July 5, 2024 4:39 am

ਮੋਹਾਲੀ ਦੇ ਸਾਬਕਾ ਮੇਅਰ ਸ੍ਰ. ਕੁਲਵੰਤ ਸਿੰਘ ਪੁੱਜੇ ਬਡ਼ਮਾਜਰਾ, ਲੋਕਾਂ ਦੀਆਂ ਸੁਣੀਆਂ ਮੁਸ਼ਕਲਾਂ

ਮੋਹਾਲੀ, 23 ਦਸੰਬਰ 2021 : ਅਜ਼ਾਦ ਗਰੁੱਪ ਦੇ ਮੁਖੀ ਅਤੇ ਨਗਰ ਨਿਗਮ ਮੋਹਾਲੀ ਦੇ ਸਾਬਕਾ ਮੇਅਰ ਸ੍ਰ. ਕੁਲਵੰਤ ਸਿੰਘ (Kulwant Singh)ਵੱਲੋਂ ਵਿਧਾਨ ਸਭਾ ਹਲਕਾ ਮੋਹਾਲੀ ਦੇ ਵੱਖ-ਵੱਖ ਖੇਤਰਾਂ ‘ਚ ਕੀਤੀਆਂ ਜਾ ਰਹੀਆਂ ਜਨ ਸੰਪਰਕ ਪ੍ਰੋਗਰਾਮਾਂ ਦੀ ਲਡ਼ੀ ਵਜੋਂ ਪਿੰਡ ਬਡ਼ਮਾਜਰਾ ‘ਚ ਇੱਕ ਰੈਲੀ ਨੂੰ ਸਬੰਧਿਤ ਕੀਤਾ, ਜਿਸ ‘ਚ ਵੱਡੀ ਗਿਣਤੀ ਲੋਕਾਂ ਨੇ ਸ਼ਿਰਕਤ ਕੀਤੀ।
ਜਨ ਸੰਪਰਕ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰ. ਕੁਲਵੰਤ ਸਿੰਘ ਨੇ ਕਿਹਾ ਕਿ ਜਿੱਥੇ ਪੰਜਾਬ ਦੇ ਲੋਕ ਹੀ ਰਵਾਇਤੀ ਸਿਆਸੀ ਪਾਰਟੀਆਂ ਦੇ ਕੰਮ ਕਾਜ ਤੋਂ ਸੰਤੁਸ਼ਟ ਨਹੀਂ ਹਨ, ਉੱਥੇ ਹੀ ਵਿਧਾਨ ਸਭਾ ਹਲਕਾ ਮੋਹਾਲੀ ਦੇ ਲੋਕ ਵੀ ਮੌਜੂਦਾ ਸਰਕਾਰ ਦੇ ਕੰਮ-ਕਾਜ ਤੋਂ ਅਸੰਤੁਸ਼ਟ ਨਜ਼ਰ ਆ ਰਹੇ ਹਨ। ਸ਼ਹਿਰ ‘ਚ ਵਿਕਾਸ ਕਾਰਜਾਂ ਦੇ ਨਾਂ ਉਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਜਿਸ ਦੀਆਂ ਉਦਾਹਰਨਾਂ ਵੀ ਪਿਛਲੇ ਕਈ ਦਿਨਾਂ ਤੋਂ ਅਖ਼ਬਾਰਾਂ ‘ਚ ਦੇਖਣ ਨੂੰ ਮਿਲ ਰਹੀਆਂ ਹਨ। ਸ੍ਰ. ਕੁਲਵੰਤ ਸਿੰਘ ਹਲਕਾ ਮੋਹਾਲੀ ਦੇ ਪਿੰਡ ਨਗਾਰੀ ਅਤੇ ਮੋਹਾਲੀ (Mohali)ਸ਼ਹਿਰ ਦੇ ਫੇਜ਼ 9 ਵਿਖੇ ਨਵੀਂ ਬਣੀ ਖਸਤਾ ਹਾਲਤ ਸਡ਼ਕ ਬਾਰੇ ਗੱਲ ਕਰ ਰਹੇ ਸਨ। ਇਸ ਤੋਂ ਇਲਾਵਾ ਪਿੰਡ ਗੋਬਿੰਦਗਡ਼੍ਹ ਵਿਖੇ ਬੀਤੇ ਦਿਨੀਂ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣੀ ਗੰਦਗੀ ਅਤੇ ਗਲ਼ੀਆਂ ਵਿੱਚ ਘੁੰਮਦੇ ਪਿੰਡ ਦੇ ਗੰਦੇ ਪਾਣੀ ਦੀਆਂ ਖ਼ਬਰਾਂ ਦਾ ਵੀ ਉਨ੍ਹਾਂ ਜ਼ਿਕਰ ਕੀਤਾ।

ਉਨ੍ਹਾਂ ਨੇ ਬਡ਼ਮਾਜਰਾ ਦੇ ਲੋਕਾਂ ਨੂੰ ਕਿਹਾ ਕਿ ਵਿਧਾਨ ਸਭਾ ਚੋਣਾਂ ਦਾ ਸਮਾਂ ਲਗਭਗ ਨੇਡ਼ੇ ਆ ਚੁੱਕਾ ਹੋਇਆ ਹੈ। ਇਸ ਲਈ ਮੌਜੂਦਾ ਸੱਤਾਧਾਰੀ ਪਾਰਟੀ ਦੇ ਲੀਡਰਾਂ ਨੂੰ ਉਹ ਅਜਿਹੇ ਵਿਕਾਸ ਦੀ ਥਾਂ ਕੀਤੇ ਗਏ ਵਿਨਾਸ਼ ਬਾਰੇ ਸਵਾਲ ਜ਼ਰੂਰ ਪੁੱਛਣ।


ਸ੍ਰ. ਕੁਲਵੰਤ ਸਿੰਘ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਮਾਜ ਸੇਵਾ ਅਤੇ ਆਪਣੇ ਹਲਕਾ ਮੋਹਾਲੀ ਦੇ ਸੇਵਾ ਲਈ ਪਹਿਲਾਂ ਵੀ ਕੰਮ ਕਰਦੇ ਰਹੇ ਹਨ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜੁਟੇ ਰਹਿਣਗੇ। ਉਨ੍ਹਾਂ ਨੇ ਮੋਹਾਲੀ ਨਗਰ ਨਿਗਮ ਦੇ ਮੇਅਰ ਵਜੋਂ ਆਪਣੇ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਬਾਰੇ ਚਾਨਣਾ ਵੀ ਪਾਇਆ।