ਫਰੀਦਕੋਟ, 05 ਸਤੰਬਰ 2023: ਫਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Badal) ਦੇ ਕਾਫਲੇ ਦਾ ਵਿਰੋਧ ਕਰਨ ਵਾਲਿਆਂ ਦੀ ਕੁੱਟਮਾਰ ਮਾਮਲੇ ਵਿਚ ਫਰੀਦਕੋਟ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ | ਮਿਲੀ ਜਾਣਕਾਰੀ ਅਨੁਸਾਰ ਕੁੱਟਮਾਰ ਵਿਚ ਜ਼ਖਮੀਂ ਹੋਏ ਮੰਗਲ ਸਿੰਘ ਨਾਮੀ ਵਿਅਕਤੀ ਦੇ ਬਿਆਨਾਂ ‘ਤੇ ਥਾਣਾ ਸਾਦਿਕ ਵਿਚ ਚਾਰ ਅਕਾਲੀ ਆਗੂਆਂ ਸਮੇਤ 6 ਜਣਿਆਂ ‘ਤੇ ਆਈ.ਪੀ.ਸੀ ਧਾਰਾ 341, 323, ਅਤੇ 506 ਤਹਿਤ ਮੁਕੱਦਮਾਂ ਦਰਜ ਕੀਤਾ ਗਿਆ ਹੈ |
ਜਿਕਰਯੋਗ ਹੈ ਕਿ ਬੀਤੇ ਦਿਨੀਂ ਫਰੀਦਕੋਟ ਜਿਲ੍ਹੇ ਦੇ ਪਿੰਡ ਦੀਪ ਸਿੰਘ ਵਾਲਾ ਵਿਚ ਅਕਾਲੀ ਆਗੂ ਦੇ ਘਰ ਅਫਸੋਸ ਕਰਨ ਆਏ ਸੁਖਬੀਰ ਸਿੰਘ ਬਾਦਲ (Sukhbir Badal) ਦੇ ਕਾਫਲੇ ਦਾ ਪਿੰਡ ਦੇ ਕੁਝ ਪ੍ਰਦਰਸ਼ਨਕਾਰੀਆਂ ਨੇ ਵਿਰੋਧ ਕੀਤਾ, ਇਸੇ ਦੌਰਾਨ ਅਕਾਲੀ ਆਗੂਆਂ ਨਾਲ ਪ੍ਰਦਰਸ਼ਨਕਾਰੀਆਂ ਵਿਚਾਲੇ ਝੜੱਪ ਹੋ ਗਈ | ਅਕਾਲੀਆਂ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਹੋਈ ਝੜੱਪ ਦੀ ਵੀਡੀਓ ਕਾਫੀ ਵਾਇਰਲ ਹੋਈ |
ਦੱਸਿਆ ਜਾ ਰਿਹਾ ਹੈ ਕਿ ਫ਼ਰੀਦਕੋਟ ਦੇ ਨਾਲ ਲੱਗਦੇ ਪਿੰਡ ਦੀਪ ਸਿੰਘ ਵਾਲਾ ਦੇ ਸਰਪੰਚ ਸ਼ਾਮ ਲਾਲ ਦੇ ਘਰ ਜਾਣਾ ਸੀ, ਜਦੋਂ ਇਸ ਬਾਰੇ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਕੁਝ ਜਥੇਬੰਦੀਆਂ, ਕਿਰਤੀ ਕਿਸਾਨ, ਪੇਂਡੂ ਮਜ਼ਦੂਰ ਯੂਨੀਅਨ, ਅਤੇ ਨੌਜਵਾਨ ਭਾਰਤ ਸਭਾ, ਆਪਣੀਆਂ ਕੁਝ ਮੰਗਾਂ ਨਸ਼ਾ, ਬੇਅਦਬੀ ਲੈ ਕੇ ਪਹੁੰਚ ਗਏ ਜਿਥੇ ਇਨ੍ਹਾਂ ਵਿਰੋਧ ਕਰਨਾ ਸੀ |
ਪਰ ਪੁਲਿਸ ਵੀ ਉੱਥੇ ਪਹੁੰਚ ਜਾਂਦੀ ਹੈ ਤੇ ਇਨ੍ਹਾਂ ਨੂੰ ਓਥੋਂ ਭੇਜ ਦਿੰਦੀ ਹੈ | ਸੁਖਬੀਰ ਬਾਦਲ ਦਾ ਕਾਫ਼ਲਾ ਦੂਜੇ ਰਾਹ ਥਾਣੀ ਸਰਪੰਚ ਕੇ ਘਰੇ ਚਲਾ ਜਾਂਦਾ ਹੈ | ਪਰ ਜਦੋਂ ਸੁਖਬੀਰ ਸਿੰਘ ਬਾਦਲ ਵਾਪਸ ਆ ਰਹੇ ਸੀ ਤਾਂ ਇਹ ਸਾਰੇ ਪ੍ਰਦਰਸ਼ਨਕਾਰੀ ਮੁੜ ਓਸੇ ਰਸਤੇ ‘ਤੇ ਪਹੁੰਚ ਜਾਂਦੇ ਹਨ | ਪ੍ਰਦਰਸ਼ਨਕਾਰੀਆਂ ਨੇ ਸੁਖਬੀਰ ਸਿੰਘ ਬਾਦਲ ਦੇ ਨਾਲ ਦੇ ਬੰਦਿਆਂ ‘ਤੇ ਕੁੱਟਮਾਰ ਦੇ ਦੋਸ਼ ਲਗਾਏ ਸਨ, ਜਿਨ੍ਹਾਂ ਨੂੰ ਦੋ ਬੰਦੇ ਗੰਭੀਰ ਰੂਪ ‘ਚ ਜ਼ਖਮੀ ਹੋਏ ਹਨ | ਜ਼ਖਮੀਆਂ ਨੂੰ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ‘ਚ ਭਰਤੀ ਕਰਵਾਇਆ ਗਿਆ |