀਮ ਕਮਾਂਡਰ ਸ੍ਰੀਮਤੀ ਦ੍ਰੋਪਦੀ ਮੁਰਮੂ ਨੇ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਕੀਤਾ।

ਇਨ੍ਹਾਂ ਕੈਡਿਟਾਂ ਸਮੇਤ ਪਿਛਲੇ 11 ਸਾਲਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਏ.ਐਫ.ਪੀ.ਆਈ. ਦੇ ਕੁੱਲ 140 ਕੈਡਿਟ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨਡ ਅਫ਼ਸਰ ਵਜੋਂ ਸ਼ਾਮਲ ਹੋਏ ਹਨ। ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਮਾਰਚ 2022 ਤੋਂ ਹੁਣ ਤੱਕ ਮਹਾਰਾਜਾ ਰਣਜੀਤ ਸਿੰਘ ਏ.ਐਫ.ਪੀ.ਆਈ. ਦੇ ਕੁੱਲ 38 ਕੈਡਿਟਾਂ ਨੂੰ ਅਫ਼ਸਰ ਵਜੋਂ ਕਮਿਸ਼ਨ ਮਿਲਿਆ ਹੈ।

ਇਨ੍ਹਾਂ ਕੈਡਿਟਾਂ ਨੂੰ ਭਾਰਤੀ ਹਵਾਈ ਸੈਨਾ (Indian Air Force) ਵਿੱਚ ਅਫ਼ਸਰ ਬਣਨ ਉਤੇ ਵਧਾਈ ਦਿੰਦਿਆਂ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸਮੁੱਚੇ ਪੰਜਾਬ ਨੂੰ ਇਨ੍ਹਾਂ ਦੀ ਇਸ ਸ਼ਾਨਦਾਰ ਪ੍ਰਾਪਤੀ ‘ਤੇ ਮਾਣ ਹੈ। ਕੈਬਨਿਟ ਮੰਤਰੀ ਨੇ ਸਾਰੇ ਕੈਡਿਟਾਂ ਨੂੰ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਮਹਾਰਾਜਾ ਰਣਜੀਤ ਸਿੰਘ ਏ.ਐਫ.ਪੀ.ਆਈ. ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ.ਚੌਹਾਨ (ਸੇਵਾਮੁਕਤ) ਨੇ ਕੈਡਿਟਾਂ ਨੂੰ ਇੰਸਟੀਚਿਊਟ ਦੇ ਮੋਟੋ ‘ਨਿਸਚੈ ਕਰਿ ਅਪੁਨੀ ਜੀਤ ਕਰੋ’ ਉਤੇ ਖਰਾ ਉਤਰਨ ਅਤੇ ਪੰਜਾਬ ਦੇ ਯੋਗ ਸਪੂਤ ਅਤੇ ਮੁਲਕ ਦੇ ਸੱਚੇ ਸਿਪਾਹੀ ਬਣਨ ਦਾ ਸੱਦਾ ਦਿੱਤਾ।

Exit mobile version