ਸ੍ਰੀ ਮੁਕਤਸਰ ਸਾਹਿਬ 16 ਜੁਲਾਈ 2022: ਬੀਤੇ ਦਿਨ ਹੋਈ ਭਾਰੀ ਬਾਰਸ਼ ਦੇ ਚੱਲਦਿਆਂ ਵੱਡੇ ਪੱਧਰ ਤੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ | ਜਿਸ ਚੱਲਦਿਆਂ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਦੌਰਾਨ ਪ੍ਰਸ਼ਾਸਨ ਦੀਆਂ ਗਲਤ ਨੀਤੀਆਂ ਤੋਂ ਤੰਗ ਆ ਕੇ ਪਿੰਡ ਭੂੰਦੜ ਅਤੇ ਕਰਨੀ ਵਾਲਾ ਦੇ ਕਿਸਾਨਾਂ ਵੱਲੋਂ ਅੱਜ ਸਾਂਝੇ ਤੌਰ ਤੇ ਮਲੋਟ-ਮੁਕਤਸਰ ਰੋਡ ਨੂੰ ਜਾਮ ਕਰ ਦਿੱਤਾ | ਇਸ ਦੌਰਾਨ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਕਿਸਾਨਾਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ |
ਇਸ ਮੌਕੇ ਜਾਣਕਾਰੀ ਦਿੰਦਿਆਂ ਕਿਸਾਨ ਬਲਜਿੰਦਰ ਸਿੰਘ ,ਬਲਜੀਤ ਸਿੰਘ ,ਹਰਜੀਤ ਸਿੰਘ ,ਹਰਮੀਤ ਸਿੰਘ, ਜਰਨੈਲ ਸਿੰਘ ,ਜਥੇਦਾਰ ਅਮਰੀਕ ਸਿੰਘ ਗੁਰਪ੍ਰੀਤ ਸਿੰਘ, ਜਸਵੀਰ ਸਿੰਘ ,ਤਰਸੇਮ ਸਿੰਘ ਆਦਿ ਨੇ ਦੱਸਿਆ ਕਿ ਅੱਜ ਦੂਜਾ ਦਿਨ ਹੋ ਗਿਆ ਬਾਰਸ਼ ਹੋਈ ਨੂੰ ਅਤੇ ਲਗਾਤਾਰ ਪਾਣੀ ਦਾ ਪੱਧਰ ਵੀ ਵਧ ਰਿਹਾ ਹੈ ਅਤੇ ਸਾਡੀਆਂ ਫਸਲਾਂ ਪਾਣੀ ਵਿਚ ਡੁੱਬ ਚੁੱਕੀਆਂ ਹਨ | ਉਨ੍ਹਾਂ ਕਿਹਾ ਕਿ ਸਾਡੇ ਘਰ ਵੀ ਖ਼ਤਰੇ ਵਿੱਚ ਹਨ |
ਇਸਦੇ ਨਾਲ ਹੀ ਕਿਸਾਨਾਂ ਨੇ ਕਿਹਾ ਕਿ ਸਾਡੀ ਸਾਰ ਲੈਣ ਕੋਈ ਵੀ ਮੌਕੇ ‘ਤੇ ਨਹੀਂ ਪਹੁੰਚਿਆ | ਉਨ੍ਹਾਂ ਦੱਸਿਆ ਕਿ ਪਾਣੀ ਦੀ ਨਿਕਾਸੀ ਲਈ ਬਣਾਏ ਸੇਮ ਨਾਲੇ ਵੀ ਉਲਟੀ ਦਿਸ਼ਾ ਵਿੱਚ ਚੱਲ ਰਹੇ ਹਨ ਜਿਸ ਕਰਕੇ ਪਾਣੀ ਨਿਕਲਣ ਦੀ ਬਜਾਏ ਪਿੰਡ ਵੱਲ ਵਧ ਰਿਹਾ ਹੈ | ਉਨ੍ਹਾਂ ਦੋਸ਼ ਲਾਇਆ ਕਿ ਸਬੰਧ ਤੇ ਵਿਭਾਗ ਦਾ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਸਾਡੀ ਸਾਰ ਲੈਣ ਨਹੀਂ ਪਹੁੰਚਿਆ ਅਤੇ ਸਾਨੂੰ ਲਾਵਾਰਿਸ ਛੱਡ ਦਿੱਤਾ ਹੈ |
ਇਸ ਮੌਕੇ ਧਰਨੇ ਤੇ ਬੈਠੇ ਕਿਸਾਨਾਂ ਨੂੰ ਸਮਝਾਉਣ ਲਈ ਮੌਕੇ ਤੇ ਕੋਟਭਾਈ ਤੋਂ ਐਸਐਚਓ ਰਮਨ ਕੁਮਾਰ ਪਹੁੰਚੇ ਅਤੇ ਉਨ੍ਹਾਂ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਐੱਸਡੀਐੱਮ ਸਾਹਿਬ ਅਤੇ ਤਹਿਸੀਲਦਾਰ ਦੇ ਧਿਆਨ ਵਿੱਚ ਮਾਮਲਾ ਲਿਆ ਕੇ ਸਮੱਸਿਆ ਦਾ ਹੱਲ ਕੀਤਾ ਜਾਵੇਗਾ | ਉਪਰੰਤ ਕਿਸਾਨਾਂ ਵੱਲੋਂ ਧਰਨਾ ਚੁੱਕ ਲਿਆ ਅਤੇ ਉਥੇ ਹੀ ਕਿਸਾਨਾਂ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਦੁਬਾਰਾ ਰੋਡ ਲੰਮੇ ਸਮੇਂ ਲਈ ਜਾਮ ਕੀਤਾ ਜਾਵੇਗਾ |