Site icon TheUnmute.com

ਸਾਬਕਾ ਸਰਪੰਚ ਕਤਲ ਮਾਮਲਾ: ਦੂਜੀ ਧਿਰ ਦੇ ਜ਼ਖਮੀ ਕਬੱਡੀ ਖਿਡਾਰੀ ਦੀ ਇਲਾਜ ਦੌਰਾਨ ਹੋਈ ਮੌਤ

ਸਾਬਕਾ ਸਰਪੰਚ

ਬਟਾਲਾ 07 ਫਰਵਰੀ 2023: ਬਟਾਲਾ ਦੇ ਅਧੀਨ ਪੈਂਦੇ ਪਿੰਡ ਦਹੀਆ ਵਿੱਚ ਬੀਤੇ ਦਿਨ ਦੋ ਧਿਰਾਂ ਦਰਮਿਆਨ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਸੀ |ਇਸ ਵਿੱਚ ਇੱਕ ਸਾਬਕਾ ਸਰਪੰਚ ਦੀ ਮੌਤ ਹੋ ਗਈ ਸੀ | ਉਕਤ ਮਾਮਲੇ ‘ਚ ਪੁਲਿਸ ਵਲੋਂ 7 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕਰ ਤਿੰਨ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ, ਇਸ ਖੂਨੀ ਤਕਰਾਰ ‘ਚ ਦੂਜੀ ਧਿਰ ਦੇ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਸੀ, ਜਿਹਨਾਂ ਵਿਚੋਂ ਇਕ ਕਬੱਡੀ ਖਿਡਾਰੀ ਹਰਪਿੰਦਰ ਸਿੰਘ ਉਮਰ 26 ਸਾਲ ਦੀ ਵੀ ਅੱਜ ਅਮ੍ਰਿਤਸਰ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ |

ਉਥੇ ਹੀ ਮ੍ਰਿਤਕ ਨੌਜਵਾਨ ਦਾ ਪੋਸਟਮਾਰਟਮ ਸਿਵਲ ਹਸਪਤਾਲ ਬਟਾਲਾ ਵਿੱਚ ਹੋਇਆ, ਜਿੱਥੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ‘ਤੇ ਇਕ ਤਰਫਾ ਕਾਰਵਾਈ ਕਰਨ ਦੇ ਦੋਸ਼ ਲਾਉਂਦੇ ਹੋਏ ਇਨਸਾਫ ਦੀ ਮੰਗ ਕੀਤੀ | ਸਿਵਲ ਹਸਪਤਾਲ ਬਟਾਲਾ ‘ਚ ਅੱਜ ਮ੍ਰਿਤਕ ਹਰਪਿੰਦਰ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਬਟਾਲਾ ਪਹੁੰਚੇ ਹਰਪਿੰਦਰ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਸੀ ਕਿ ਹਰਪਿੰਦਰ ਸਿੰਘ ਕਬੱਡੀ ਦਾ ਸ਼ੌਕੀਨ ਸੀ ਅਤੇ ਉਕਤ ਦਿਨ ਦੇਰ ਸ਼ਾਮ ਨੂੰ ਕਬੱਡੀ ਦਾ ਮੈਚ ਖੇਡ ਕੇ ਵਾਪਸ ਪਿੰਡ ਆ ਰਿਹਾ ਸੀ ਤਾਂ ਮ੍ਰਿਤਕ ਸਰਵਣ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਪਹਿਲਾ ਤੋਂ ਹੀ ਤਿਆਰੀ ਅਨੁਸਾਰ ਹਰਪਿੰਦਰ ਸਿੰਘ ਨੂੰ ਰਸਤੇ ਵਿੱਚ ਹੀ ਘੇਰ ਲਿਆ ਅਤੇ ਆਪਣੇ ਅਸਲੇ ਨਾਲ ਗੋਲੀਆਂ ਚਲਾ ਕੇ ਹਰਪਿੰਦਰ ਸਿੰਘ ਨੂੰ ਗੰਭੀਰ ਜ਼ਖਮੀ ਕਰ ਦਿੱਤਾ, ਜਿਸਦੀ ਇਲਾਜ ਦੌਰਾਨ ਹਸਪਤਾਲ ‘ਚ ਮੌਤ ਹੋ ਗਈ ਹੈ |

ਉਹਨਾਂ ਕਿਹਾ ਕਿ ਜੋ ਦੋਸ਼ ਉਹਨਾਂ ‘ਤੇ ਲਗਾਏ ਗਏ ਹਨ ਕਿ ਉਹਨਾਂ ਵਲੋਂ ਘਰ ‘ਚ ਵੜ ਕੇ ਹਮਲਾ ਕੀਤਾ ਗਿਆ ਉਹ ਸਾਰੇ ਦੋਸ਼ ਝੂਠੇ ਹਨ | ਉਥੇ ਹੀ ਮ੍ਰਿਤਕ ਨੌਜਵਾਨ ਹਰਪਿੰਦਰ ਸਿੰਘ ਦੇ ਪਰਿਵਾਰ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ | ਉਹਨਾਂ ਦਾ ਕਹਿਣਾ ਸੀ ਕਿ ਮ੍ਰਿਤਕ ਹਰਪਿੰਦਰ ਸਿੰਘ ਦੇ ਭਰਾ ਜਤਿੰਦਰ ਸਿੰਘ ਅਤੇ ਉਸਦੇ 21 ਸਾਲਾ ਬੇਟੇ ਨੂੰ ਵੀ ਪੁਲਿਸ ਨੇ ਘਰੋਂ ਗ੍ਰਿਫਤਾਰ ਕਰਦੇ ਹੋਏ ਕੇਸ ਵਿਚ ਨਾਮਜਦ ਕਰ ਦਿੱਤਾ ਹੈ ਜਦਕਿ ਜਤਿੰਦਰ ਸਿੰਘ ਅਤੇ ਉਸਦੇ ਬੇਟੇ ਦਾ ਕੋਈ ਕਸੂਰ ਨਹੀਂ ਹੈ ਹਮਲੇ ਦੌਰਾਨ ਜਤਿੰਦਰ ਅਤੇ ਉਸਦਾ ਬੇਟਾ ਮੌਕੇ ‘ਤੇ ਮੌਜੂਦ ਹੀ ਨਹੀਂ ਸਨ |

ਇਸ ਮਾਮਲੇ ਨੂੰ ਲੈ ਕੇ ਸਿਵਲ ਹਸਪਤਾਲ ਬਟਾਲਾ ਪਹੁੰਚੇ ਡੀਐਸਪੀ ਗੁਰਬਿੰਦਰ ਸਿੰਘ ਨੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਮੀਡੀਆ ਨੂੰ ਦੱਸਿਆ ਕਿ ਮ੍ਰਿਤਕ ਹਰਪਿੰਦਰ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ ਬਾਕੀ ਇਸ ਕੇਸ ਵਿੱਚ ਪਹਿਲਾਂ ਹੀ ਐਫਆਰਆਈ ਦਰਜ ਕੀਤੀ ਜਾ ਚੁੱਕੀ ਹੈ ਹੁਣ ਹਰਪਿੰਦਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕਰ ਇਸ ਧਿਰ ਦੇ ਹੱਕ ਵਿੱਚ ਵੀ ਮਾਮਲਾ ਦਰਜ ਕੀਤਾ ਜਾਵੇਗਾ |

Exit mobile version