ਚੰਡੀਗੜ੍ਹ 07 ਜੁਲਾਈ 2022: ਪੱਟੀ ਤੋਂ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਦੇ ਵਿਆਹ ਦੀਆਂ ਵਧਾਈ ਦਿੱਤੀ | ਇਸਦੇ ਨਾਲ ਹੀ ਉਨ੍ਹਾਂ ਨੇ ਮੁੱਖ ਮੰਤਰੀ ਵਲੋਂ ਵਿਧਾਨ ਸਭਾ ਸੈਸ਼ਨ ਦੌਰਾਨ ਵਿਧਾਇਕਾਂ ਦੀਆ ਤਨਖਾਹਾਂ ਅਤੇ ਪੈਨਸ਼ਨਾਂ ਬਾਰੇ ਕੀਤੀ ਟਿੱਪਣੀ ਦੀ ਨਿੰਦਿਆ ਕੀਤੀ | ਉਨ੍ਹਾਂ ਨੇ ਫੇਸਬੁੱਕ ‘ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਤੁਸੀ ਵਿਧਾਨ ਸਭਾ ਸੈਸ਼ਨ ਦੌਰਾਨ ਅਤੇ ਬਾਅਦ ਵਿੱਚ ਵੀ ਵਿਧਾਇਕਾਂ ਦੀਆ ਤਨਖਾਹਾਂ ਅਤੇ ਪੈਨਸ਼ਨਾਂ ਬਾਰੇ ਬੜੀਆਂ ਕੁੜੱਤਣ ਭਰਪੂਰ ਟਿੱਪਣੀਆਂ ਕੀਤੀਆਂ ਹਨ ਸੁਣ ਕੇ ਬਹੁਤ ਦੁੱਖ ਹੋਇਆਂ, ਤੁਸੀ ਇੱਥੋਂ ਤੱਕ ਵੀ ਕਿਹਾਂ ਕਿ ਜੇ ਤਨਖਾਹਾ ਥੋੜ੍ਹੀਆਂ ਹਨ ਤਾ ਇੰਨਾਂ ਨੂੰ ਪੋਲਟਰੀ ਫਾਰਮ ਖੋਲ ਲੈਣੇ ਚਾਹੀਦੇ ਹਨ ।
ਬਹੁਤ ਅਫਸੋਸ ਹੈ ਕਿ ਇੱਕ ਮੁੱਖ ਮੰਤਰੀ ਆਪਣੇ ਕਲੀਗਸ (colleagues) ਬਾਰੇ ਮਨ ਵਿੱਚ ਕਿੰਨੀ ਘਿਰਨਾ ਰੱਖਦਾ ਹੈ, ਜਦੋ ਦਿੱਲ਼ੀ ਵਿੱਚ ਤੁਹਾਡੀ ਪਾਰਟੀ ਦੀ ਸਰਕਾਰ ਵਿਧਾਇਕਾਂ ਦੀ 90% ਤਨਖਾਹ ਵਧਾ ਰਹੀ ਹੋਵੇ, ਤਾਂ ਵਿਰੋਧੀ ਧਿਰ ਦੇ ਨੇਤਾ ਨੇ ਆਪਣੇ ਵਿਧਾਇਕ ਸਾਥੀਆਂ ਦੀਆ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਜੇ ਵਿਧਾਨ ਸਭਾ ਵਿੱਚ ਤਨਖਾਹਾ ਬਾਰੇ ਗੱਲ ਕਰ ਦਿੱਤੀ ਤਾਂ ਕਿਹੜਾ ਗੁਨਾਹ ਹੋ ਗਿਆ, ਤੁਸੀ ਸੋਭਾ ਨਾ ਦੇਣ ਵਾਲੀ ਦਲੀਲ ਦਿੰਦਿਆ ਕਿਹਾ ਕੇ ਜੇ ਤੁਹਾਨੂੰ ਤਨਖਾਹ ਵਾਰਾ ਨਹੀ ਖਾਂਦੀ ਤਾਂ ਆਪਣੇ ਪ੍ਰਧਾਨਾਂ ਨੂੰ ਕਿਹਾ ਕਰੋ ਕਿ ਅਸੀ ਟਿਕਟ ਲੈ ਕੇ ਇੰਨੀ ਤਨਖਾਹ ‘ਤੇ ਕੰਮ ਨਹੀ ਕਰਨਾ ।
