Satara

ਸਤਾਰਾ ‘ਚ ਸਾਬਕਾ ਸਰਪੰਚ ਨੇ ਗਰਵਭਤੀ ਔਰਤ ਦੀ ਕੀਤੀ ਕੁੱਟਮਾਰ

ਚੰਡੀਗੜ੍ਹ 20 ਜਨਵਰੀ 2022: ਮਹਾਰਾਸ਼ਟਰ (Maharashtra) ਦੇ ਸਤਾਰਾ (Satara) ਜ਼ਿਲ੍ਹੇ ‘ਚ ਇਕ ਸਾਬਕਾ ਸਰਪੰਚ ਅਤੇ ਉਸ ਦੀ ਪਤਨੀ ਨੂੰ ਤਿੰਨ ਮਹੀਨੇ ਦੀ ਗਰਭਵਤੀ ਔਰਤ ਜੰਗਲਾਤ ਰੱਖਿਅਕ ਅਤੇ ਉਸ ਦੇ ਪਤੀ ਦੀ ਕੁੱਟਮਾਰ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ । ਇਹ ਦਰਦਨਾਕ ਘਟਨਾ ਸੂਬੇ ਦੇ ਸਤਾਰਾ ਜ਼ਿਲ੍ਹੇ ਦੀ ਹੈ। ਜਾਣਕਾਰੀ ਅਨੁਸਾਰ ਪੀੜਤ ਔਰਤ ਦਾ ਇਲਾਕੇ ਦੇ ਸਾਬਕਾ ਸਰਪੰਚ ਅਤੇ ਉਸ ਦੀ ਪਤਨੀ ਨਾਲ ਮਜ਼ਦੂਰ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਜਿਸ ਤੋਂ ਬਾਅਦ ਸਾਬਕਾ ਸਰਪੰਚ ਅਤੇ ਉਸਦੀ ਪਤਨੀ ਨੇ ਮਹਿਲਾ ਅਤੇ ਉਸਦੇ ਪਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਘਟਨਾ ਨਾਲ ਜੁੜੀ ਇਕ ਵੀਡੀਓ ਵੀ ਕਾਫੀ ਵਾਇਰਲ ਹੋਈ ਹੈ, ਜਿਸ ‘ਚ ਦੋਸ਼ੀ ਪਤੀ-ਪਤਨੀ ਉਨ੍ਹਾਂ ਦੀ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ। ਪੀੜਤਾ ਦਾ ਪਤੀ ਵੀ ਜੰਗਲਾਤ ਵਿਭਾਗ ਦਾ ਮੁਲਾਜ਼ਮ ਹੈ। ਇਸ ਦੇ ਨਾਲ ਹੀ ਪੁਲਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਕਾਬੂ ਕਰ ਲਿਆ ਹੈ।

ਜਾਣੋ ਕਿ ਹੈ ਪੂਰਾ ਮਾਮਲਾ
ਜੰਗਲਾਤ ਵਿਭਾਗ ਦੀ ਜ਼ਮੀਨ ’ਤੇ ਇਲਾਕੇ ਦੇ ਸਾਬਕਾ ਸਰਪੰਚ ਰਾਮਚੰਦਰ ਜਨਕਰ ਵੱਲੋਂ ਕੁਝ ਕੰਮ ਕਰਵਾਇਆ ਜਾ ਰਿਹਾ ਸੀ। 17 ਜਨਵਰੀ ਨੂੰ ਜੰਗਲਾਤ ਵਿਭਾਗ ਦੀ ਕਰਮਚਾਰੀ ਸਿੰਧੂ ਸਨਪ ਅਤੇ ਉਸ ਦੇ ਪਤੀ ਨੇ ਮਜ਼ਦੂਰ ਨੂੰ ਕਿਸੇ ਹੋਰ ਥਾਂ ‘ਤੇ ਕੰਮ ਕਰਨ ਲਈ ਭੇਜਿਆ। ਇਸ ਸਬੰਧੀ ਜਾਣਕਾਰੀ ਨਾ ਦੇਣ ਕਾਰਨ ਦੋਸ਼ੀ ਰਾਮਚੰਦਰ ਜਨਕਰ ਅਤੇ ਉਸ ਦੀ ਪਤਨੀ ਪ੍ਰਤਿਭਾ ਜਨਕਰ ਗੁੱਸੇ ‘ਚ ਆ ਗਏ ਅਤੇ ਉਨ੍ਹਾਂ ਨੇ ਪੀੜਿਤਾ ਨੂੰ ਫੋਨ ਕਰਕੇ ਧਮਕੀ ਦਿੱਤੀ ਅਤੇ ਕਿਹਾ ਕਿ ਜੇਕਰ ਅਸੀਂ ਦੁਬਾਰਾ ਆਪਣੇ ਕੰਮ ਦੇ ਵਿਚਕਾਰ ਆਏ ਤਾਂ ਕੁੱਟਮਾਰ ਕਰਾਂਗੇ। 19 ਜਨਵਰੀ ਨੂੰ ਮੁਲਜ਼ਮਾਂ ਨੇ ਗਰਭਵਤੀ ਔਰਤ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

ਘਟਨਾ ਦੀ ਵੀਡੀਓ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਸਾਬਕਾ ਸਰਪੰਚ ਪੀੜਤਾ ਨੂੰ ਜ਼ਮੀਨ ‘ਤੇ ਕੁੱਟ ਰਿਹਾ ਹੈ ਅਤੇ ਉਸ ਦੇ ਵਾਲ ਪੁੱਟ ਰਿਹਾ ਹੈ। ਜਦਕਿ ਦੋਸ਼ੀ ਸਰਪੰਚ ਦੀ ਪਤਨੀ ਵੀ ਮਹਿਲਾ ਦੇ ਪਤੀ ਨੂੰ ਚੱਪਲਾਂ ਨਾਲ ਕੁੱਟ ਰਹੀ ਹੈ।ਮਾਮਲਾ ਸਾਹਮਣੇ ਆਉਣ ਤੋਂ ਬਾਅਦ ਥਾਣਾ ਸਦਰ ਦੀ ਪੁਲਸ ਨੇ ਦੋਵਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲਸ ਨੇ ਦੋਵੇਂ ਦੋਸ਼ੀ ਪਤੀ-ਪਤਨੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਵਾਂ ਖਿਲਾਫ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

Scroll to Top