ਖਰੜ/ਐੱਸ ਏ ਐੱਸ ਨਗਰ, 19 ਅਗਸਤ, 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ਪੰਜਾਬ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਕੇ ਪੰਜਾਬ ਨੂੰ ‘ਰੰਗਲਾ ਪੰਜਾਬ’ ਬਨਾਉਣ ਲਈ ਸੈਰ ਸਪਾਟਾ ਅਤੇ ਸੱਭਿਆਚਾਰ ਮਾਮਲਿਆਂ ਬਾਰੇ ਵਿਭਾਗ ਲਗਾਤਾਰ ਯਤਨਸ਼ੀਲ ਹੈ, ਜਿਸ ਤਹਿਤ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰੇਕ ਜ਼ਿਲ੍ਹੇ ਦੀ ਸਥਾਨਕ ਮਹੱਤਤਾ ਅਤੇ ਵਿਰਾਸਤ ਨੂੰ ਉਭਾਰਨ ਲਈ ਸੱਭਿਆਚਾਰ ਤੇ ਵਿਰਾਸਤੀ ਮੇਲਿਆਂ ਦਾ ਧੂਮ ਧਾਮ ਨਾਲ ਆਯੋਜਨ ਕੀਤਾ ਜਾਵੇਗਾ।
ਇਹ ਪ੍ਰਗਟਾਵਾ ਸੈਰ ਸਪਾਟਾ ਤੇ ਸੱਭਿਆਚਾਰ ਮਾਮਲੇ, ਨਿਵੇਸ਼ ਪ੍ਰੋਤਸਾਹਨ, ਕਿਰਤ ਤੇ ਪ੍ਰਾਹੁਣਚਾਰੀ ਵਿਭਾਗਾਂ ਦੇ ਮੰਤਰੀ ਅਨਮੋਲ ਗਗਨ ਮਾਨ ਨੇ ਐਤਵਾਰ ਨੂੰ ਖਰੜ ਵਿਖੇ ਕਰਵਾਏ ਗਏ ਤੀਆਂ ਦੇ ਮੇਲੇ ਵਿੱਚ ਸ਼ਿਰਕਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਤੀਆਂ ਦਾ ਤਿਉਹਾਰ ਧੀਆਂ ਦੇ ਅਰਮਾਨਾਂ ਤੇ ਸਧਰਾਂ ਦਾ ਪ੍ਰਤੀਕ ਹੈ, ਜਿਸ ਰਾਹੀਂ ਹਰ ਧੀ ਆਪਣੀ ਖੁਸ਼ੀ ਇਨ੍ਹਾਂ ਦਿਨਾਂ ਚ ਆਪਣੀਆਂ ਸੰਗੀ ਸਾਥਣਾ ਨਾਲ ਸਾਂਝੀ ਕਰਦੀ ਹੈ। ਉਨ੍ਹਾਂ ਕਿਹਾ ਕਿ ਕੁਝ ਤਿੱਥ ਤਿਉਹਾਰ ਅਜਿਹੇ ਹੁੰਦੇ ਹਨ ਜੋ ਕਿ ਮਾਵਾਂ ਰਾਹੀਂ ਅੱਗੋਂ ਧੀਆਂ ਨੂੰ ਵਿਰਾਸਤ ਚ ਮਿਲਦੇ ਹਨ। ਉਨ੍ਹਾਂ ਕਿਹਾ ਕਿ ਤੀਆਂ ਹਰ ਉਮਰ ਦੀਆਂ ਸਧਰਾਂ ਦਾ ਪ੍ਰਤੀਕ ਹਨ ਅਤੇ ਹਰ ਉਮਰ ਦੀਆਂ ਔਰਤਾਂ ਇਸ ਵਿੱਚ ਭਾਗ ਲੈਂਦੀਆਂ ਹਨ।
ਉਨ੍ਹਾਂ ਕਿਹਾ ਕਿ ਆਉਂਦੇ ਸਾਲ ਉਨ੍ਹਾਂ ਦਾ ਵਿਭਾਗ ਤੀਆਂ ਦੇ ਤਿਉਹਾਰ ਨੂੰ ਵੱਡੇ ਪੱਧਰ ਤੇ ਮਨਾਏਗਾ ਅਤੇ ਹਰ ਜ਼ਿਲ੍ਹੇ ਵਿੱਚ ਇਸ ਸਬੰਧੀ ਸਮਾਗਮ ਰੱਖਣ ਤੇ ਵਿਚਾਰ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਪੰਜਾਬ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਤੋਂ ਦੁਨੀਆ ਨੂੰ ਜਾਣੂ ਕਰਵਾਉਣ, ਸੂਬੇ ਵਿੱਚ ਸੈਰ ਸਪਾਟਾ ਖੇਤਰ ਨੂੰ ਹੋਰ ਪ੍ਰਫੁੱਲਤ ਕਰਨ ਅਤੇ ਸੈਲਾਨੀਆਂ ਨੂੰ ਪੰਜਾਬ ਵੱਲ ਆਕਰਸ਼ਿਤ ਕਰਨ ਲਈ ਸੂਬੇ ਵਿੱਚ ਅਗਲੇ ਮਹੀਨੇ ਮੋਹਾਲੀ ਵਿਖੇ ਪੰਜਾਬ ਟੂਰਿਜ਼ਮ ਸੰਮੇਲਨ ਕਰਵਾਇਆ ਜਾਵੇਗਾ, ਜਿਸ ਵਿੱਚ ਦੇਸ਼ ਵਿਦੇਸ਼ ਤੋਂ ਵੀ ਪ੍ਰਤੀਨਿਧ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਅਜਿਹਾ ਸੰਮੇਲਨ ਪੰਜਾਬ ਵਿੱਚ ਪਹਿਲੀ ਵਾਰ ਹੋਵੇਗਾ, ਜਿਸ ਨਾਲ ਸੈਰ ਸਪਾਟਾ ਖੇਤਰ ਚ ਨਿਵੇਸ਼ ਨੂੰ ਵੀ ਉਤਸ਼ਾਹ ਮਿਲੇਗਾ।
ਇਸ ਮੌਕੇ ਉਨ੍ਹਾਂ ਖੁਦ ਬੋਲੀਆਂ ਵੀ ਪਾਈਆਂ ਅਤੇ ਤੀਆਂ ਦੇ ਜਸ਼ਨਾਂ ਵਿੱਚ ਹਿੱਸਾ ਲਿਆ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਪਰਸਨ ਪ੍ਰਭਜੋਤ ਕੌਰ, *ਸੰਦਲੀ ਪੈੜਾਂ ਕਲੱਬ ਖਰੜ* ਦੀਆਂ ਅਹੁਦੇਦਾਰ ਵੀ ਮੌਜੂਦ ਸਨ।