ਸ੍ਰੀ ਗੁਰੂ ਨਾਨਕ ਪਾਤਸ਼ਾਹ ਦਾ ਬਟਾਲਾ

ਜਾਣੋ, ਸ੍ਰੀ ਗੁਰੂ ਨਾਨਕ ਪਾਤਸ਼ਾਹ ਦਾ ਬਟਾਲਾ ਸ਼ਹਿਰ ਨਾਲ ਕਿਉਂ ਹੈ ਗੂੜਾ ਰਿਸ਼ਤਾ

ਵਿਸਰਿਆ ਗੁਰਧਾਮ
ਗੁਰਦੁਆਰਾ ਨਾਨਕ ਮੜ ਪਾਤਸ਼ਾਹੀ ਪਹਿਲੀ, ਬਟਾਲਾ

ਚੰਡੀਗੜ੍ਹ 07 ਮਈ 2022: ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦਾ ਬਟਾਲਾ ਸ਼ਹਿਰ ਨਾਲ ਬਹੁਤ ਨੇੜੇ ਦਾ ਰਿਸ਼ਤਾ ਹੈ। ਸੰਨ 1487 ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਦਾ ਬਟਾਲਾ ਵਿਖੇ ਮਾਤਾ ਸੁਲੱਖਣੀ ਜੀ ਨਾਲ ਵਿਆਹ ਹੋਇਆ ਸੀ। ਗੁਰੂ ਸਾਹਿਬ ਦੇ ਵਿਆਹ ਨਾਲ ਸਬੰਧਤ ਦੋ ਗੁਰਦੁਆਰਾ ਸਾਹਿਬਾਨ ਗੁਰਦੁਆਰਾ ਡੇਹਰਾ ਸਾਹਿਬ (ਮਾਤਾ ਸੁਲੱਖਣੀ ਜੀ ਦਾ ਪੇਕਾ ਘਰ) ਅਤੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਯਾਦਗਾਰ ਵਜੋਂ ਮੌਜੂਦ ਹਨ। ਗੁਰੂ ਸਾਹਿਬ ਦੇ ਵਿਆਹ ਨਾਲ ਸਬੰਧਤ ਇੱਕ ਹੋਰ ਗੁਰਧਾਮ ਬਟਾਲਾ ਸ਼ਹਿਰ ਵਿੱਚ ਮੌਜੂਦ ਸੀ ਜਿਸ ਨੂੰ ਸੰਗਤਾਂ ਵੱਲੋਂ ਪੂਰੀ ਤਰ੍ਹਾਂ ਵਿਸਾਰ ਦਿੱਤਾ ਗਿਆ ਹੈ, ਜਿਸਦਾ ਨਾਮ ਸੀ ਗੁਰਦੁਆਰਾ ਨਾਨਕ ਮੜ ਪਾਤਸ਼ਾਹੀ ਪਹਿਲੀ, ਬਟਾਲਾ। ਇਸ ਲੇਖ ਵਿੱਚ ਇਸ ਵਿਸਰੇ ਗੁਰਧਾਮ ਦੀ ਅਸਲ ਥਾਂ ਤੇ ਉਸਦੀ ਮੌਜੂਦਾ ਹਾਲਤ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਸ੍ਰੀ ਗੁਰੂ ਨਾਨਕ ਸਾਹਿਬ ਦਾ ਬਟਾਲਾ

