ਚੰਡੀਗੜ੍ਹ 27 ਜਨਵਰੀ 2022: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election) ਲਈ ਨਾਮਜ਼ਦਗੀ ਦਾਖ਼ਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਚੋਣ ਜ਼ਾਬਤੇ ਦੇ ਉਲੰਘਣ ਨੂੰ ਲੈ ਕੇ ਸਖ਼ਤ ਰੁਖ ਅਪਣਾ ਰਹੀ ਹੈ। ਇਸਦੇ ਚਲਦੇ ਪੰਜਾਬ ‘ਦੇ ਅੰਦਰੂਨੀ ਇਲਾਕਿਆਂ ‘ਚ ਫਲਾਇੰਗ ਸਕੁਆਇਡ ਟੀਮਾਂ ਉਤਰਨਗੀਆਂ। ਇਸ ਸਬੰਧੀ ਨਿਰਦੇਸ਼ ਹਲਕਾ ਪੂਰਬੀ ਦੇ ਰਿਟਰਨਿੰਗ ਅਫ਼ਸਰ ਅੰਕੁਰ ਮਹਿੰਦਰੂ ਵੱਲੋਂ ਸਟਾਫ਼ ਨੂੰ ਜਾਰੀ ਕੀਤੇ ਗਏ ਹਨ।
ਇਸ ਨਿਰਦੇਸ਼ਾ ਤਹਿਤ ਰੋਕ ਦੇ ਬਾਵਜੂਦ ਰੋਡ ਸ਼ੋਅ ਕੱਢਣ ਜਾਂ ਜਨਤਕ ਰੈਲੀ ਕਰਨ ਨੂੰ ਲੈ ਕੇ ਨਜ਼ਰ ਰੱਖੀ ਜਾਵੇਗੀ। ਜਿੱਥੇ ਤੱਕ ਲੋਕਾਂ ਦੀ ਤੈਅ ਗਿਣਤੀ ਦੇ ਨਾਲ ਡੋਰ-ਟੂ-ਡੋਰ ਪ੍ਰਚਾਰ ਜਾਂ ਮੀਟਿੰਗ ਕਰਨ ਦਾ ਸਵਾਲ ਹੈ, ਉਸ ਸੰਬੰਧੀ ਮਨਜ਼ੂਰੀ ਚੈੱਕ ਕੀਤੀ ਜਾਵੇਗੀ ਅਤੇ ਇਸ ਦੌਰਾਨ ਕੀਤਾ ਜਾਣ ਵਾਲਾ ਖ਼ਰਚਾ ਉਮੀਦਵਾਰਾਂ ਦੇ ਅਕਾਊਂਟ ਨਾਲ ਜੁੜੇਗਾ। ਇਸ ਤੋਂ ਇਲਾਵਾ ਬਿਨਾਂ ਮਨਜ਼ੂਰੀ ਦੇ ਤੈਅ ਗਿਣਤੀ ਤੋਂ ਜ਼ਿਆਦਾ ਲੋਕਾਂ ਦੇ ਨਾਲ ਜਾਂ ਰੋਕ ਵਾਲੀਆਂ ਚੁਣਾਵੀ ਗਤੀਵਿਧੀਆਂ ਦੀ ਸ਼ਿਕਾਇਤ ਮਿਲਣ ‘ਤੇ ਉਮੀਦਵਾਰਾਂ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ ਅਤੇ ਸਬੂਤ ਜੁਟਾਉਣ ਲਈ ਵੀਡੀਓ ਸਰਵਿਲਾਂਸ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election) ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਪਾਰਟੀਆਂ ਜਾਂ ਉਮੀਦਵਾਰਾਂ ਵੱਲੋਂ ਸ਼ਰਾਬ ਜਾਂ ਰਾਸ਼ਨ ਵੰਡਣ ‘ਤੇ ਰੋਕ ਲਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜਿਸ ਦੇ ਲਈ ਗੋਦਾਮਾਂ ਦੀ ਚੈਕਿੰਗ ਹੋਵੇਗੀ। ਇਸ ਕੰਮ ਦੀ ਜ਼ਿੰਮੇਵਾਰੀ ਪੁਲਸ ਦੇ ਨਾਲ ਐਕਸਾਈਜ਼ ਵਿਭਾਗ ਨੂੰ ਦਿੱਤੀ ਗਈ ਹੈ, ਜਦੋਂ ਕਿ ਚੋਣਾਂ ‘ਚ ਵੰਡਣ ਲਈ ਲਾਈ ਜਾ ਰਹੀ ਨਕਦੀ, ਸ਼ਰਾਬ ਜਾਂ ਨਸ਼ੇ ਦੀ ਰੋਕਥਾਮ ਲਈ ਸਟੇਟਿਕ ਸਰਵਿਲਾਂਸ ਟੀਮਾਂ ਦੀ ਡਿਊਟੀ ਲਾਈ ਗਈ ਹੈ।