ਚੰਡੀਗੜ੍ਹ 08 ਨਵੰਬਰ 2022: ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ (Dr. S. Jaishankar) ਰੂਸ ਦੇ ਦੋ ਦਿਨਾਂ ਦੌਰੇ ‘ਤੇ ਹਨ। ਮੰਗਲਵਾਰ ਨੂੰ ਉਨ੍ਹਾਂ ਨੇ ਮਾਸਕੋ ‘ਚ ਆਪਣੇ ਹਮਰੁਤਬਾ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ (Sergey Lavrov) ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਨੇ ਆਪਸੀ ਹਿੱਤਾਂ ਦੇ ਦੁਵੱਲੇ, ਖੇਤਰੀ ਅਤੇ ਗਲੋਬਲ ਮੁੱਦਿਆਂ ‘ਤੇ ਚਰਚਾ ਕੀਤੀ।
ਇਸ ਦੌਰਾਨ ਜੈਸ਼ੰਕਰ ਨੇ ਕਿਹਾ, ਇਸ ਸਾਲ ਅਸੀਂ ਪੰਜਵੀਂ ਵਾਰ ਮਿਲ ਰਹੇ ਹਾਂ ਅਤੇ ਇਹ ਲੰਬੇ ਸਮੇਂ ਦੀ ਸਾਂਝੇਦਾਰੀ ਇੱਕ ਦੂਜੇ ਨੂੰ ਜੋ ਮਹੱਤਵ ਦਿੰਦੀ ਹੈ ਉਹ ਬਹੁਤ ਮਹੱਤਵਪੂਰਨ ਹੈ। ਜੈਸ਼ੰਕਰ ਅਤੇ ਲਾਵਰੋਵ ਫਰਵਰੀ ਵਿਚ ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਚਾਰ ਵਾਰ ਮਿਲ ਚੁੱਕੇ ਹਨ। ਜੈਸ਼ੰਕਰ ਨੇ ਅੱਗੇ ਕਿਹਾ, ਸਾਡੀਆਂ ਸਰਕਾਰਾਂ ਵੱਖ-ਵੱਖ ਪੱਧਰਾਂ ‘ਤੇ ਲਗਾਤਾਰ ਸੰਪਰਕ ਵਿੱਚ ਹਨ ਅਤੇ ਗੱਲਬਾਤ ਜਾਰੀ ਰਹੇਗੀ |
ਜੈਸ਼ੰਕਰ ਨੇ ਕਿਹਾ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਰਕੰਦ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਕਿਹਾ ਸੀ, ਇਹ ਯੁੱਧ ਦਾ ਸਮਾਂ ਨਹੀਂ ਹੈ। ਅਸੀਂ ਯੂਕਰੇਨ ਯੁੱਧ ਦੇ ਨਤੀਜੇ ਦੇਖ ਰਹੇ ਹਾਂ। ਭਾਰਤ ਨੇ ਗੱਲਬਾਤ ਕਰਕੇ ਸਮੱਸਿਆ ਦਾ ਹਾਲ ਕੱਢਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀ ਹੁਣ ਯੂਕਰੇਨ ਸੰਘਰਸ਼ ਦੇ ਪ੍ਰਭਾਵਾਂ ਨੂੰ ਦੇਖ ਰਹੇ ਹਾਂ, ਅੱਤਵਾਦ ਅਤੇ ਜਲਵਾਯੂ ਪਰਿਵਰਤਨ ਵੀ ਸਾਲ ਭਰ ਦੇ ਮੁੱਦੇ ਹਨ, ਜਿਨ੍ਹਾਂ ਦਾ ਤਰੱਕੀ ਅਤੇ ਖੁਸ਼ਹਾਲੀ ‘ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ।
ਦੂਜੇ ਪਾਸੇ ਲਾਵਰੋਵ ਨੇ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰਾ ਜਿਨ੍ਹਾਂ ਤਬਦੀਲੀਆਂ ਵਿੱਚੋਂ ਲੰਘ ਰਿਹਾ ਹੈ, ਸਾਡੇ ਲਈ ਇਹ ਮੁਲਾਂਕਣ ਕਰਨਾ ਮਹੱਤਵਪੂਰਨ ਹੈ ਕਿ ਅਸੀਂ ਆਰਥਿਕਤਾ, ਵਪਾਰ ਨਿਵੇਸ਼, ਤਕਨਾਲੋਜੀ ਖੇਤਰ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਰੂਸ ਦੇ ਰਾਸ਼ਟਰਪਤੀ ਦੁਆਰਾ ਨਿਰਧਾਰਤ ਟੀਚਿਆਂ ‘ਤੇ ਕਿਵੇਂ ਕੰਮ ਕਰ ਸਕਦੇ ਹਾਂ।
“ਅਸੀਂ ਆਪਣੀਆਂ ਕਾਰਵਾਈਆਂ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐੱਨ.ਐੱਸ.ਸੀ.) ਵਰਗੀਆਂ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਸਾਂਝਾ ਕਰਦੇ ਹਾਂ, ਜਿਸ ਦਾ ਭਾਰਤ ਅਜੇ ਵੀ ਗੈਰ-ਸਥਾਈ ਮੈਂਬਰ ਹੈ, ਜੋ ਸਾਡੇ ਏਜੰਡੇ ਨੂੰ ਮਜ਼ਬੂਤ ਕਰ ਰਿਹਾ ਹੈ,” ਉਨ੍ਹਾਂ ਕਿਹਾ ਮੈਨੂੰ ਯਕੀਨ ਹੈ ਕਿ ਅੱਜ ਅਸੀਂ ਇਨ੍ਹਾਂ ਸਾਰੇ ਮੁੱਦਿਆਂ ‘ਤੇ ਚੰਗੀ ਗੱਲਬਾਤ ਕਰਨ ਜਾ ਰਹੇ ਹਾਂ।
4 ਅਕਤੂਬਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਜ਼ੇਲੇਂਸਕੀ ਨਾਲ ਫ਼ੋਨ ‘ਤੇ ਗੱਲਬਾਤ ਕੀਤੀ ਸੀ। ਇਸ ਦੌਰਾਨ ਮੋਦੀ ਨੇ ਕਿਹਾ ਸੀ ਕਿ ਸਮੱਸਿਆ ਦਾ ਕੋਈ ਫੌਜੀ ਹੱਲ ਨਹੀਂ ਹੋ ਸਕਦਾ। ਭਾਰਤ ਕਿਸੇ ਵੀ ਤਰ੍ਹਾਂ ਦੀ ਸ਼ਾਂਤੀ ਦੀ ਕੋਸ਼ਿਸ਼ ਵਿੱਚ ਯੋਗਦਾਨ ਦੇਣ ਲਈ ਤਿਆਰ ਹੈ |ਪ੍ਰਧਾਨ ਮੰਤਰੀ ਮੋਦੀ ਨੇ ਇਸ ਸਾਲ 16 ਸਤੰਬਰ ਨੂੰ ਉਜ਼ਬੇਕਿਸਤਾਨ ਦੇ ਸ਼ਹਿਰ ਸਮਰਕੰਦ ਵਿੱਚ ਪੁਤਿਨ ਨਾਲ ਦੁਵੱਲੀ ਮੀਟਿੰਗ ਕੀਤੀ ਸੀ। ਇਸ ਦੌਰਾਨ ਉਨ੍ਹਾਂ ਕਿਹਾ ਸੀ, ਅੱਜ ਦਾ ਦੌਰ ਜੰਗ ਦਾ ਨਹੀਂ ਹੈ। ਭਾਰਤ ਦਾ ਮੰਨਣਾ ਹੈ ਕਿ ਸੰਕਟ ਨੂੰ ‘ਸੰਵਾਦ’ ਅਤੇ ‘ਕੂਟਨੀਤੀ’ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ।