Sukhjinder Singh Randhawa

ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦਾ ਵੱਡਾ ਬਿਆਨ, ਤਿਹਾੜ ਜੇਲ੍ਹ ਦਾ ਡੀਜੀਪੀ ਕੇਜਰੀਵਾਲ ਦੇ ਕਹਿਣ ‘ਤੇ ਗੈਂਗਸਟਰਾਂ ਨੂੰ ਦੇ ਰਿਹੈ ਸ਼ਹਿ

ਗੁਰਦਾਸਪੁਰ 10 ਅਕਤੂਬਰ 2022: ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਤੋਂ ਬਾਅਦ ਵਿਰੋਧੀ ਧਿਰ ਪੰਜਾਬ ਸਰਕਾਰ ਲਗਾਤਾਰ ਘੇਰ ਰਹੀ ਹੈ ਅਤੇ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਵੀ ਕਈ ਵਾਰ ਕਹਿ ਚੁੱਕੇ ਹਨ ਕਿ ਉਹਨਾਂ ਨੂੰ ਇਨਸਾਫ਼ ਮਿਲਦਾ ਦਿਖਾਈ ਨਹੀਂ ਦੇ ਰਿਹਾ ਅਤੇ ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਪਿੱਛੇ ਵੀ ਸਾਜਸ਼ ਦੱਸੀ ਜਾ ਰਹੀ ਹੈ | ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸੇ ਪਿੱਛੇ ਆਮ ਆਦਮੀ ਪਾਰਟੀ ਦਾ ਹੀ ਹੱਥ ਦੱਸਿਆ ਹੈ |

ਗੁਰਦਾਸਪੁਰ ਪਹੁੰਚੇ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਨੇ ਗੈਂਗਸਟਰਾਂ ਨੂੰ ਲੈ ਕੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਤਿਹਾੜ ਜੇਲ੍ਹ ਵਿਚ ਬੰਦ ਗੈਂਗਸਟਰ ਕੇਜਰੀਵਾਲ ਦੇ ਗੁੰਡੇ ਹਨ ਇਸ ਕਰਕੇ ਪੰਜਾਬ ਦੇ ਵਿੱਚ ਗੈਂਗਵਾਰ ਅਤੇ ਗੋਲੀਆਂ ਚੱਲਣਾ ਆਮ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਤਿਹਾੜ ਜੇਲ੍ਹ ਦਾ ਡੀਜੀਪੀ ਇਨ੍ਹਾਂ ਗੈਂਗਸਟਰਾਂ ਨੂੰ ਪਾਲ ਰਿਹਾ ਹੈ ਅਤੇ ਚੋਣਾਂ ਦੌਰਾਨ ਵੀ ਤਿਹਾੜ ਜੇਲ੍ਹ ਵਿੱਚ ਬੰਦ ਗੈਂਗਸਟਰਾਂ ਨੇ ਉਨ੍ਹਾਂ ਦੇ ਹਲਕੇ ਦੇ ਲੋਕਾਂ ਨੂੰ ਫ਼ੋਨ ਕਰ ਧਮਕਾਇਆ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ | ਜਿਸਦੀ ਸੂਚਨਾ ਉਨ੍ਹਾਂ ਨੇ ਤਿਹਾੜ ਜੇਲ੍ਹ ਦੇ ਡੀਜੀਪੀ ਨੂੰ ਦਿੱਤੀ ਸੀ |

ਇਸਦੇ ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਜੇਕਰ ਪੰਜਾਬ ਦੇ ਵਿੱਚੋਂ ਗੈਂਗਸਟਰ ਨੂੰ ਖਤਮ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਤਿਹਾੜ ਜੇਲ੍ਹ ਦੇ ਡੀਜੀਪੀ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਸ ਦੇ ਉੱਪਰ ਮਾਮਲਾ ਦਰਜ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਨਾਮਜ਼ਦ ਮਨਪ੍ਰੀਤ ਮੰਨਾ ਕੋਲੋਂ ਫ਼ਿਰੋਜ਼ਪੁਰ ਦੀ ਜੇਲ੍ਹ ਵਿੱਚ 2 ਮੋਬਾਇਲ ਫ਼ੋਨ ਮਿਲੇ ਹਨ ਜਦਕਿ ਫ਼ਿਰੋਜ਼ਪੁਰ ਜੇਲ੍ਹ ਵਿੱਚ ਕੋਈ ਪਰਿੰਦਾ ਪਰ ਨਹੀਂ ਮਾਰ ਸਕਦਾ ਪਰ ਗੈਂਗਸਟਰਾਂ ਕੋਲੋਂ ਮੋਬਾਈਲ ਫ਼ੋਨ ਮਿਲਣਾ ਅਤੇ ਗੈਂਗਸਟਰਾਂ ਦਾ ਭੱਜ ਜਾਣਾ ਇਹ ਪੰਜਾਬ ਸਰਕਾਰ ਦੀ ਮਿਲੀਭੁਗਤ ਹੈ | ਉਨ੍ਹਾਂ ਕਿਹਾ ਕਿ ਇਸ ਲਈ ਹੀ ਸਿੱਧੂ ਮੂਸੇ ਵਾਲ਼ਾ ਦਾ ਪਰਿਵਾਰ ਕਹਿ ਰਿਹਾ ਹੈ ਕਿ ਉਨ੍ਹਾਂ ਨੂੰ ਇਸ ਪੰਜਾਬ ਸਰਕਾਰ ਵਿਚ ਇਨਸਾਫ ਨਹੀਂ ਮਿਲ ਰਿਹਾ |

Scroll to Top