Site icon TheUnmute.com

ਜਲੰਧਰ ਵਿਕਾਸ ਅਥਾਰਟੀ ਵੱਲੋਂ ਵੱਖ-ਵੱਖ ਜਾਇਦਾਦਾਂ ਲਈ ਸਾਲ ਦੀ ਪਹਿਲੀ ਈ-ਨਿਲਾਮੀ 13 ਜਨਵਰੀ ਤੋਂ

ਕੌਮੀ ਅਨਸੂਚਿਤ ਜਾਤੀ ਕਮਿਸ਼ਨ

ਚੰਡੀਗੜ੍ਹ 12 ਜਨਵਰੀ 2023: ਲੋਹੜੀ ਦੇ ਤਿਉਹਾਰ ਮੌਕੇ ਜਲੰਧਰ ਵਿਕਾਸ ਅਥਾਰਟੀ (Jalandhar Development Authority) ਅਤੇ ਪੰਜਾਬ ਸ਼ਹਿਰੀ ਯੋਜਨਾ ਅਤੇ ਵਿਕਾਸ ਅਥਾਰਟੀ ਵੱਲੋਂ 13 ਜਨਵਰੀ ਨੂੰ ਸਵੇਰੇ 9 ਵਜੇ ਤੋਂ ਰਿਹਾਇਸ਼ੀ, ਵਪਾਰਕ, ਚੰਕ ਅਤੇ ਗਰੁੱਪ ਹਾਊਸਿੰਗ ਸਾਈਟਾਂ ਦੀ ਈ-ਨਿਲਾਮੀ ਕੀਤੀ ਜਾਵੇਗੀ। ਇਹ ਈ-ਨਿਲਾਮੀ 31 ਜਨਵਰੀ ਨੂੰ ਦੁਪਹਿਰ 1 ਵਜੇ ਸਮਾਪਤ ਹੋਵੇਗੀ।

ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਈ-ਨਿਲਾਮੀ ਵਿੱਚ ਉਪਲੱਬਧ ਜਾਇਦਾਦਾਂ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਮੁਕੇਰੀਆਂ ਅਤੇ ਸੁਲਤਾਨਪੁਰ ਲੋਧੀ ਦੇ ਵੱਖ-ਵੱਖ ਇਲਾਕਿਆਂ ਵਿੱਚ ਸਥਿਤ ਹਨ। ਉਨ੍ਹਾਂ ਕਿਹਾ ਕਿ ਈ-ਨਿਲਾਮੀ ਵਿੱਚ ਕੁੱਲ 151 ਸਾਈਟਾਂ ਨਿਲਾਮੀ ਲਈ ਉਪਲੱਬਧ ਹੋਣਗੀਆਂ, ਜਿਨ੍ਹਾਂ ਵਿੱਚ 82 ਰਿਹਾਇਸ਼ੀ ਪਲਾਟ, 67 ਵਪਾਰਕ ਜਾਇਦਾਦਾਂ ਜਿਵੇਂ ਕਿ ਐਸ.ਸੀ.ਓਜ਼., ਐਸ.ਸੀ.ਐਫ., ਐਸ.ਸੀ.ਐਸ., ਬੂਥ ਆਦਿ, ਇਕ ਚੰਕ ਅਤੇ ਇਕ ਗਰੁੱਪ ਹਾਊਸਿੰਗ ਸਾਈਟ ਸ਼ਾਮਲ ਹਨ।

ਬੁਲਾਰੇ ਨੇ ਅੱਗੇ ਦੱਸਿਆ ਕਿ ਰਿਹਾਇਸ਼ੀ ਪਲਾਟਾਂ ਲਈ ਘੱਟੋ-ਘੱਟ ਬੋਲੀ ਦੀ ਕੀਮਤ 13.89 ਲੱਖ ਰੁਪਏ ਰੱਖੀ ਗਈ ਹੈ ਅਤੇ ਵਪਾਰਕ ਸੰਪਤੀਆਂ ਦੀ ਸ਼ੁਰੂਆਤੀ ਕੀਮਤ 15.43 ਲੱਖ ਰੁਪਏ ਹੋਵੇਗੀ। ਵਪਾਰਕ ਚੰਕ ਸਾਈਟ ਦੀ ਕੀਮਤ 14.22 ਕਰੋੜ ਰੁਪਏ ਰੱਖੀ ਗਈ ਹੈ। ਲਗਭਗ 1115 ਵਰਗ ਮੀਟਰ ਦੀ ਇਹ ਸਾਈਟ ਕਪੂਰਥਲਾ ਰੋਡ, ਜਲੰਧਰ ਵਿਖੇ ਸਥਿਤ ਹੈ। 12017 ਵਰਗ ਮੀਟਰ ਦੀ ਗਰੁੱਪ ਹਾਊਸਿੰਗ ਸਾਈਟ ਛੋਟੀ ਬਾਰਾਂਦਰੀ, ਭਾਗ-2, ਜਲੰਧਰ ਵਿੱਚ ਸਥਿਤ ਹੈ ਅਤੇ ਇਸ ਸਾਈਟ ਦੀ ਰਾਖਵੀਂ ਕੀਮਤ 87.97 ਕਰੋੜ ਰੁਪਏ ਹੈ।

ਗਰੁੱਪ ਹਾਊਸਿੰਗ ਸਾਈਟ ਦਾ ਕਬਜ਼ਾ ਅੰਤਿਮ ਬੋਲੀ ਦੀ ਕੀਮਤ ਦੇ 20 ਫੀਸਦ ਭੁਗਤਾਨ ਅਤੇ ਬਾਕੀ ਸਾਈਟਾਂ ਦਾ ਕਬਜ਼ਾ 25 ਫੀਸਦ ਭੁਗਤਾਨ ‘ਤੇ ਸੌਂਪ ਦਿੱਤਾ ਜਾਵੇਗਾ। ਬੁਲਾਰੇ ਨੇ ਅੱਗੇ ਕਿਹਾ ਕਿ ਇਛੁੱਕ ਬੋਲੀਕਾਰ ਈ-ਨਿਲਾਮੀ ਪੋਰਟਲ www.puda.e-auctions.in ‘ਤੇ ਨਿਲਾਮੀ ਵਿੱਚ ਉਪਲੱਬਧ ਸਾਈਟਾਂ ਦੇ ਵੇਰਵੇ ਪ੍ਰਾਪਤ ਕਰ ਸਕਦੇ ਹਨ।

Exit mobile version