ਚੰਡੀਗੜ੍ਹ 11 ਮਈ 2022: ਪੰਜਾਬ ਸਰਕਾਰ ਵੱਲੋਂ ਸੂਬੇ ‘ਚ ਨਾਜਾਇਜ਼ ਕਬਜ਼ੇ ਨੂੰ ਛੁਡਵਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਕਾਫੀ ਜਮੀਨ ਛੁਡਵਾਈ ਗਈ ਹੈ | ਇਸੇ ਚੱਲਦੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ (Bibi Rajinder Kaur Bhattal) ਨੇ ਆਪਣੀ ਲਹਿਰਾਗਾਗਾ ਸਥਿਤ ਪੁਰਾਣੀ ਰਿਹਾਇਸ਼ (ਕੋਠੀ ) ਦੇ ਬਾਹਰ ਮੁੱਖ ਮਾਰਗ ਦਿਆਲਪੁਰਾ ਰਜਬਾਹੇ ਦੇ ਇੱਕ ਪਾਸੇ ਰਸਤੇ ‘ਤੇ ਪਿਛਲੇ 40 ਸਾਲਾਂ ਤੋਂ ਕੀਤਾ ਗਿਆ ਕਬਜ਼ਾ ਆਪਣੀ ਸਹਿਮਤੀ ਨਾਲ ਖੁਦ ਛੱਡ ਦਿੱਤਾ ਹੈ।
ਇਸਦੇ ਨਾਲ ਹੀ ਸ਼ਹਿਰ ਨਿਵਾਸੀਆਂ ਨੂੰ ਲਗਭਗ 40 ਸਾਲ ਤੋਂ ਬਾਅਦ ਉਕਤ ਰਸਤੇ ‘ਤੇ ਸਫਰ ਕਰਨ ਦਾ ਮੌਕਾ ਮਿਲੇਗਾ। ਇਸ ਮਾਮਲੇ ‘ਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਲਹਿਰਾ ਦੇ ਰਾਜੇਸ਼ ਕੁਮਾਰ ਭੋਲਾ ਨੇ ਕਿਹਾ ਕਿ ਉਹ ਸਰਕਾਰ ਦੇ ਲੋਕ ਪੱਖੀ ਫ਼ੈਸਲਿਆਂ ਦਾ ਹਮੇਸ਼ਾਂ ਸਹਿਯੋਗ ਕਰਦੇ ਹਨ। ਉਕਤ ਰਸਤੇ ਸਬੰਧੀ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਈ ਨਾਜਾਇਜ਼ ਕਬਜ਼ਾ ਨਹੀਂ ਕੀਤਾ ਸੀ ਬਲਕਿ ਸਕਿਉਰਿਟੀ ਲਈ ਕਮਰਾ ਬਣਾਇਆ ਗਿਆ ਸੀ।
ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਕਾਂਗਰਸ ਦੀ ਸਰਕਾਰ ਦੌਰਾਨ ਵੀ ਰਾਜਿੰਦਰ ਕੌਰ ਭੱਠਲ (Rajinder Kaur Bhattal) ਨੇ ਉਕਤ ਥਾਂ ਤੇ ਸੜਕ ਬਣਾਉਣ ਲਈ ਕਿਹਾ ਸੀ ਪਰ ਕੁਝ ਤਕਨੀਕੀ ਕਾਰਨਾਂ ਕਰਕੇ ਉਹ ਸੜਕ ਨਹੀਂ ਬਣ ਸਕੀ। ਉਨ੍ਹਾਂ ਨੇ ਨਾਜਾਇਜ਼ ਕਬਜ਼ੇ ਛੁਡਾਉਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ, ਉਨ੍ਹਾਂ ਕਿਹਾ ਕਿ ਉਕਤ ਥਾਂ ‘ਤੇ ਜੋ ਵੀ ਮਟੀਰੀਅਲ ਨਿਕਲੇਗਾ ,ਉਹ ਗ਼ਰੀਬ ਲੋਕ ਲਿਜਾ ਰਹੇ ਹਨ, ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੇ ਲੋਕ ਪੱਖੀ ਫ਼ੈਸਲਿਆਂ ਦਾ ਸਵਾਗਤ ਕਰਨ।
ਜਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਚਾਇਤੀ ਅਤੇ ਸਰਕਾਰੀ ਜ਼ਮੀਨਾਂ ਦੇ ਕਬਜਾਧਾਰੀਆਂ ਨੂੰ 31 ਮਈ ਤੱਕ ਆਪਣੇ ਕਬਜ਼ੇ ਛੱਡ ਕੇ ਜ਼ਮੀਨਾਂ ਸਰਕਾਰ ਨੂੰ ਸੌਂਪਣ ਦੀ ਅਪੀਲ ਕੀਤੀ ਹੈ ਪਰ ਇਸ ਤੋਂ ਪਹਿਲਾਂ ਹੀ ਸਰਕਾਰ ਦੇ ਫ਼ੈਸਲੇ ਦਾ ਅਸਰ ਦਿਖਾਈ ਦੇ ਰਿਹਾ ਹੈ।