Site icon TheUnmute.com

ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੂਰਅੰਦੇਸ਼ੀ ਅਤੇ ਠਰੰਮੇ ਵਾਲੇ ਸਿਆਸਤਦਾਨ ਸਨ: ਰਘੂਜੀਤ ਸਿੰਘ ਵਿਰਕ

ਪ੍ਰਕਾਸ਼ ਸਿੰਘ ਬਾਦਲ

ਚੰਡੀਗੜ੍ਹ,27 ਅਪ੍ਰੈਲ 2023: ਰਘੂਜੀਤ ਸਿੰਘ ਵਿਰਕ ਮੈਂਬਰ ਅਤੇ ਸਾਬਕਾ ਸੀਨੀਅਰ ਮੀਤ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਨੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣਾ ਕਰ ਜਾਣ ਕਰਕੇ ਆਪਣਾ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਬਾਦਲ ਸਾਹਿਬ ਪੰਜਾਬ ਹੀ ਨਹੀਂ ਸਮੁੱਚੇ ਭਾਰਤ ਦੀ ਸਿਆਸਤ ਵਿੱਚ ਬਾਬਾ ਬੋਹੜ ਮੰਨੇ ਜਾਂਦੇ ਹਨ।

ਸ਼੍ਰੋਮਣੀ ਅਕਾਲੀ ਦਲ ਦੀਆਂ ਕੁਰਬਾਨੀਆਂ ਦੇ ਇਤਿਹਾਸ ਵਿਚ ਉਹਨਾਂ ਦਾ ਵਡਮੁੱਲਾ ਯੋਗਦਾਨ ਰਿਹਾ। ਉਨ੍ਹਾਂ ਕਈ ਸਾਲ ਜੇਲ੍ਹ ਵੀ ਕੱਟੀ। ਬਾਦਲ ਸਾਹਿਬ ਦੂਰਅੰਦੇਸ਼ੀ ਅਤੇ ਠਰੰਮੇ ਵਾਲੇ ਸਿਆਸਤਦਾਨ ਸਨ। ਉਹਨਾਂ ਪੰਜਾਬ ਦੀ ਰਾਜਨੀਤੀ ਨੂੰ ਹੀ ਨਹੀਂ ਬਲਕਿ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਬੜੇ ਨਜ਼ਦੀਕੀ ਤੋਂ ਦੇਖਿਆ। ਉਹਨਾਂ ਧਾਰਮਿਕ ਪੱਖੋਂ ਵੀ ਅਹਿਮ ਰੋਲ ਅਦਾ ਕੀਤਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਫਤਹਿ ਮੀਨਾਰ, ਵਿਰਾਸਤ-ਏ-ਖਾਲਸਾ, ਘੱਲੂਘਾਰਿਆਂ ਦੀਆਂ ਯਾਦਗਾਰਾਂ ਬਣਾਈਆਂ । ਬਾਦਲ ਸਾਹਿਬ ਨੇ ਪੰਜਾਬ ਦੀ ਉੱਨਤੀ ਖੁਸ਼ਹਾਲੀ ਅਤੇ ਸ਼ਾਂਤੀ ਲਈ ਅਣਥੱਕ ਯਤਨ ਕੀਤੇ ਅਤੇ ਦੇਸ਼ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਇਆ।

ਪੰਜਾਬ ਦੀ ਸ਼ਾਂਤੀ ਅਤੇ ਭਲਾਈ ਲਈ ਹਮੇਸ਼ਾ ਕੇਂਦਰ ਸਰਕਾਰ ਪਾਸ ਜਾ ਕੇ ਹੰਭਲਾ ਮਾਰਦੇ ਰਹੇ ਅਤੇ ਵਿਰੋਧੀ ਤਾਕਤਾਂ ਦਾ ਡੱਟ ਕੇ ਵਿਰੋਧ ਕਰਦੇ ਰਹੇ। ਸਮਾਜ ਭਲਾਈ ਸਕੀਮਾਂ ਜਿਵੇਂ ਸ਼ਗਨ ਸਕੀਮ, ਬਿਜਲੀ ਤੇ ਪਾਣੀ ਮੁਫ਼ਤ-ਆਟਾ ਦਾਲ ਸਕੀਮ, ਮਾਈ ਭਾਗੋ ਸਕੀਮ ਲਾਗੂ ਕਰਨ ਵਿੱਚ ਬਾਦਲ ਸਾਹਿਬ ਮੋਹਰੀ ਰਹੇ। ਉਹ ਸਮਾਜ ਦੇ ਹਰ ਵਰਗ ਦੇ ਲੋਕਾਂ ਦੇ ਪ੍ਰਸ਼ੰਸਾਯੋਗ ਰਹੇ ਹਨ ।

ਉਹਨਾਂ ਸ਼ਰਧਾ ਦੇ ਫੁੱਲ ਭੇਟ ਕਰਦੇ ਕਿਹਾ ਕਿ ਬਾਦਲ ਸਾਹਿਬ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਸੱਚੇ ਹਮਦਰਦ ਸਨ । ਉਨ੍ਹਾਂ ਦੇ ਚਲੇ ਜਾਣ ਨਾਲ ਦੇਸ਼, ਪੰਜਾਬ ਨੂੰ ਅਤੇ ਸਮੁੱਚੇ ਪੰਥ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ । ਬਾਦਲ ਸਾਹਿਬ ਨੂੰ ਸਿੱਖ ਇਤਿਹਾਸ ਅਤੇ ਵਿਰਾਸਤ ਦੀਆਂ ਯਾਦਗਾਰਾਂ ਉਚਾਰਨ, ਸਿੱਖੀ ਦੇ ਪ੍ਰਚਾਰ ਪ੍ਰਸਾਰ ਅਤੇ ਸਮਾਜ ਦੀ ਭਲਾਈ ਲਈ ਪਾਏ ਵਡਮੁੱਲੇ ਯੋਗਦਾਨ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਰਘੂਜੀਤ ਸਿੰਘ ਨੇ ਅਫਸੋਸ ਪ੍ਰਗਟਾਉਂਦਿਆਂ ਉਨ੍ਹਾਂ ਦੀ ਰੂਹ ਦੀ ਸ਼ਾਂਤੀ ਲਈ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਕਾਲ ਪੁਰਖ ਅੱਗੇ ਅਰਦਾਸ ਕੀਤੀ।

Exit mobile version