ਚੰਡੀਗੜ੍ਹ, 28 ਨਵੰਬਰ 2024: ਦੇਸ਼ ਦੀ ਰਾਜਧਾਨੀ ਦਿੱਲੀ ‘ਚ ਜਾਪਾਨੀ ਇਨਸੇਫਲਾਈਟਿਸ (Encephalitis) ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਐਮਸੀਡੀ ਸਿਹਤ ਵਿਭਾਗ ਨੇ ਸਾਰੇ ਜ਼ਿਲ੍ਹਾ ਸਿਹਤ ਅਧਿਕਾਰੀਆਂ ਅਤੇ ਮਹਾਂਮਾਰੀ ਵਿਗਿਆਨੀਆਂ ਨੂੰ ਵੈਕਟਰ ਨਿਯੰਤਰਣ ਉਪਾਵਾਂ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਿਸ ‘ਚ ਲਾਰਵੇ ਨੂੰ ਘਟਾਉਣ ਅਤੇ ਜਾਪਾਨੀ ਇਨਸੇਫਲਾਈਟਿਸ ਦੀ ਰੋਕਥਾਮ ਅਤੇ ਨਿਯੰਤਰਣ ਲਈ ਜਾਗਰੂਕਤਾ ਮੁਹਿੰਮਾਂ ਸਮੇਤ ਸਮਾਜ-ਅਧਾਰਤ ਪਹਿਲਕਦਮੀਆਂ ਸ਼ਾਮਲ ਹਨ।
ਜਿਕਰਯੋਗ ਹੈ ਕਿ ਜਾਪਾਨੀ ਇਨਸੇਫਲਾਈਟਿਸ ਸੰਕਰਮਿਤ ਮੱਛਰਾਂ ਦੇ ਕੱਟਣ ਨਾਲ ਫੈਲਦਾ ਹੈ। ਜ਼ਿਆਦਾਤਰ ਸੰਕਰਮਿਤ ਲੋਕ ਹਲਕੇ ਲੱਛਣ ਦਿਖਾਉਂਦੇ ਹਨ, ਹਾਲਾਂਕਿ ਗੰਭੀਰ ਬਿਮਾਰੀ ਵਾਲੇ ਲੋਕਾਂ ਨੂੰ ਬੁਖਾਰ, ਸਿਰ ਦਰਦ ਅਤੇ ਉਲਟੀਆਂ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜੇਕਰ ਸਮੇਂ ਸਿਰ ਇਨ੍ਹਾਂ ਦਾ ਧਿਆਨ ਨਾ ਰੱਖਿਆ ਜਾਵੇ, ਤਾਂ ਇਹ ਦੌਰੇ ਅਤੇ ਕੋਮਾ ਦਾ ਕਾਰਨ ਬਣ ਸਕਦਾ ਹੈ। ਜਾਪਾਨੀ ਇਨਸੇਫਲਾਈਟਿਸ (Encephalitis) ਕਾਰਨ ਦੌਰੇ ਵਰਗੇ ਲੱਛਣ ਬੱਚਿਆਂ ‘ਚ ਜ਼ਿਆਦਾ ਦੇਖੇ ਗਏ ਹਨ।
ਅਧਿਐਨ ‘ਚ ਪਾਇਆ ਗਿਆ ਕਿ ਇਸ ਬਿਮਾਰੀ ਦਾ ਖ਼ਤਰਾ ਪੇਂਡੂ ਖੇਤਰਾਂ ‘ਚ ਵਧੇਰੇ ਹੁੰਦਾ ਹੈ ਜਿੱਥੇ ਸਫਾਈ ਦੀ ਘਾਟ ਹੁੰਦੀ ਹੈ ਜਾਂ ਉਹਨਾਂ ਖੇਤਰਾਂ ‘ਚ ਜਿੱਥੇ ਮੱਛਰ ਜ਼ਿਆਦਾ ਪੈਦਾ ਹੁੰਦੇ ਹਨ। ਅਜਿਹੇ ਸਥਾਨਾਂ ਦੀ ਯਾਤਰਾ ਕਰਨਾ ਜਿੱਥੇ ਪਹਿਲਾਂ ਹੀ ਜਾਪਾਨੀ ਇਨਸੇਫਲਾਈਟਿਸ ਦੇ ਉੱਚ ਕੇਸ ਹਨ, ਤੁਹਾਡੇ ਜੋਖਮ ਨੂੰ ਵਧਾ ਸਕਦਾ ਹੈ।
ਗਰਮੀਆਂ ਅਤੇ ਬਰਸਾਤ ਦੇ ਮੌਸਮਾਂ ਦੌਰਾਨ ਜਾਪਾਨੀ ਇਨਸੇਫਲਾਈਟਿਸ ਦੇ ਮਾਮਲੇ ਵਧੇਰੇ ਅਕਸਰ ਰਿਪੋਰਟ ਕੀਤੇ ਜਾਂਦੇ ਹਨ। ਬੱਚਿਆਂ ‘ਚ ਖ਼ਤਰਾ ਜ਼ਿਆਦਾ ਹੁੰਦਾ ਹੈ। ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੈਕਸੀਨ ਅਪ੍ਰੈਲ, 2013 ਤੋਂ ਜਾਪਾਨੀ ਇਨਸੇਫਲਾਈਟਿਸ ਦੇ ਸਥਾਨਕ ਜ਼ਿਲ੍ਹਿਆਂ ਲਈ ਉਪਲਬੱਧ ਕਰਵਾਈ ਹੈ। ਵੈਕਸੀਨ ਦੋ ਖੁਰਾਕਾਂ ‘ਚ ਦਿੱਤੀ ਜਾਂਦੀ ਹੈ, ਪਹਿਲੀ 9 ਮਹੀਨਿਆਂ ਦੀ ਉਮਰ ‘ਚ ਖਸਰੇ ਨਾਲ ਅਤੇ ਦੂਜੀ 16-24 ਮਹੀਨਿਆਂ ਦੀ ਉਮਰ ‘ਚ ਡੀਪੀਟੀ ਬੂਸਟਰ ਨਾਲ ਦਿੱਤੀ ਜਾਂਦੀ ਹੈ।