ਚੰਡੀਗੜ੍ਹ 13 ਮਈ 2022: ਜੰਮੂ-ਕਸ਼ਮੀਰ ਦੇ ਕਟੜਾ ‘ਚ ਮਾਤਾ ਵੈਸ਼ਣੋ ਦੇਵੀ ( Mata Vaishno Devi) ਦੇ ਦਰਸ਼ਨ ਕਰ ਪਰਤ ਰਹੇ ਸ਼ਰਧਾਲੂਆਂ ਨਾਲ ਭਰੀ ਇਕ ਯਾਤਰੀ ਬੱਸ ਨੂੰ ਅਚਾਨਕ ਅੱਗ ਲੱਗਣ ਨਾਲ ਹਾਦਸੇ ਦੀ ਸ਼ਿਕਾਰ ਹੋ ਗਈ | ਇਸ ਭਿਆਨਕ ਹਾਦਸੇ ‘ਚ 4 ਜਣਿਆ ਦੀ ਮੌਤ ਹੋ ਗਈ ਜਦਕਿ 22 ਜਣੇ ਦੇ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ।
ਇਸ ਦੌਰਾਨ ਏ.ਡੀ.ਜੀ.ਪੀ. ਜੰਮੂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਟੜਾ ਤੋਂ ਜੰਮੂ ਜਾ ਰਹੀ ਇਕ ਸਥਾਨਕ ਬੱਸ ਨੰਬਰ ਜੇ.ਕੇ. 14-1831 ਨੂੰ ਕਟੜਾ ਤੋਂ ਕਰੀਬ 1.5 ਕਿਲੋਮੀਟਰ ਦੂਰ ਖਰਮਲ ਨੇੜੇ ਅੱਗ ਲੱਗ ਗਈ। ਬੱਸ ‘ਚ ਇੰਜਣ ਵਾਲੇ ਪਾਸੇ ਤੋਂ ਅੱਗ ਲੱਗੀ ਜਿਸ ਨੇ ਜਲਦ ਹੀ ਪੂਰੀ ਬੱਸ ਨੂੰ ਆਪਣੀ ਲਪੇਟ ‘ਚ ਲੈ ਲਿਆ। ਇਸ ਭਿਆਨਕ ਘਟਨਾ ‘ਚ 22 ਜ਼ਖਮੀਆਂ ਨੂੰ ਇਲਾਜ ਲਈ ਕਟੜਾ ਭੇਜਿਆ ਗਿਆ ਹੈ ਜਿਨ੍ਹਾਂ ‘ਚੋਂ 3 ਜੋ ਕਿ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ ਉਨ੍ਹਾਂ ਨੂੰ ਵਿਸ਼ੇਸ਼ ਇਲਾਜ ਲਈ ਅਗੇ ਰੈਫ਼ਰ ਕਰ ਦਿੱਤਾ ਗਿਆ ਹੈ।
ਇਸ ਹਾਦਸੇ ਦੀ ਜਾਣਕਰੀ ਮਿਲਦਿਆਂ ਹੀ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਤੁਰੰਤ ਟਵੀਟ ਕਰ ਲਿਖਿਆ ਕਿ ਕਟੜਾ ‘ਚ ਬੱਸ ਹਾਦਸੇ ਦੀ ਖ਼ਬਰ ਮਿਲਦੇ ਹੀ ਜੰਮੂ ਦੇ ਡਿਪਟੀ ਕਮਿਸ਼ਨਰ ਬਬੀਲਾ ਰੱਖਵਾਲਾ ਨਾਲ ਗੱਲਬਾਤ ਕੀਤੀ ਗਈ ਹੈ , ਜ਼ਖਮੀਆਂ ਨੂੰ ਨੇੜੇ ਨਾਰਾਇਣ ਹਸਪਤਾਲ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ‘ਚ ਜ਼ਖਮੀਆਂ ਨੂੰ ਆਰਥਿਕ ਮਦਦ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।