ਗੁਰਦੁਆਰਾ ਨਾਨਕ ਮੜ ਪਾਤਸ਼ਾਹੀ ਪਹਿਲੀ, ਬਟਾਲਾ ਸੰਨ 1947 ਤੱਕ ਸੰਗਤਾਂ ਦੀ ਸ਼ਰਧਾ ਅਤੇ ਆਸਥਾ ਦਾ ਕੇਂਦਰ ਰਿਹਾ ਹੈ। ਜਨਮ ਸਾਖੀਆਂ ਵਿੱਚ ਵੀ ਜਿਕਰ ਮਿਲਦਾ ਹੈ ਕਿ ਜਦੋਂ ਗੁਰੂ ਸਾਹਿਬ ਦੀ ਬਰਾਤ ਬਟਾਲਾ ਸ਼ਹਿਰ ਪਹੁੰਚੀ ਤਾਂ ਸ਼ਹਿਰੋਂ ਬਾਹਰਵਾਰ ਇੱਕ ਬਾਗ ਵਿੱਚ ਬਰਾਤ ਨੇ ਉਤਾਰਾ ਕੀਤਾ ਤਾਂ ਇਥੋਂ ਹੀ ਮੂਲ ਚੰਦ ਜੀ ਦੇ ਪਰਿਵਾਰ ਨੂੰ ਬਰਾਤ ਪਹੁੰਚਣ ਦੀ ਸੂਚਨਾ ਭੇਜੀ ਗਈ, ਜਿਸ ਉਪਰੰਤ ਮੂਲ ਚੰਦ ਜੀ, ਉਨ੍ਹਾਂ ਦੇ ਰਿਸ਼ਤੇਦਾਰ ਅਤੇ ਸ਼ਹਿਰ ਦੇ ਪਤਵੰਤੇ ਇਸ ਬਾਗ ਵਿੱਚ ਬਰਾਤ ਨੂੰ ਜੀ ਆਇਆਂ ਨੂੰ ਕਹਿਣ ਅਤੇ ਆਪਣੇ ਨਾਲ ਬਰਾਤ ਨੂੰ ਸ਼ਹਿਰ ਅੰਦਰ ਲੈ ਕੇ ਗਏ ਸਨ। ਜਿਸ ਜਗ੍ਹਾ ਬਾਗ ਵਿੱਚ ਗੁਰੂ ਸਾਹਿਬ ਠਹਿਰੇ ਸਨ ਓਥੇ ਬਾਅਦ ਵਿੱਚ ਸੰਗਤਾਂ ਵੱਲੋਂ ਇੱਕ ਛੋਟਾ ਕਮਰਾ ਗੁਰੂ ਸਾਹਿਬ ਦੀ ਯਾਦ ਵਿੱਚ ਉਸਾਰ ਦਿੱਤਾ, ਜਿਸਨੂੰ ਗੁਰਦੁਆਰਾ ਨਾਨਕ ਮੜ ਪਾਤਸ਼ਾਹੀ ਪਹਿਲੀ ਵਜੋਂ ਜਾਣਿਆਂ ਜਾਂਦਾ ਸੀ।

ਭਾਈ ਧੰਨਾ ਸਿੰਘ ਚਹਿਲ

ਮਹਾਰਾਜਾ ਪਟਿਆਲਾ ਦਾ ਇੱਕ ਡਰਾਈਵਰ ਹੋਇਆ ਹੈ ਭਾਈ ਧੰਨਾ ਸਿੰਘ ਚਹਿਲ। ਇਹ ਕੋਈ ਸਧਾਰਨ ਪੁਰਖ ਨਹੀਂ ਸੀ। ਇਸਨੇ ਜੋ ਕਾਰਜ ਸਿੱਖੀ ਦੀ ਸੇਵਾ ਲਈ ਕੀਤਾ ਹੈ ਉਸ ਲਈ ਧੰਨਾ ਸਿੰਘ ਚਹਿਲ ਧੰਨਤਾ ਦੇ ਯੋਗ ਹੈ। ਭਾਈ ਧੰਨਾ ਸਿੰਘ ਚਹਿਲ ਨੇ ਸੰਨ 1930 ਤੋਂ 1935 ਤੱਕ ਆਪਣੇ ਸਾਈਕਲ ’ਤੇ ਕੈਮਰਾ ਲੈ ਕੇ ਦੇਸ਼ ਭਰ ਦੇ ਗੁਰਤੀਰਥਾਂ ਦੀ ਯਾਤਰਾ ਕੀਤੀ। ਯਾਤਰਾ ਦੌਰਾਨ ਉਸਨੇ ਗੁਰੂ ਸਾਹਿਬਾਨ ਨਾਲ ਸਬੰਧਤ ਸਾਰੇ ਗੁਰਧਾਮਾਂ ਦੇ ਦਰਸ਼ਨ ਕੀਤੇ ਉਨ੍ਹਾਂ ਦੀਆਂ ਤਸਵੀਰਾਂ ਲਈਆਂ ਅਤੇ ਉਸ ਸਮੇਂ ਹਾਲ ਬਿਆਨ ਕੀਤਾ।