ਉਨ੍ਹਾਂ ਕਿਹਾ ਕਿ ਮਾਨ ਸਾਹਿਬ ਤੁਸੀ ਵੀ ਦੇਸ਼ ਦੇ 32 ਸੁਬਿਆ ਵਿਚੋ ਇੱਕ ਦੇ ਮੁੱਖ ਮੰਤਰੀ ਹੋ, ਤੇਲੰਗਾਨਾ ਵਿੱਚ ਵਿਧਾਇਕਾਂ ਦੀ ਤਨਖਾਹ 2.50 ਲੱਖ, ਉੱਤਰਾਖੰਡ ਵਿੱਚ 1.90 ਲੱਖ ਅਤੇ ਹੁਣ ਤਾਂ ਦਿੱਲੀ ਵਿੱਚ ਵੀ ਪੰਜਾਬ ਨਾਲੋ ਵੱਧ ਤਨਖਾਹ ਹੈ |ਮੈ ਬੇਨਤੀ ਕਰਨਾ ਚਾਹੁੰਦਾ ਹਾ ਕਿ IAS, IPS, PCS ਬਨਣ ਵਾਸਤੇ ਉਮੀਦਵਾਰ ਨੂੰ ਇਕੱਲਿਆਂ ਮਿਹਨਤ ਕਰਨੀ ਪੈਂਦੀ ਹੈ ਪਰ ਵਿਧਾਇਕ ਬਣਨ ਲਈ ਸਾਰੇ ਸਾਰੇ ਪਰਿਵਾਰ, ਰਿਸ਼ਤੇਦਾਰਾਂ ਅਤੇ ਦੋਸਤਾ ਮਿੱਤਰਾ ਸਾਥੀਆਂ ਦਾ ਜੋਰ ਲੱਗਦਾ ਹੈ, ਕਈ ਵਾਰ ਬੰਦਾ ਸਾਰੀ ਉਮਰ ਕੋਸ਼ਿਸ਼ ਕਰਦਾ ਰਹਿੰਦਾ ਪਰ ਗੱਲ ਨਹੀ ਬਣਦੀ, ਬੰਦਾ ਨੋਕਰੀ ਲਈ ਵੀ ਉਮਰ ਹੱਦ ਪਾਰ ਕਰ ਜਾਦਾ ਹੈ ਤੇ ਘਰ ਚਲਾਉਣ ਵਾਸਤੇ ਕੋਈ ਕਾਰੋਬਾਰ ਵੀ ਸੈਟ ਨਹੀ ਕਰ ਪਾਉਂਦਾ, ਕਈ ਮੁਲਾਜ਼ਮ ਨੌਕਰੀ ਤੋ ਅਸਤੀਫ਼ਾ ਦੇ ਕੇ ਚੋਣ ਲੜਦੇ ਹਨ ਕਈ ਵਾਰੀ ਨਾ ਵਿਧਾਇਕ ਬਣਦੇ ਹਨ ਤੇ ਨੌਕਰੀ ਵੀ ਗਵਾ ਬੈਠਦੇ ਹਨ ।
ਮਿਸਾਲ ਵਜੋਂ ਜਸਵੰਤ ਸਿੰਘ ਖਾਲੜਾ ਦੀ ਧਰਮ ਸੁਪੱਤਨੀ ਬੀਬੀ ਪਰਮਜੀਤ ਕੌਰ ਖਾਲੜਾ ਗੁਰੂ ਨਾਨਕ ਦੇਵ ਯੂਨੀਵਰਸਟੀ ਵਿੱਚ ਲਾਇਬਰੇਰੀਅਨ ਵਜੋ ਨੌਕਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੀ ਸੀ ਪਰ 1999 ਵਿੱਚ ਕੁਝ ਪੰਥਕ ਜਥੇਬੰਦੀਆਂ ਵਲੋ ਉਹਨਾਂ ਨੂੰ ਤਰਨ ਤਾਰਨ ਲੋਕ ਸਭਾ ਤੋ ਉਮੀਦਵਾਰ ਬਣਾ ਦਿਤਾ ਉਸਨੇ 55000 ਤਨਖਾਹ ਵਾਲੀ ਨੌਕਰੀ ਤੋ ਵੀ ਅਸਤੀਫ਼ਾ ਦੇ ਦਿੱਤਾ ਅਤੇ ਜਸਵੰਤ ਸਿੰਘ ਖਾਲੜਾ ਨੂੰ ਗੈਰਕਨੂੰਨੀ ਢੰਗ ਨਾਲ ਸ਼ਹੀਦ ਕਰਨ ਬਦਲੇ ਅਦਾਲਤ ਵਲੋ ਦੱਸ ਲੱਖ ਦੇ ਮਿਲੇ ਮੁਆਵਜ਼ੇ ਨੂੰ ਵੀ ਖਰਚ ਕਰ ਲਿਆ ਪਰ ਉਹ ਚੋਣ ਹਾਰ ਗਏ ਅੱਜ ਉਸ ਪਰਿਵਾਰ ਦਾ ਗੁਜ਼ਾਰਾ ਕਿਵੇ ਚੱਲਦਾ ਹੋਵੇਗਾ ਕਦੇ ਸੋਚਿਆ ? ਤੁਸੀਂ ਤਾਂ ਕਦੇ ਕਿਹਾ ਸੀ ਕਿ ਬੀਬੀ ਜੀ ਨੂੰ ਰਾਜ ਸਭਾ ਵਿੱਚ ਭੇਜਣਾ ਚਾਹੀਦਾ ਹੈ ਪਰ ਜਦੋ ਤੁਹਾਡੀ ਵਾਰੀ ਆਈ ਸਾਰੇ ਦਿੱਲੀ ਵਾਲੇ ਰਾਜ ਸਭਾ ਵਿੱਚ ਭੇਜ ਦਿਤੇ ਦੱਸੋ ਕੀ ਕਰੀਏ ।
ਹੁਣ ਮੇਰਾ ਨਿਜੀ ਬਿਰਤਾਂਤ ਸੁਣੋ ! ਮੈ ਡਬਲ ਐਮਏ ਗੋਲ਼ਡ ਮੈਡਲਿਸ਼ਟ ਹਾ ਜੇ ਚਾਹੁੰਦਾ ਤਾਂ ਚੰਗਾ ਅਫਸਰ ਬਣ ਸਕਦਾ ਸੀ, ਪਰ ਰਾਜਨੀਤੀ ਦੀ ਚੋਣ ਕਰ ਬੈਠਾ, 7 ਵਾਰੀ ਹਾਰਨ ਤੋ ਬਾਅਦ 2017 ਵਿੱਚ ਪੱਟੀ ਤੋ ਵਿਧਾਇਕ ਬਣਿਆਂ, ਬਿਨਾ ਰਿਸ਼ਵਤ ਤੋ ਰੱਜ ਕੇ ਮਿਸਾਲੀ ਕੰਮ ਕੀਤਾ ਕੀ ਸਾਰਾ ਕੁਝ ਬਰਬਾਦ ਕਰਾਉਣ ਤੋ ਬਾਅਦ ਮੈ ਪੈਨਸ਼ਨ ਦਾ ਵੀ ਹੱਕਦਾਰ ਨਹੀ ? ਜੋ ਅੱਜ ਤੱਕ ਨਹੀ ਮਿਲੀ ।
ਇਸ ਵਿੱਚ ਕੋਈ ਸ਼ੱਕ ਨਹੀ ਕਿ ਬਹੁਤ ਸਾਰੇ ਵਿਧਾਇਕ ਜਾ ਸਾਬਕਾ ਵਿਧਾਇਕ ਐਸੇ ਹੋਣਗੇ ਜਿਨਾ ਨੂੰ ਤਨਖਾਹ ਜਾ ਪੈਨਸ਼ਨ ਦੀ ਜਰੂਰਤ ਨਹੀ ਪਰ ਅਜੇਹੇ ਲੋਕਾ ਦੀ ਗਿਣਤੀ 20% ਤੋ ਵੱਧ ਨਹੀ, ਕੁਝ ਐਸੇ ਵੀ ਲੋਕ ਹਨ ਜਿਨਾ ਕੋਲ ਸਫਰ ਕਰਨ ਵਾਸਤੇ ਆਪਣੀ ਗੱਡੀ ਵੀ ਨਹੀ ਹੈ, ਚੰਗਾ ਘਰ ਵੀ ਨਹੀ ਹੈ ਅਜੇਹੇ ਲੋਕਾ ਦੀਆ ਨਿਗੁਨੀਆਂ ਪੈਨਸ਼ਨਾਂ ਬੰਦ ਕਰਕੇ ਜਿਸ ਤਰਾ ਤੁਸੀ ਕਰੋੜਾ ਰੁ ਦੂਸਰੇ ਸੂਬਿਆਂ ਵਿੱਚ ਮਸ਼ਹੂਰੀ ਲਈ ਉਡਾਏ ਹਨ ਸੱਚ ਜਾਣਿਓ ਉਹਨਾਂ ਦੇ ਬੱਚੇ ਵੀ ਤੁਹਾਨੂੰ ਬਦ-ਅਸੀਸਾਂ ਦੇਣਗੇ |
ਤੁਸੀ ਚਾਹੁੰਦੇ ਹੋ ਕੇ ਹਰ ਵਿਧਾਇਕ ਇਮਾਨਦਾਰੀ ਨਾਲ ਕੰਮ ਕਰੇ ਮੈ ਇਸ ਗੱਲ ਦਾ ਪੱਕਾ ਹਮਾਇਤੀ ਹਾਂ, ਪਰ ਮੈਨੂੰ ਦੱਸੋ ਕਿ ਵਿਧਾਇਕ ਆਪਣੀ 84000 ਤਨਖਾਹ ਨਾਲ ਆਪਣੇ ਹਲਕੇ ਵਿੱਚ ਲੋਕਾ ਦੇ ਦੁੱਖ ਸੁੱਖ ਵਿੱਚ ਕਿਵੇ ਵਿਚਰੇਗਾ ? ਕੋਈ MLA LAD ਫੰਡ ਵੀ ਨਹੀ ਹੈ, ਸਾਨੂੰ ਹਲਕੇ ਵਿੱਚ ਕਿਸੇ ਦੁਰਘਟਨਾ ਵਾਪਰਨ ਤੇ ਪੀੜਤ ਲੋਕਾ ਦੀ ਮਾਲੀ ਮੱਦਦ ਵੀ ਕਰਨੀ ਪੈਂਦੀ ਹੈ, ਸੀਐਮ ਹਾਊਸ ਵਿੱਚ ਆਏ ਗਏ ਲਈ ਸਰਕਾਰੀ ਤੌਰ ਤੇ ਚਾਹ ਪਾਣੀ ਪਿਲਾਇਆ ਜਾਦਾ ਹੈ, ਅਸੀ ਲੋਕਾ ਨੂੰ ਚਾਹ ਕਿਹੜੇ ਫੰਡ ਵਿਚੋ ਪਿਆਈਏ ?
ਮੈ ਡੱਟ ਕੇ ਇਮਾਨਦਾਰੀ ਦੀ ਵਕਾਲਤ ਕਰਨ ਵਾਲਾ ਬੰਦਾ ਹਾ ਡੱਟ ਕੇ ਰਿਸ਼ਵਤਖ਼ੋਰਾਂ ਤੇ ਨੱਥ ਪਾਓ ਪਰ ਮੈਰਿਟ ਦੇ ਅਧਾਰ ਤੇ ਹਰ ਵਿਧਾਇਕ ਦੀ ਤਨਖਾਹ ਪੰਜ ਲੱਖ ਅਤੇ ਪੈਨਸ਼ਨ ਦੋ ਲੱਖ ਕਰ ਦੇਵੋ ਇਸ ਤੋ ਬਾਅਦ ਵੀ ਜੇ ਕੋਈ ਰਿਸ਼ਵਤਖ਼ੋਰੀ ਕਰੇ ਠੋਕ ਦਿਓ ਮੈ ਡੱਟ ਕੇ ਸਾਥ ਦਿਆਗਾ ।
ਗਲਤੀ ਲਈ ਮੁਆਫ਼ੀ,
ਤੁਹਾਡੇ ਵਿਆਹ ਲਈ ਸ਼ੁਭਕਾਮਨਾਵਾਂ ,
ਹਰਮਿੰਦਰ ਸਿੰਘ ਗਿੱਲ
ਸਾਬਕਾ ਵਿਧਾਇਕ ਪੱਟੀ