Site icon TheUnmute.com

ਸ਼੍ਰੋਮਣੀ ਅਕਾਲੀ ਦਲ ‘ਚ ਵੱਡੀਆਂ ਤਬਦੀਲੀਆਂ ਕਰਨ ਸੰਬੰਧੀ 12 ਮੈਂਬਰੀ ਕਮੇਟੀ ਦਾ ਗਠਨ

Shiromani Akali Dal

ਚੰਡੀਗੜ੍ਹ 24 ਮਾਰਚ 2022: ਸ਼੍ਰੋਮਣੀ ਅਕਾਲੀ ਦਲ (Shiromani Akali Dal) ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਮੱਦੇਨਜ਼ਰ ਪਾਰਟੀ ਦੀ ਕਾਰਜਸ਼ੈਲੀ, ਜਥੇਬੰਦਕ ਢਾਂਚਾ, ਪਾਰਟੀ ਨੂੰ ਸਿਧਾਂਤਕ ਲੀਹਾਂ ਤੇ ਲਿਆਉਣ, ਪਾਰਟੀ ਦੀਆਂ ਨੀਤੀਆਂ ‘ਚ ਵੱਡੀਆਂ ਤਬਦੀਲੀਆਂ ਕਰਨ ਅਤੇ ਪਿੰਡ ਪੱਧਰ ਤੱਕ ਪਾਰਟੀ ‘ਚ ਨਵੀਂ ਰੂਹ ਫੂਕਣ ਲਈ ਇੱਕ 12 ਮੈਂਬਰੀ ਉਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਦਾ ਐਲਾਨ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਚੰਡੀਗੜ੍ਹ ‘ਚ ਕੀਤਾ।

ਇਸ 12 ਮੈਂਬਰੀ ਉਚ ਪੱਧਰੀ ਕਮੇਟੀ ‘ਚ ਜਿਹਨਾਂ ਮੈਂਬਰ ਨੂੰ ਸ਼ਾਮਲ ਕੀਤਾ ਗਿਆ ਹੈ ਉਹਨਾਂ ‘ਚ ਸ. ਬਲਵਿੰਦਰ ਸਿੰਘ ਭੂੰਦੜ, ਸ.ਚਰਨਜੀਤ ਸਿੰਘ ਅਟਵਾਲ, ਬੀਬੀ ਜਗੀਰ ਕੌਰ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸ. ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ, ਸ. ਸਿਕੰਦਰ ਸਿੰਘ ਮਲੂਕਾ, ਸ.ਹੀਰਾ ਸਿੰਘ ਗਾਬੜੀਆ, ਸ. ਗੁਲਜਾਰ ਸਿੰਘ ਰਾਣੀਕੇ, ਸ. ਸ਼ਰਨਜੀਤ ਸਿੰਘ ਢਿੱਲੋਂ, ਸ. ਜਨਮੇਜਾ ਸਿੰਘ ਸੇਖੋਂ ਅਤੇ ਸ. ਸੁਰਜੀਤ ਸਿੰਘ ਰੱਖੜਾ ਦੇ ਨਾਮ ਸ਼ਾਮਲ ਹਨ।

ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਮੁੱਖ ਦਫਤਰ ਤੋਂ ਇਸ ਸੰਬੰਧ ‘ਚ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਹਿਲਾਂ ਵਿਧਾਨ ਸਭਾ ਚੋਣਾਂ ਦੇ ਸਬੰਧ ‘ਚ ਪਹਿਲਾਂ ਕੋਰ ਕਮੇਟੀ ‘ਚ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ, ਫਿਰ ਜਿਲਾ ਜਥੇਦਾਰ ਸਹਿਬਾਨ, ਪਾਰਟੀ ਦੇ ਸਾਰੇ ਉਮੀਦਵਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰਾਂ, ਯੂਥ ਵਿੰਗ ਅਤੇ ਐਸ.ਓ.ਆਈ ਦੇ ਅਹੁਦੇਦਾਰਾਂ ਆਦਿ ਨਾਲ ਵਿਸਥਾਰ ਨਾਲ ਮੀਟਿੰਗਾਂ ਕੀਤੀਆਂ ਗਈਆਂ। ਇਹਨਾਂ ਮੀਟਿੰਗਾਂ ‘ਚ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਪਾਰਟੀ ‘ਚ ਸਮੇ ਦੇ ਅਨੁਸਾਰ ਵੱਡੀਆਂ ਤਬਦੀਲੀਆਂ ਕਰਨ ਅਤੇ ਸਾਰੇ ਮਸਲੇ ਦੀ ਘੋਖ ਕਰਨ ਲਈ ਉਚ ਪੱਧਰੀ ਕਮੇਟੀ ਬਣਾਈ ਜਾਵੇ। ਇਹ ਕਮੇਟੀ ਹਰ ਪੱਧਰ ਤੇ ਤਾਲਮੇਲ ਕਰਕੇ ਵਿਸਥਾਰਤ ਰਿਪੋਰਟ ਪਾਰਟੀ ਦੀ ਕੋਰ ਕਮੇਟੀ ਨੂੰ ਸੌਂਪੇਗੀ ਜਿੱਥੇ ਕਮੇਟੀ ਦੀ ਰਾਏ ਅਨੁਸਾਰ ਵੱਡੇ ਫੈਸਲੇ ਲਏ ਜਾਣਗੇ।

Exit mobile version