ਅੰਮ੍ਰਿਤਸਰ, 17 ਅਕਤੂਬਰ 2024: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਅੰਮ੍ਰਿਤਸਰ ‘ਚ ਭਗਵਾਨ ਸ੍ਰੀ ਵਾਲਮੀਕਿ ਤੀਰਥ ਸਥਲ (ਰਾਮ ਤੀਰਥ) ਵਿਖੇ ਮੱਥਾ ਟੇਕਿਆ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਪਵਿੱਤਰ ਧਰਤੀ ਨੂੰ ਹੋਰ ਸੁੰਦਰ ਬਣਾਉਣ ਲਈ ਕੋਈ ਕਸਰ ਨਹੀਂ ਛੱਡੇਗੀ | ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਭਗਵਾਨ ਵਾਲਮੀਕਿ ਜੀ (Sri Valmiki Ji) ਦੇ ਦਰਸਾਏ ਮਾਰਗ ਅਤੇ ਉੱਚ ਆਦਰਸ਼ਾਂ ‘ਤੇ ਚੱਲ ਰਹੀ ਹੈ ਤਾਂ ਜੋ ਬਰਾਬਰੀ ਵਾਲਾ ਸਮਾਜ ਦੀ ਸਿਰਜਿਆ ਜਾ ਸਕੇ |
ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਸੰਸਕ੍ਰਿਤ ਭਾਸ਼ਾ ਦੇ ਪਿਤਾਮਾ ਅਤੇ ਦੁਨੀਆ ਦੇ ਪਹਿਲੇ ਕਵੀ ਜਾਂ ਆਦਿ ਕਵੀ ਸਨ, ਜਿਨ੍ਹਾਂ ਨੇ ਆਪਣੀ ਅਮਰ ਅਤੇ ਮਹਾਨ ਰਚਨਾ ਰਾਮਾਇਣ ਲਿਖੀ ਹੈ ਅਤੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦਿੱਤਾ ਹੈ ।
ਸੀਐੱਮ ਮਾਨ ਨੇ ਇਹ ਵੀ ਕਿਹਾ ਕਿ ਇਹ (Sri Valmiki Ji) ਮਹਾਨ ਮਹਾਂਕਾਵਿ ਸਦੀਆਂ ਤੋਂ ਲੋਕਾਂ ਨੂੰ ਜੀਵਨ ਜਿਊਣ ਦਾ ਉਪਦੇਸ਼ ਦਿੰਦਾ ਆ ਰਿਹਾ ਹੈ ਅਤੇ ਲੋਕਾਂ ਲਈ ਨੈਤਿਕ ਜੀਵਨ ਦਾ ਚਾਨਣ ਮੁਨਾਰਾ ਬਣਿਆ ਹੋਇਆ ਹੈ, ਜੋ ਅੱਜ ਦੇ ਪਦਾਰਥਵਾਦੀ ਯੁੱਗ ‘ਚ ਹੋਰ ਵੀ ਪ੍ਰਸੰਗਿਕ ਹੈ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਨੇ ਇੱਕ ਆਦਰਸ਼ ਰਾਜ ਜਾਂ ਸਮਾਜ ਦੀ ਸਿਰਜਣਾ ਲਈ ਆਦਰਸ਼ ਵਿਅਕਤੀ, ਆਦਰਸ਼ ਸ਼ਾਸਕ ਅਤੇ ਆਦਰਸ਼ ਨਾਗਰਿਕ ਦੇ ਨਾਲ-ਨਾਲ ਸਮਾਜ ‘ਚ ਬਰਾਬਰਤਾ ‘ਤੇ ਜ਼ੋਰ ਦਿੱਤਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਮਹਾਨ ਗੁਰੂਆਂ, ਸੰਤਾਂ, ਪੀਰਾਂ ਅਤੇ ਪੈਗੰਬਰਾਂ ਦੀ ਧਰਤੀ ਹੈ ਅਤੇ ਭਗਵਾਨ ਵਾਲਮੀਕਿ ਜੀ ਨੇ ਇਸ ਪਵਿੱਤਰ ਧਰਤੀ ‘ਤੇ ਭਗਵਾਨ ਰਾਮ ਜੀ ਦੇ ਪੁੱਤਰਾਂ ਲਵ ਕੁਸ਼ ਨੂੰ ਸਿੱਖਿਆ ਦਿੱਤੀ ਸੀ। ਭਗਵੰਤ ਮਾਨ ਨੇ ਕਿਹਾ ਕਿ ਉਹ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਇਸ ਪਵਿੱਤਰ ਧਰਤੀ ‘ਤੇ ਮੱਥਾ ਟੇਕਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਪਵਿੱਤਰ ਅਸਥਾਨ ਦੇ ਵਿਆਪਕ ਵਿਕਾਸ ਲਈ ਸਾਧਨ ਜੁਟਾਉਣ ਲਈ ਵਚਨਬੱਧ ਹੈ।
ਇਸਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਅਸਥਾਨ ਨੂੰ ਹੋਰ ਸੁੰਦਰ ਬਣਾਉਣ ਲਈ ਹਰ ਸੰਭਵ ਕਦਮ ਚੁੱਕੇਗੀ ਤਾਂ ਜੋ ਭਗਵਾਨ ਵਾਲਮੀਕਿ ਦੇ ਜੀਵਨ ਅਤੇ ਫਲਸਫੇ ਦਾ ਪ੍ਰਚਾਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਭਗਵਾਨ ਵਾਲਮੀਕਿ ਜੀ ਦੇ ਨਕਸ਼ੇ ਕਦਮਾਂ ‘ਤੇ ਚੱਲ ਕੇ ਸਮਾਜ ਦੇ ਹਰ ਵਰਗ ਦੀ ਭਲਾਈ ਨੂੰ ਯਕੀਨੀ ਬਣਾ ਰਹੀ ਹੈ। ਸੂਬਾ ਸਰਕਾਰ ਪੰਜਾਬ ‘ਚ ਭਾਈਚਾਰਕ ਸਾਂਝ, ਧਾਰਮਿਕ ਸਦਭਾਵਨਾ ਅਤੇ ਅਮਨ ਸ਼ਾਂਤੀ ਨੂੰ ਹੋਰ ਮਜ਼ਬੂਤ ਕਰਨ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ‘ਚ ਸੀਵਰੇਜ ਕਾਮਿਆਂ ਨਾਲ ਹੋ ਰਹੇ ਅਣਮਨੁੱਖੀ ਸਲੂਕ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਨੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਦਾ ਫੈਸਲਾ ਕੀਤਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੀਵਰੇਜ ਮੁਲਾਜ਼ਮਾਂ ਦੀਆਂ ਡਿਊਟੀਆਂ ਸੁਚਾਰੂ ਢੰਗ ਨਾਲ ਨਿਭਾਉਣ ਲਈ ਨਵੀਂ ਮਸ਼ੀਨਰੀ ਖਰੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ
ਪਹਿਲਾਂ ਹੀ ਸਫ਼ਾਈ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਲਈ ਨੀਤੀ ‘ਤੇ ਵਿਚਾਰ ਕਰ ਰਹੀ ਹੈ।ਇਸ ਸੰਬੰਧੀ ਪਹਿਲਾਂ ਹੀ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਜਾ ਚੁੱਕਾ ਹੈ ਅਤੇ ਛੇਤੀ ਹੀ ਵਿਧੀ ਤਿਆਰ ਕੀਤੀ ਜਾਵੇਗੀ।
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਮ ਆਦਮੀ ਦੇ ਸਸ਼ਕਤੀਕਰਨ ਲਈ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਜੇ.ਈ.ਈ. ਅਤੇ ਹੋਰ ਵੱਕਾਰੀ ਪ੍ਰੀਖਿਆਵਾਂ ਪਾਸ ਕਰ ਰਹੇ ਹਨ, ਜੋ ਉਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ‘ਚ ਮੱਦਦ ਕਰਨਗੇ।