ਆਪਣੀ ਯਾਤਰਾ ਦੌਰਾਨ ਭਾਈ ਧੰਨਾ ਸਿੰਘ ਚਹਿਲ 10 ਮਈ 1933 ਨੂੰ ਬਟਾਲਾ ਸ਼ਹਿਰ ਪਹੁੰਚੇ ਜਿਥੇ ਉਨ੍ਹਾਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿਆਹ ਅਸਥਾਨ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਦੇ ਦਰਸ਼ਨ ਕੀਤੇ। ਇਸ ਦੀ ਤਸਵੀਰ ਲਈ ਅਤੇ ਆਪਣੀ ਡਾਇਰੀ ਵਿੱਚ ਗੁਰਦੁਆਰਾ ਸਾਹਿਬ ਦਾ ਹਾਲ ਬਿਆਨ ਕੀਤਾ। ਉਸ ਵਕਤ ਗੁਰਦੁਆਰਾ ਕੰਧ ਸਾਹਿਬ ਦੀ ਇਮਾਰਤ ਨਹੀਂ ਸੀ ਪਰ ਗੁਰੂ ਸਾਹਿਬ ਦੀ ਵਰਸੋਈ ਕੱਚੀ ਕੰਧ ਮੌਜੂਦ ਸੀ, ਉਸਦੇ ਦਰਸ਼ਨ ਕੀਤੇ ਅਤੇ ਤਸਵੀਰ ਲਈ। ਇਸ ਤੋਂ ਬਾਅਦ ਭਾਈ ਧੰਨਾ ਸਿੰਘ ਚਹਿਲ ਬਟਾਲਾ ਸ਼ਹਿਰ ਤੋਂ ਅੱਧਾ ਕੁ ਮੀਲ ਬਾਹਰ ਪੂਰਬ-ਦੱਖਣ ਵੱਲ ਜਾਂਦੇ ਹਨ ਅਤੇ ਉਥੇ ਗੁਰਦੁਆਰਾ ਨਾਨਕ ਮੜ ਪਾਤਸ਼ਾਹੀ ਪਹਿਲੀ, ਬਟਾਲਾ ਦੇ ਦਰਸ਼ਨ ਕਰਦੇ ਹਨ। ਗੁਰਦੁਆਰਾ ਸਾਹਿਬ ਦੀ ਤਸਵੀਰ ਲੈਂਦੇ ਹਨ ਅਤੇ ਇਸ ਅਸਥਾਨ ਦਾ ਇਤਿਹਾਸ ਅਤੇ ਉਸ ਵਕਤ ਦਾ ਹਾਲ ਇਸ ਤਰਾਂ ਬਿਆਨ ਕਰਦੇ ਹਨ।

ਗੁਰਦੁਆਰਾ ਨਾਨਕ ਮੜ ਪਾਤਸ਼ਾਹੀ ਪਹਿਲੀ, ਬਟਾਲਾ ਜੋ ਸ਼ਹਿਰ ਤੋਂ ਚੜ੍ਹਦੇ ਕੀਤੇ ਦੱਖਣ ਦੀ ਗੁੱਠ ਵਿੱਚ ਅਧ ਮੀਲ ’ਤੇ ਹੈ ਜੋ ਅੱਜ ਕੱਲ ਬਾਬੇ ਨਾਨਕ ਦਾ ਮੜ ਕਰਕੇ ਮਸ਼ਹੂਰ ਹੈ। ਮੜ ਉਸ ਜਗ੍ਹਾ ਨੂੰ ਕਹਿੰਦੇ ਹਨ ਜਿਥੇ ਕੋਈ ਗੁਰੂ ਜਾਂ ਪੀਰ ਆ ਕੇ ਠਹਰਿਆ ਹੋਵੇ ਤੇ ਪਿਛੇ ਇੱਕ ਗੁਮਟ ਜੇਹਾ ਯਾਦਗਾਰ ਵਿੱਚ ਉਸਾਰਿਆ ਜਾਵੇ। ਭਾਈ ਧੰਨਾ ਸਿੰਘ ਚਹਿਲ ਲਿਖਦੇ ਹਨ ਕਿ ਇਹ ਜਗ੍ਹਾ ਅੱਜ-ਕੱਲ (ਉਸ ਸਮੇ ਸੰਨ 1933 ’ਚ) ਨਾਮੇ ਵੰਸ਼ੀਆਂ ਦੇ ਕਬਜ਼ੇ ਵਿੱਚ ਹੈ ਅਤੇ ਸ਼ਹਿਰ ਦੇ ਸਾਰੇ ਨਾਮੇ ਵੰਸ਼ੀ ਇਸਨੂੰ ਜਠੇਰੇ ਮੰਨਦੇ ਹਨ। ਇਸ ਅਸਥਾਨ ’ਤੇ ਇੱਕ ਬੋਹੜ ਦਾ ਦਰੱਖਤ ਖੜ੍ਹਾ ਹੈ।

ਮੁਸਲਮਾਨ ਬਾਬਾ ਵਜ਼ੀਰ ਸਾਹਿਬ ਫਕੀਰ ਸਈਅਦ ਦੀ ਖਾਨਗਾਹ

ਇਸ ਅਸਥਾਨ ਦੇ ਪਾਸ ਹੀ ਦੱਖਣ ਦੀ ਤਰਫ 50-60 ਕਰਮਾ ’ਤੇ ਇੱਕ ਮੁਸਲਮਾਨ ਬਾਬਾ ਵਜ਼ੀਰ ਸਾਹਿਬ ਫਕੀਰ ਸਈਅਦ ਦੀ ਖਾਨਗਾਹ ਬਣੀ ਹੋਈ ਹੈ। ਇਹ ਖਾਨਗਾਹ ਇੱਕ ਬਾਗ ਦੇ ਵਿੱਚ ਹੈ ਅਤੇ ਆਲੇ-ਦੁਆਲੇ ਪੱਕਾ ਕੋਟ ਹੈ। ਗੁਰ ਅਸਥਾਨ ਬਾਬੇ ਨਾਨਕ ਦੇ ਮੜ ਸਾਹਿਬ ਜੀ ਤੋਂ ਚੜ੍ਹਦੇ ਦੀ ਦੱਖਣ ਦੀ ਗੁੱਠ ਵਿੱਚ 100 ਕਰਮਾਂ ਦੇ ਫਾਸਲੇ ’ਤੇ ਇੱਕ ਕੱਚਾ ਛੱਪੜ ਹੈ ਜਿਸ ਵਿੱਚ ਨਾਮੇ ਵੰਸ਼ੀਏ ਇਸ਼ਨਾਨ ਕਰਦੇ ਹਨ ਅਤੇ ਬਾਬੇ ਨਾਨਕ ਦਾ ਕਰਕੇ ਮੰਨਦੇ ਹਨ। ਇਹ ਛੱਪੜ ਪਹਿਲੀ ਪਾਤਸ਼ਾਹੀ ਜੀ ਦਾ ਹੈ, ਛੱਪੜ ਦੇ ਆਲੇ ਦੁਆਲੇ ਕਿੱਕਰਾਂ ਹਨ। ਭਾਈ ਧੰਨਾ ਸਿੰਘ ਨੇ ਜਦੋਂ 10 ਮਈ 1933 ਨੂੰ ਗੁਰਦੁਆਰਾ ਨਾਨਕ ਮੜ ਪਾਤਸ਼ਾਹੀ ਪਹਿਲੀ, ਬਟਾਲਾ ਦੀ ਆਪਣੇ ਕੈਮਰੇ ਰਾਹੀਂ ਤਸਵੀਰ ਲਈ ਤਾਂ ਉਸ ਵਿੱਚ ਉਨ੍ਹਾਂ ਨਾਲ ਸਵਰਨ ਸਿੰਘ ਅਤੇ ਹਰਬੰਸ ਸਿੰਘ ਵੀ ਮੌਜੂਦ ਸਨ।

ਸਾਹਿਬ ਫਕੀਰ ਸਈਅਦ ਦੀ ਖਾਨਗਾਹ

ਧੰਨਾ ਸਿੰਘ ਚਹਿਲ ਦੀ ਪੁਸਤਕ ‘ਗੁਰ ਤੀਰਥ ਸਾਈਕਲ ਯਾਤਰਾ’

ਜਦੋਂ ਧੰਨਾ ਸਿੰਘ ਚਹਿਲ ਦੀ ਪੁਸਤਕ ‘ਗੁਰ ਤੀਰਥ ਸਾਈਕਲ ਯਾਤਰਾ’ ਨੂੰ ਪੜ੍ਹਦਿਆਂ ਇਸ ਵਿੱਚ ਗੁਰਦੁਆਰਾ ਨਾਨਕ ਮੜ ਪਾਤਸ਼ਾਹੀ ਪਹਿਲੀ, ਬਟਾਲਾ ਦੀ ਤਸਵੀਰ ਦੇ ਦਰਸ਼ਨ ਕੀਤੇ ਤੇ ਇਸ ਬਾਰੇ ਜਾਣਿਆ ਤਾਂ ਓਸੇ ਸਮੇਂ ਇਸ ਗੁਰਧਾਮ ਨੂੰ ਤਲਾਸ਼ਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਕਿਤਾਬੇ ਵਿੱਚ ਦਿੱਤੇ ਹਵਾਲਿਆਂ ਅਨੁਸਾਰ ਚੱਲਦੇ ਹੋਏ ਆਪਣੇ ਦੋਸਤਾਂ ਲਾਡੀ ਜੱਸਲ ਅਤੇ ਅਨੁਰਾਗ ਮਹਿਤਾ ਨਾਲ ਅੱਚਲੀ ਗੇਟ ਅਤੇ ਹਾਥੀ ਗੇਟ ਦੇ ਬਾਹਰ ਦਾ ਇਲਾਕਾ ਫਰੋਲਣਾ ਸ਼ੁਰੂ ਕੀਤਾ। ਅਖੀਰ ਸਾਨੂੰ ਅੱਚਲੀ ਗੇਟ ਤੋਂ ਅੱਧਾ ਕੁ ਮੀਲ ਦੂਰ ਲਾਲੀ ਭੱਠੇ ਵਾਲੇ ਦੇ ਨਜ਼ਦੀਕ ਬਾਬਾ ਵਜ਼ੀਰ ਸਾਹਿਬ ਫਕੀਰ ਸਈਅਦ ਦੀ ਖਾਨਗਾਹ ਮਿਲ ਗਈ। ਕਿਤਾਬ ਵਿੱਚ ਦੱਸੇ ਹਵਾਲੇ ਕਿ ਗੁਰਦੁਆਰਾ ਨਾਨਕ ਮੜ ਪਾਤਸ਼ਾਹੀ ਪਹਿਲੀ ਤੋਂ ਇਹ ਖਾਨਗਾਹ 50-60 ਕਰਮਾ ਦੱਖਣ ’ਤੇ ਹੈ ਅਤੇ ਜਦੋਂ ਅਸੀਂ ਇਸ ਖਾਨਗਾਹ ਤੋਂ ਓਸੇ ਦਿਸ਼ਾ ਨੂੰ ਆਉਣਾ ਸ਼ੁਰੂ ਕੀਤਾ ਤਾਂ ਘਰਾਂ ਵਿੱਚ ਸਾਨੂੰ ਗੁਰਦੁਆਰਾ ਨਾਨਕ ਮੜ ਪਾਤਸ਼ਾਹੀ ਪਹਿਲੀ ਦਾ ਉਹ ਮੁਕਦਸ ਅਸਥਾਨ ਮਿਲ ਗਿਆ। ਇਸ ਦੀਆਂ ਹੁਣ ਦੀਆਂ ਤਸਵੀਰਾਂ ਸੰਨ 1933 ਦੀ ਤਸਵੀਰ ਤੁਸੀਂ ਦੇਖ ਸਕਦੇ ਹੋ।

ਸ੍ਰੀ ਗੁਰੂ ਨਾਨਕ ਪਾਤਸ਼ਾਹ ਦਾ ਬਟਾਲਾ

ਇਸ ਗੁਰਧਾਮ ਦੀ ਇਮਾਰਤ ਅੱਜ ਵੀ ਜਠੇਰਿਆਂ ਵਜੋਂ ਪੂਜੀ ਜਾਂਦੀ ਹੈ ਅਤੇ ਇਮਾਰਤ ਦਾ ਬਹੁਤਾ ਹਿੱਸਾ ਅਤੇ ਗੁੰਬਦ ਉਸ ਵਕਤ ਦਾ ਹੈ। ਭਰਤੀ ਪੈਣ ਨਾਲ ਇਮਾਰਤ ਦੀ ਉਚਾਈ ਹੁਣ ਕੁਝ ਘੱਟ ਗਈ ਹੈ। ਸੰਨ 1933 ਦੀ ਤਸਵੀਰ ਵਾਲਾ ਬੋਹੜ ਦਾ ਦਰੱਖਤ ਵੱਢ ਦਿੱਤਾ ਗਿਆ ਹੈ ਪਰ ਓਸੇ ਬੋਹੜ ਦੀਆਂ ਜੜ੍ਹਾਂ ਗੁਰਦੁਆਰਾ ਸਾਹਿਬ ਦੀ ਕੰਧ ਵਿੱਚੋਂ ਉੱਗ ਕੇ ਫਿਰ ਵੱਡਾ ਬੋਹੜ ਦਾ ਦਰੱਖਤ ਬਣ ਗਿਆ ਹੈ। ਦੀਵਾਰਾਂ ’ਤੇ ਪਲਸਤਰ ਕੀਤਾ ਗਿਆ ਹੈ ਅਤੇ ਥੋੜਾ ਮੁਹਾਂਦਰਾ ਵੀ ਬਦਲਿਆ ਗਿਆ ਹੈ। ਪਰ ਇਸ ਦਾ ਗੁੰਬਦ ਤੇ ਕੰਧਾਂ ਅਜੇ ਵੀ ਨਾਨਕਸ਼ਾਹੀ ਇੱਟ ਦੀਆਂ ਹਨ। ਇਸ ਥਾਂ ਤੋਂ ਠੀਕ 50-60 ਕਰਮਾਂ ਦੱਖਣ ਵਿੱਚ ਬਾਬਾ ਵਜ਼ੀਰ ਸਾਹਿਬ ਫਕੀਰ ਸਈਅਦ ਦੀ ਖਾਨਗਾਹ ਹੈ। ਭਾਈ ਧੰਨਾ ਸਿੰਘ ਚਹਿਲ ਨੇ ਜੋ ਛੱਪੜ ਦਾ ਹਾਲ ਬਿਆਨ ਕੀਤਾ ਹੈ ਓਥੇ ਹੁਣ ਕੋਈ ਛੱਪੜ ਨਹੀਂ ਰਿਹਾ ਉਹ ਪੂਰ ਲਿਆ ਗਿਆ ਹੈ।
ਗੁਰਦੁਆਰਾ ਨਾਨਕ ਮੜ ਪਾਤਸ਼ਾਹੀ ਪਹਿਲੀ, ਬਟਾਲਾ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਪਾਵਨ ਚਰਨ ਛੋਹ ਪ੍ਰਾਪਤ ਹੈ ਅਤੇ ਇਹ ਗੁਰਧਾਮ ਗੁਰੂ ਸਾਹਿਬ ਦੇ ਵਿਆਹ ਨਾਲ ਸਬੰਧਤ ਹੈ। ਪਰ ਸੰਗਤਾਂ ਇਸ ਤੋਂ ਬਿਲਕੁਲ ਅਣਜਾਣ ਹਨ। ਹੋਰ ਤਾਂ ਹੋਰ ਆਸ-ਪਾਸ ਦੇ ਘਰਾਂ ਦੇ ਵਸਨੀਕਾਂ ਨੂੰ ਵੀ ਇਸ ਬਾਬਤ ਕੁਝ ਪਤਾ ਨਹੀਂ ਹੈ।
ਸਾਹਿਬ ਫਕੀਰ ਸਈਅਦ ਦੀ ਖਾਨਗਾਹ
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਗੁਰਧਾਮ ਆਖਰ ਵਿਸਰ ਕਿਉਂ ਗਿਆ? ਇਸਦਾ ਇੱਕ ਮੁੱਖ ਕਾਰਨ ਦੇਸ਼ ਦਾ ਬਟਵਾਰਾ ਵੀ ਹੈ। ਬਟਵਾਰੇ ਤੋਂ ਬਾਅਦ ਬਟਾਲਾ ਦੇ ਇਸ ਥਾਂ ਉੱਪਰ ਲਹਿੰਦੇ ਪੰਜਾਬ ਤੋਂ ਆਏ ਕਿਸਾਨਾਂ ਨੂੰ ਵਸਾਇਆ ਗਿਆ। ਜੜ੍ਹਾਂ ਤੋਂ ਪੁੱਟੇ ਲੋਕਾਂ ਲਈ ਆਪਣਾ ਡੇਰਾ ਲਗਾਉਣਾ ਹੀ ਔਖਾ ਸੀ ਅਤੇ ਉਪਰੋਂ ਨਵੇਂ ਥਾਂ, ਨਵੇਂ ਲੋਕਾਂ ਵਿੱਚ ਅਜਿਹੀਆਂ ਥਾਵਾਂ ਦਾ ਵਿਸਰ ਜਾਣਾ ਸੁਭਾਵਕ ਸੀ। ਅਜ਼ਾਦੀ ਤੋਂ ਪਹਿਲਾਂ ਹੀ ਨਾਮਾ ਵੰਸ਼ੀਆਂ ਵੱਲੋਂ ਇਸ ਅਸਥਾਨ ਦੀ ਜਠੇਰਿਆਂ ਵਜੋਂ ਪੂਜਾ ਕਰਨੀ ਵੀ ਇਸ ਅਸਥਾਨ ਦੀ ਇਤਿਹਾਸਕ ਮਹੱਤਤਾ ਨੂੰ ਵਿਸਰਣ ਦਾ ਕਾਰਨ ਬਣੀ।
ਸ਼ਹਿਰ ਦੇ ਪੁਰਾਣੇ ਬਜ਼ੁਰਗ ਇਹ ਤਾਂ ਦੱਸਦੇ ਹਨ ਕਿ ਉਨ੍ਹਾਂ ਨੇ ਗੁਰਦੁਆਰਾ ਨਾਨਕ ਮੜ ਦਾ ਨਾਮ ਸੁਣਿਆ ਹੈ ਪਰ ਪਤਾ ਨਹੀਂ ਹੈ ਕਿਥੇ। ਜੇਕਰ ਭਾਈ ਧੰਨਾ ਸਿੰਘ ਚਹਿਲ ਸੰਨ 1933 ਵਿੱਚ ਬਟਾਲੇ ਨਾ ਆਏ ਹੁੰਦੇ ਅਤੇ ਇਸ ਪਾਵਨ ਅਸਥਾਨ ਦੀ ਤਸਵੀਰ ਤੇ ਹਾਲ ਨਾ ਬਿਆਨ ਕੀਤਾ ਹੁੰਦਾ ਤਾਂ ਇਹ ਅਸਥਾਨ ਹਮੇਸ਼ਾਂ ਲਈ ਗਵਾਚ ਜਾਣਾ ਸੀ। ਪਰ ਧੰਨ ਹੈ ਭਾਈ ਧੰਨਾ ਸਿੰਘ, ਉਸਦੀ ਘਾਲਣਾ ਕੰਮ ਆਈ। ਭਾਈ ਧੰਨਾ ਸਿੰਘ ਦੀ ਕਿਤਾਬ ਦੀ ਬਦੌਲਤ ਅਸੀਂ ਇਸ ਗੁਰਧਾਮ ਨੂੰ ਲੱਭ ਸਕੇ।
ਸੰਗਤ ਨੂੰ ਬੇਨਤੀ ਹੈ ਕਿ ਗੁਰਦੁਆਰਾ ਨਾਨਕ ਮੜ ਪਾਤਸ਼ਾਹੀ ਪਹਿਲੀ, ਬਟਾਲਾ ਅੱਚਲੀ ਦਰਵਾਜ਼ੇ ਤੋਂ ਲਾਲੀ ਭੱਠੇ ਵਾਲੇ ਵੱਲ ਦੀ ਜੋ ਬਾਈਪਾਸ ਨੂੰ ਸੜਕ ਜਾਂਦੀ ਹੈ ਉਸ ਉੱਪਰ ਭੱਠੇ ਦੇ ਸਾਹਮਣੇ ਘਰਾਂ ਵਿੱਚ ਹੈ। ਨਾਲ ਹੀ ਬਾਬਾ ਵਜ਼ੀਰ ਸਾਹਿਬ ਦੀ ਦਰਗਾਹ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਧਾਰਮਿਕ ਸੰਸਥਾਵਾਂ ਨੂੰ ਗੁਰੂ ਸਾਹਿਬ ਦੇ ਵਿਆਹ ਨਾਲ ਸਬੰਧਤ ਇਸ ਅਸਥਾਨ ਨੂੰ ਉਜਾਗਰ ਕਰਨਾ ਚਾਹੀਦਾ ਹੈ। ਸੰਗਤਾਂ ਨੂੰ ਸਾਡੇ ਵਲੋਂ ਵੀ ਬੇਨਤੀ ਹੈ ਕਿ ਸਾਰੇ ਸਮਾਂ ਕੱਢ ਕੇ ਗੁਰੂ ਸਾਹਿਬ ਦੇ ਇਸ ਪਾਵਨ ਅਸਥਾਨ ਗੁਰਦੁਆਰਾ ਨਾਨਕ ਮੜ ਪਾਤਸ਼ਾਹੀ ਪਹਿਲੀ ਦੇ ਦਰਸ਼ਨ ਜਰੂਰ ਕਰਕੇ ਆਇਓ।
ਇੰਦਰਜੀਤ ਸਿੰਘ ਹਰਪੁਰਾ,
ਬਟਾਲਾ।
98155-77574
Scroll to Top