Site icon TheUnmute.com

ਖੰਨਾ ਪੁਲਿਸ ਵੱਲੋਂ ਅੰਤਰਰਾਜੀ ਗਿਰੋਹ ਦੇ ਪੰਜ ਮੈਂਬਰ ਗ੍ਰਿਫਤਾਰ, ਹਥਿਆਰ ਵੀ ਬਰਾਮਦ

Khanna Police

ਚੰਡੀਗੜ੍ਹ, 6 ਜੁਲਾਈ 2023: ਖੰਨਾ ਪੁਲਿਸ (Khanna Police) ਨੇ ਮੱਧ ਪ੍ਰਦੇਸ਼ ਦੇ ਪੰਜ ਵਿਅਕਤੀਆਂ ਨੂੰ ਪੰਜਾਬ ਵਿੱਚ ਨਜਾਇਜ ਅਸਲਾ ਸਪਲਾਈ ਕਰਨ ਦੇ ਦੋਸ਼ ਹੇਠ ਕਾਬੂ ਕੀਤਾ ਹੈ । ਪੁਲਿਸ ਮੁਤਾਬਕ ਸਪਲਾਇਰ ਘਰ ‘ਚ ਹੀ ਨਜਾਇਜ਼ ਹਥਿਆਰ ਬਣਾਉਂਦਾ ਸੀ। ਉਸਦੇ ਚਾਰ ਲੁਟੇਰੇ ਸਾਥੀਆਂ ਨੂੰ ਵੀ ਕਾਬੂ ਕੀਤਾ ਗਿਆ ਹੈ, ਜੋ ਨਾਜਾਇਜ਼ ਹਥਿਆਰਾਂ ਦੇ ਜ਼ੋਰ ‘ਤੇ ਕਈ ਸੂਬਿਆਂ ‘ਚ ਲੁੱਟ-ਖੋਹ ਦੀਆਂ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਚੁੱਕੇ ਹਨ |

ਇਨ੍ਹਾਂ ਦੇ ਕਬਜ਼ੇ ‘ਚੋਂ 5 ਪਿਸਤੌਲ, 10 ਮੈਗਜ਼ੀਨ ਅਤੇ ਲੁੱਟੀ ਗਈ ਕਾਰ ਬਰਾਮਦ ਹੋਈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਸੁਰੇਸ਼ ਕੁਮਾਰ ਵਾਸੀ ਜ਼ੈਦਪੁਰਾ ਥਾਣਾ ਲਕਸ਼ਮਣਗੜ੍ਹ ਜ਼ਿਲ੍ਹਾ ਸੀਕਰ (ਰਾਜਸਥਾਨ), ਗੌਤਮ ਸ਼ਰਮਾ ਵਾਸੀ ਇਸਲਾਮਗੰਜ ਜਲੰਧਰ, ਰਜਿੰਦਰ ਮੀਨਾ ਵਾਸੀ ਭਾਵਕਾ ਗੁੱਡਾ ਜ਼ਿਲ੍ਹਾ ਭੀਲਵਾੜਾ (ਰਾਜਸਥਾਨ), ਸਰਦਾਰ ਗੁੱਜਰ ਵਾਸੀ ਜ਼ਿਲ੍ਹਾ ਜੈਪੁਰ (ਰਾਜਸਥਾਨ) ਅਤੇ ਤਕਦੀਰ ਸਿੰਘ ਵਾਸੀ ਸਿੰਘਨੂਰ ਥਾਣਾ ਗੋਆਵਾਂ ਜ਼ਿਲ੍ਹਾ ਖਰਗੋਨ (ਮੱਧ ਪ੍ਰਦੇਸ਼) ਵਜੋਂ ਹੋਈ।

ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਐਸ.ਪੀ.(ਆਈ) ਡਾ: ਪ੍ਰਗਿਆ ਜੈਨ ਅਤੇ ਸੀ.ਆਈ.ਏ ਸਟਾਫ਼ ਇੰਚਾਰਜ ਅਮਨਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ (Khanna Police) ਮੋਬਾਈਲ ਨਾਕਾਬੰਦੀ ਦੌਰਾਨ ਅਮਲੋਹ ਚੌਕ ਨੇੜੇ ਮੌਜੂਦ ਸੀ। ਪੁਲਿਸ ਨੂੰ ਸੂਚਨਾ ਮਿਲੀ ਕਿ ਗੌਤਮ ਸ਼ਰਮਾ ਉਰਫ਼ ਗੋਰੂ, ਰਜਿੰਦਰ ਮੀਨਾ, ਸੁਰੇਸ਼ ਕੁਮਾਰ ਅਤੇ ਸਰਦਾਰ ਗੁੱਜਰ ਪੰਜਾਬ ਅਤੇ ਹੋਰ ਕਈ ਰਾਜਾਂ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਕਰਦੇ ਹਨ। ਇਹ ਚਾਰੋਂ ਲੁੱਟੀ ਹੋਈ ਰਾਜਸਥਾਨ ਨੰਬਰ ਦੀ ਈਟੀਓਸ ਕਾਰ ਵਿੱਚ ਰਾਜਸਥਾਨ ਤੋਂ ਜਲੰਧਰ ਆ ਰਹੇ ਹਨ।

ਇਨ੍ਹਾਂ ਕੋਲ ਨਾਜਾਇਜ਼ ਹਥਿਆਰ ਵੀ ਹਨ ਅਤੇ ਇਹ ਪੰਜਾਬ ਵਿੱਚ ਕੋਈ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣਾ ਚਾਹੁੰਦੇ ਹਨ। ਸੀਆਈਏ ਸਟਾਫ਼ ਦੀ ਟੀਮ ਨੇ ਫੋਕਲ ਪੁਆਇੰਟ ਨੇੜੇ ਸਰਵਿਸ ਰੋਡ ’ਤੇ ਨਾਕਾਬੰਦੀ ਕਰਕੇ ਕਾਰ ਵਿੱਚ ਸਵਾਰ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ। ਸੁਰੇਸ਼ ਕੋਲੋਂ 1 ਮੈਗਜ਼ੀਨ ਤੇ 32 ਬੋਰ ਦਾ ਪਿਸਤੌਲ, ਗੌਤਮ ਕੋਲੋਂ 1 ਦੇਸੀ ਪਿਸਤੌਲ ਤੇ 1 ਮੈਗਜ਼ੀਨ, ਸਰਦਾਰ ਗੁੱਜਰ ਕੋਲੋਂ 1 ਲੋਹੇ ਦੀ ਕਿਰਚ ਬਰਾਮਦ ਹੋਈ। ਮੁਲਜ਼ਮ ਜਿਸ ਕਾਰ ਵਿੱਚ ਸਵਾਰ ਸਨ, ਉਹ ਵੀ ਲੁੱਟ ਦੀ ਨਿਕਲੀ।

ਪੁੱਛਗਿੱਛ ਦੌਰਾਨ ਖ਼ੁਲਾਸਾ ਹੋਇਆ ਕਿ ਇਹ ਚਾਰੇ ਮੁਲਜ਼ਮ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਤਕਦੀਰ ਸਿੰਘ ਤੋਂ ਨਜਾਇਜ਼ ਹਥਿਆਰ ਖਰੀਦਦੇ ਸਨ। ਖੰਨਾ ਪੁਲਿਸ ਨੇ ਮੱਧ ਪ੍ਰਦੇਸ਼ ‘ਚ ਛਾਪਾ ਮਾਰ ਕੇ ਤਕਦੀਰ ਸਿੰਘ ਨੂੰ ਗ੍ਰਿਫਤਾਰ ਕੀਤਾ। ਜਿਸ ਕੋਲੋਂ 4 ਪਿਸਤੌਲ 32 ਬੋਰ ਅਤੇ 8 ਮੈਗਜ਼ੀਨ ਬਰਾਮਦ ਹੋਏ।

Exit mobile version