ਚੰਡੀਗੜ੍ਹ, 30 ਸਤੰਬਰ 2023: ਅਮਰੀਕਾ ਦੇ ਨਿਊਯਾਰਕ (New York) ‘ਚ ਸ਼ੁੱਕਰਵਾਰ ਨੂੰ ਭਾਰੀ ਬਾਰਿਸ਼ ਦੇ ਨਾਲ ਤੂਫਾਨ ਨੇ ਕਾਫੀ ਨੁਕਸਾਨ ਪਹੁੰਚਾਇਆ ਹੈ । ਇਸ ਕਾਰਨ ਸੜਕਾਂ, ਹਾਈਵੇਅ ਅਤੇ ਲੋਕਾਂ ਦੇ ਘਰਾਂ ਵਿੱਚ ਪਾਣੀ ਭਰ ਗਿਆ ਅਤੇ ਕਈ ਜਣੇ ਆਪਣਾ ਘਰ ਛੱਡਣ ਲਈ ਮਜ਼ਬੂਰ ਹੋ ਗਏ ਹਨ । ਨਿਊਯਾਰਕ ਸਿਟੀ ਵਿੱਚ ਸ਼ੁੱਕਰਵਾਰ ਨੂੰ 3-6 ਇੰਚ ਮੀਂਹ ਪਿਆ। ਇੱਥੋਂ ਦੇ ਜੌਨ ਐੱਫ ਕੈਨੇਡੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸ਼ੁੱਕਰਵਾਰ ਦੁਪਹਿਰ ਤੱਕ ਇਕ ਦਿਨ ‘ਚ ਕਰੀਬ 8 ਇੰਚ ਮੀਂਹ ਪਿਆ। ਇਹ 1948 ਤੋਂ ਬਾਅਦ ਇਸ ਖੇਤਰ ਵਿੱਚ ਸਭ ਤੋਂ ਵੱਧ ਬਾਰਸ਼ ਹੈ।
ਜਦੋਂ ਕਿ ਬਰੁਕਲਿਨ ਵਿੱਚ 3 ਦਿਨਾਂ ਦੇ ਅੰਦਰ ਇੱਕ ਮਹੀਨੇ ਤੱਕ ਮੀਂਹ ਪਿਆ। ਇਸ ਕਾਰਨ ਲੋਕ ਕਾਰਾਂ ਅਤੇ ਘਰਾਂ ਵਿੱਚ ਫਸ ਗਏ। ਉਨ੍ਹਾਂ ਨੂੰ ਫਾਇਰ ਬ੍ਰਿਗੇਡ ਦੀ ਟੀਮ ਅਤੇ ਹੋਰ ਸੁਰੱਖਿਆ ਕਰਮਚਾਰੀਆਂ ਨੇ ਬਚਾਇਆ। ਲਾਗਾਰਡੀਆ ਹਵਾਈ ਅੱਡੇ ‘ਤੇ ਉਡਾਣਾਂ ਨੂੰ ਦੇਰੀ ਨਾਲ ਜਾਣਾ ਪਿਆ। ਇਸ ਦੇ ਨਾਲ ਹੀ ਕੁਝ ਹਿੱਸਿਆਂ ‘ਚ ਮੈਟਰੋ ਸੇਵਾ ਬੰਦ ਕਰ ਦਿੱਤੀ ਗਈ।
ਸਥਿਤੀ ਨੂੰ ਦੇਖਦੇ ਹੋਏ ਨਿਊਯਾਰਕ (New York) ਦੀ ਗਵਰਨਰ ਕੈਥੀ ਹੋਚੁਲ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਉਸਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਰਾਤ ਭਰ ਕੁਝ ਖੇਤਰਾਂ ਵਿੱਚ 5 ਇੰਚ (13 ਸੈਂਟੀਮੀਟਰ) ਤੱਕ ਮੀਂਹ ਪਿਆ। ਇਸ ਦੇ ਨਾਲ ਹੀ ਦਿਨ ਭਰ 7 ਇੰਚ (18 ਸੈਂਟੀਮੀਟਰ) ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ।