ਚੰਡੀਗ੍ਹੜ 30 ਮਈ 2022: ਪੰਜਾਬ ‘ਚ ਵੱਧ ਰਹੀਆਂ ਅਪਰਾਧਿਕ ਘਟਨਾ ਨੇ ਸੂਬੇ ਦੀ ਜਨਤਾ ਅਤੇ ਪੰਜਾਬ ਸਰਕਾਰ ਦੀਆਂ ਚਿੰਤਾ ਵਧਾ ਦਿੱਤੀ ਹੈ | ਆਏ ਦਿਨ ਸੂਬੇ ‘ਚੋਂ ਅਜਿਹੀਆਂ ਘਟਨਾ ਸਾਹਮਣੇ ਆਉਂਦੀਆਂ ਹਨ | ਇਸਦੇ ਨਾਲ ਹੀ ਬੀਤੇ ਦਿਨ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਘਟਨਾ ਨੇ ਪੂਰੇ ਸੂਬੇ ਨੂੰ ਹਿਲਾ ਕੇ ਰੱਖ ਦਿੱਤਾ |
ਇਸ ਦੁਖਦਾਈ ਘਟਨਾ ‘ਤੇ ਦੇਸ਼, ਵਿਦੇਸ਼ ਦੀਆਂ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਨਾਮਵਰ ਹਸਤੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ | ਇਸਦੇ ਨਾਲ ਹੀ ਸਿੱਧੂ ਮੁਸੇਵਾਲਾ ਦੀ ਮੌਤ ‘ਤੇ ਵੱਖ -ਵੱਖ ਸਿਆਸੀ ਆਗੂਆਂ ਨੇ ਟਵੀਟ ਕਰਕੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਖਰਾਬ ਹੋ ਰਹੇ ਮਾਹੌਲ ਤੇ ਚਿੰਤਾ ਪ੍ਰਗਟਾਈ ।
ਸਿੱਧੂ ਮੂਸੇਵਾਲਾ ਦਾ ਕਤਲਕਾਂਡ
ਜਿਕਰਯੋਗ ਹੈ ਕਿ ਸਿੱਧੂ ਮੂਸੇ ਵਾਲਾ ‘ਤੇ ਬੀਤੇ ਦਿਨ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਨੇੜੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਉਨ੍ਹਾਂ ਦੀ ਗੱਡੀ ਘੇਰ ਕੇ ਗੋਲੀਆਂ ਮਾਰ ਕ ਕਤਲ ਕਰ ਦਿੱਤਾ ਗਿਆ | ਜਿਸ ਦੌਰਾਨ ਕਈ ਗੋਲੀਆਂ ਸਿੱਧੂ ਮੂਸੇਵਾਲਾ ਅਤੇ ਉਸ ਦੇ ਦੋ ਸਾਥੀਆਂ ‘ਤੇ ਗੋਲੀ ਲੱਗੀ | ਇਸ ਦੌਰਾਨ ਸਿੱਧੂ ਮੂਸੇਵਾਲਾ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ |
ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਦੱਸਿਆ ਕਿ ਜਦੋਂ ਸਿੱਧੂ ਮੂਸੇ ਵਾਲਾ ਆਪਣੀ ਥਾਰ ‘ਚ ਨਿਕਲੇ ਸੀ ਨਾ ਕਿ ਆਪਣੀ ਬੁਲੇਟ ਪਰੂਫ਼ ਗੱਡੀ ‘ਚ | ਇਸਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਸਿੱਧੂ ਦੀ ਸੁਰੱਖਿਆ ਵਿੱਚ ਤੈਨਾਤ ਦੋ ਕਮਾਂਡੋਜ਼ ਨੂੰ ਵੀ ਨਾਲ ਨਹੀਂ ਲੈ ਕੇ ਗਏ ਸਨ। ਇਸ ਦੌਰਾਨ ਪੁਲਿਸ ਦੀ ਜਾਂਚ ‘ਚ ਸਾਹਮਣੇ ਆਇਆ ਕਿ ਵਾਰਦਾਤ ਵਾਲੀ ਥਾਂ ਉੱਤੇ ਚੱਲੀਆਂ ਗੋਲੀਆਂ ਦੇ 30 ਖਾਲੀ ਖੋਲ੍ਹ ਬਰਾਮਦ ਹੋਏ ਹਨ, ਇਹ ਖਾਲੀ ਖੋਲ੍ਹ ਵੱਖ ਵੱਖ ਤਿੰਨ ਹਥਿਆਰਾਂ ਦੇ ਸਨ । ਇਸਦੇ ਨਾਲ ਹੀ ਹਮਲੇ ਵਿਚ 9 ਐੱਮਐੱਮ, 7,62 ਐੱਮਐੱਮ ਅਤੇ 0.30 ਦੇ ਖੋਲ੍ਹ ਬਰਾਮਦ ਕੀਤੇ ਗਏ ਹਨ ।
DGP ਪੰਜਾਬ ਦਾ ਸਪੱਸ਼ਟੀਕਰਨ
ਇਸ ਕਤਲਕਾਂਡ ਬਾਰੇ ਜਾਣਕਰੀ ਦਿੰਦਿਆਂ ਪੰਜਾਬ ਪੁਲਿਸ ਦੇ DGP ਡੀਜੀਪੀ ਵੀ ਕੇ ਭੰਵਰਾ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਗਰੁੱਪ ਦਾ ਨਾਂ ਸਾਹਮਣੇ ਆਇਆ ਹੈ। ਇਸਦੇ ਨਾਲ ਹੀ ਪੰਜਾਬ ਡੀਜੀਪੀ ਦੇ ਮੁਤਾਬਕ ਮੁੱਢਲੀ ਜਾਂਚ ਵਿੱਚ ਇਹ ਲਾਰੈਂਸ ਬਿਸ਼ਨੋਈ ਅਤੇ ਲੱਕੀ ਪਟਿਆਲ ਗਰੁੱਪ ਵਿਚਾਲੇ ਦੀ ਲੜਾਈ ਦੀ ਆਸ਼ੰਕਾ ਜਤਾਈ ਹੈ।
ਇਸਦੇ ਨਾਲ ਹੀ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਖਲ ਤੋਂ ਬਾਅਦ ਡਾਇਰੈਕਟਰ ਜਨਰਲ ਆਫ਼ ਪੁਲਿਸ ਪੰਜਾਬ ਵੀ.ਕੇ. ਭਾਵਰਾ ਨੇ ਅੱਜ ਆਪਣੇ ਬਿਆਨ ‘ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਸ ਨੇ ਕਦੇ ਵੀ ਸਿੱਧੂ ਮੂਸੇਵਾਲਾ ਨੂੰ ਗੈਂਗਸਟਰਾਂ ਨਾਲ ਨਹੀਂ ਜੋੜਿਆ |ਡੀ.ਜੀ.ਪੀ. ਨੇ ਮੂਸੇਵਾਲਾ ਦੇ ਕਤਲ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਇਨਸਾਫ਼ ਦਿਵਾਇਆ ਜਾਵੇਗਾ। ਇਸਦੇ ਚਲਦੇ ਮੋਗਾ ਅਤੇ ਦੇਹਰਾਦੂਨ ਤੋਂ ਕੁਝ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ |
ਇਸਦੇ ਨਾਲ ਹੀ ਉਨ੍ਹਾਂ ਦੱਸਿਆ ਸਿੱਧੂ ਮੂਸੇਵਾਲਾ ਦੀ ਕਤਲ ਦੀ ਜਿੰਮੇਵਾਰੀ ਬਿਸ਼ਨੋਈ ਗਰੁੱਪ ਨੇ ਲਈ ਹੈ ਅਤੇ ਉਨ੍ਹਾਂ ਕਿਹਾ ਕਿ ਸਿੱਧੂ ਦਾ ਕਤਲ ਕਰਕੇ ਉਨ੍ਹਾਂ ਨੇ ਵਿੱਕੀ ਮਿੱਠੂਖੇੜਾ ਦੇ ਕਤਲ ਦਾ ਬਦਲਾ ਲਿਆ ਹੈ | ਲਾਰੈਂਸ ਬਿਸ਼ਨੋਈ ਗਰੁੱਪ ਨੇ ਇਸ ਸਬੰਧੀ ਪੋਸਟ ਲਿਖ ਕੇ ਵੀ ਦਸਿਆ ਸੀ |
ਪੰਜਾਬ ਡੀਜੀਪੀ ਵੀ.ਕੇ. ਭਾਵਰਾ ਦੇ ਅਨੁਸਾਰ ਵਿੱਕੀ ਮਿੱਠੂਖੇੜਾ ਕਤਲ ਕੇਸ ਵਿਚ ਸੰਨੀ, ਅਨਿਲ ਲੱਥ ਅਤੇ ਭੋਲੂ ਨਾਂ ਦੇ ਤਿੰਨ ਸ਼ੂਟਰਾਂ ਦੀ ਪਹਿਚਾਣ ਕੀਤੀ ਗਈ ਹੈ | ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਸਾਰੇ ਸ਼ੂਟਰ ਹਰਿਆਣਾ ਦੇ ਰਹਿਣ ਵਾਲੇ ਹਨ ਅਤੇ ਦਿੱਲੀ ਪੁਲਿਸ ਇਨ੍ਹਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ | ਇੰਡੀਆ ਟੁਡੇ ਦੀ ਇੱਕ ਰਿਪੋਰਟ ਦੇ ਅਨੁਸਾਰ ਲਾਰੈਂਸ ਬਿਸ਼ਨੋਈ ਗਰੁੱਪ ਵਿੱਚ ਲਗਭਗ 700 ਮੈਂਬਰ ਸ਼ਾਮਿਲ ਹਨ।
ਦਸਿਆ ਜਾਂਦੇ ਕਿ ਲਾਰੈਂਸ ਬਿਸ਼ਨੋਈ ਦੇ ਇਸ ਗਰੁੱਪ ਵਿੱਚ ਪ੍ਰੋਫੈਸ਼ਨਲ ਸ਼ੂਟਰ ਵੀ ਸ਼ਾਮਲ ਹਨ | ਲਾਰੈਂਸ ਬਿਸ਼ਨੋਈ ਦਾ ਇਹ ਗਰੁੱਪ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਅਤੇ ਹਿਮਾਚਲ ਸਮੇਤ ਕਈ ਥਾਵਾਂ ਤੋਂ ਚਲਾਇਆ ਜਾਂਦਾ ਹੈ।ਇੱਥੋਂ ਤੱਕ ਕਿ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਗਰੁੱਪ ਦੇ ਸੰਪਰਕ ਕੈਨੇਡਾ ਦੇ ਨਾਲ ਨਾਲ ਕਈ ਹੋਰ ਮੁਲਕਾਂ ਤੱਕ ਹਨ।
ਕੌਣ ਹੈ ਲਾਰੈਂਸ ਬਿਸ਼ਨੋਈ
ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਲਾਰੇਂਸ ਬਿਸ਼ਨੋਈ ‘ਤੇ ਕਈ ਮਾਮਲੇ ਦਰਜ ਹਨ , ਇਨ੍ਹਾਂ ‘ਚ ਕਤਲ, ਲੁੱਟ ਅਤੇ ਮਾਰ-ਕੁੱਟ ਸਣੇ ਕਈ ਮਾਮਲਿਆਂ ‘ਚ ਨਾਮਜ਼ਦ ਕੀਤਾ ਹੈ ।ਇਸਦੇ ਨਾਲ ਹੀ ਲਾਰੈਂਸ ਬਿਸ਼ਨੋਈ ਦੇ ਖ਼ਿਲਾਫ਼ ਪੰਜਾਬ, ਦਿੱਲੀ ਅਤੇ ਰਾਜਸਥਾਨ ‘ਚ ਵੀ ਕਈ ਮਾਮਲੇ ਦਰਜ ਹਨ।ਇਸਤੋਂ ਪਹਿਲਾਂ ਲਾਰੈਂਸ਼ ਬਿਸ਼ਨੋਈ ਰਾਜਸਥਾਨ ਦੀ ਭਰਤਪੁਰ ਜੇਲ੍ਹ ਵਿੱਚ ਬੰਦ ਰਿਹਾ, ਹੁਣ ਬਿਸ਼ਨੋਈ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਕੈਦ ਹੈ।
ਪੰਜਾਬ ਪੁਲਿਸ ਨੂੰ ਸ਼ੱਕ ਹੈ ਕਿ ਸਿੱਧੂ ਮੂਸੇਵਾਲਾ ਦੀ ਸਾਜ਼ਿਸ਼ ਲਾਰੈਂਸ ਬਿਸ਼ਨੋਈ ਨੇ ਜੇਲ੍ਹ ਵਿਚ ਬੈਠੇ ਨੇ ਹੀ ਘੜੀ ਹੈ ਅਤੇ ਇਸ ਸਾਜਿਸ਼ ਨੂੰ ਉਸ ਦੇ ਕੈਨੇਡਾ ਰਹਿੰਦੇ ਸਾਥੀ ਗੋਲਡੀ ਬਰਾੜ ਨੇ ਅੰਜਾਮ ਦਿੱਤਾ ਹੈ | ਇੰਡੀਆ ਟੁਡੇ ਦੀ ਇੱਕ ਰਿਪੋਰਟ ਮੁਤਾਬਕ, ਲਾਰੈਂਸ ਬਿਸ਼ਨੋਈ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਐੱਲਐੱਲਬੀ ਦੀ ਪੜ੍ਹਾਈ ਕੀਤੀ ਹੈ ਅਤੇ ਉਸਨੇ ਪੜ੍ਹਾਈ ਦੌਰਾਨ ਹੀ ਗੈਰ ਕਾਨੂੰਨੀ ਕੰਮ ਕਰਨੇ ਸ਼ੁਰੂ ਦਿੱਤੇ ਸਨ।
ਇਸਦੇ ਨਾਲ ਹੀ ਸਾਲ 2009 ਵਿੱਚ ਲਾਰੈਂਸ ਬਿਸ਼ਨੋਈ ਦੀ ਮੁਲਾਕਾਤ ਉਸ ਸਮੇਂ ਦੇ ਸਟੂਡੈਂਟ ਪ੍ਰਧਾਨ ਗੋਲਡੀ ਨਾਲ ਹੋਈ ਅਤੇ ਉਸ ਤੋਂ ਬਾਅਦ ਹੀ ਬਿਸ਼ਨੋਈ ਯੂਨੀਵਰਸਿਟੀ ਰਾਜਨੀਤੀ ‘ਚ ਦਾਖ਼ਲ ਹੋਇਆ ।ਬਿਸ਼ਨੋਈ ਉਸ ਸਮੇ ਵੀ ਚਰਚਾ ‘ਚ ਰਿਹਾ ਜਦੋਂ ਗੈਂਗ ਨਾਲ ਜੁੜੇ ਇੱਕ ਵਿਅਕਤੀ ਨੇ ਸਲਮਾਨ ਖਾਨ ਨੂੰ ਧਮਕੀ ਦੇਣ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਲਾਰੈਂਸ ਬਿਸ਼ਨੋਈ ਨੂੰ ਪੰਜਾਬ ਪੁਲਿਸ ਵੱਲੋਂ ਐਨਕਾਊਂਟਰ ਕੀਤੇ ਜਾਣ ਦਾ ਡਰ
29 ਸਾਲਾ ਗੈਂਗਸਟਰ ਲਾਰੈਂਸ਼ ਬਿਸ਼ਨੋਈ ਨੂੰ ਪੰਜਾਬ ਪੁਲਿਸ ਵੱਲੋਂ ਐਨਕਾਊਂਟਰ ਕੀਤੇ ਜਾਣ ਦਾ ਡਰ ਸਤਾ ਰਿਹਾ ਹੈ।ਇਸ ਸੰਬੰਧੀ ਬਿਸ਼ਨੋਈ ਨੇ ਇਸ ਮੁੱਦੇ ਉਤੇ ਐਨਆਈਏ ਕੋਰਟ ਵਿਚ ਪਟੀਸ਼ਨ ਪਾਈ ਗਈ ਹੈ। ਹਾਲਾਂਕਿ ਅਦਾਲਤ ਨੇ ਇਸ ਪਟੀਸ਼ਨ ਨੂੰ ਨਾਲ ਦੀ ਨਾਲ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ।
ਜਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਾਰੇਂਸ ਬਿਸ਼ਨੋਈ ਗੈਂਗ ਨੇ ਲਈ ਹੈ। ਬਿਸ਼ਨੋਈ ਵਲੋਂ ਇਸ ਮੁੱਦੇ ‘ਤੇ ਦਿੱਲੀ ਦੀ ਪਟਿਆਲਾ ਕੋਰਟ ਵਿਚ ਪਟੀਸ਼ਨ ਪਾਈ ਗਈ ਹੈ। ਇਸ ਗਰੁੱਪ ਨੇ ਫੇਸਬੁਕ ਉਤੇ ਪੋਸਟ ਪਾ ਕੇ ਮੂਸੇਵਾਲਾ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਸੀ। ਇਸ ਦੌਰਾਨ ਪਟੀਸ਼ਨ ‘ਤੇ ਅਦਾਲਤ ਨੇ ਕਿਹਾ ਹੈ ਕਿ ਅਮਨ-ਕਾਨੂੰਨ ਨੂੰ ਲਾਗੂ ਕਰਨਾ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੈ। ਇਸ ਲਈ ਇਹ ਪਟੀਸ਼ਨ ਸੁਣਵਾਈ ਲਈ ਨਹੀਂ ਮੰਨੀ ਜਾ ਸਕਦੀ|
ਇਸ ਸੰਬੰਧੀ ਲਾਰੈਂਸ਼ ਬਿਸ਼ਨੋਈ ਦੇ ਵਕੀਲ ਵਿਸ਼ਾਲ ਚੋਪੜਾ ਨੇ ਅਦਾਲਤ ਵਿਚ ਦਾਇਰ ਅਰਜੀ ਵਿਚ ਕਿਹਾ ਹੈ ਕਿ ਕਿਵੇਂ ਅਦਾਲਤ ਦੇ ਪ੍ਰੋਡਕਸ਼ਨ ਵਾਰੰਟ ਦੌਰਾਨ ਇੱਧਰ ਉੱਧਰ ਲਿਜਾਉਣ ਸਮੇਂ ਉਸ ਦਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਜਾ ਸਕਦਾ ਹੈ।
ਇਸਦੇ ਨਾਲ ਹੀ ਲਾਰੈਂਸ਼ ਬਿਸ਼ਨੋਈ ਨੇ ਦਾਇਰ ਪਟੀਸ਼ਨ ਵਿਚ ਕਿਹਾ ਹੈ ਕਿ ਵਿਦਿਆਰਥੀ ਆਗੂ ਹੋਣ ਕਰਕੇ ਉਸ ‘ਤੇ ਪੰਜਾਬ ਅਤੇ ਚੰਡੀਗੜ੍ਹ ਵਿਚ ਸਿਆਸੀ ਵਿਰੋਧੀ ਹੋਣ ਕਾਰਨ ਕਈਕੇਸ ਬਣਾਏ ਗਏ ਹਨ । ਇਸ ਦੌਰਾਨ ਬਿਸ਼ਨੋਈ ਨੇ ਇਹ ਖਦਸ਼ਾ ਜਤਾਇਆ ਕਿ ਝੂਠਾ ਪੁਲਿਸ ਮੁਕਾਬਲਾ ਬਣਾ ਸਕਦੀ ਹੈ
ਇਸ ਦੌਰਾਨ ਅਰਜੀ ਵਿਚ ਕਿਹਾ ਗਿਆ ਹੈ ਕਿ ਤਿਹਾੜ ਜੇਲ੍ਹ ਅਥਾਰਟੀ ਜਿੱਥੇ ਲਾਰੈਂਸ਼ ਬਿਸ਼ਨੋਈ ਬੰਦ ਹੈ, ਕਿਸੇ ਵੀ ਪ੍ਰੋਡਕਸ਼ਨ ਵਾਰੰਟ ਦੀ ਪੰਜਾਬ ਜਾਂ ਕਿਸੇ ਵੀ ਸੂਬੇ ਦੀ ਪੁਲਿਸ ਬਾਬਤ ਅਗਾਊ ਸੂਚਨਾ ਇਸ ਅਦਾਲਤ ਨੂੰ ਦਿੱਤੀ ਜਾਵੇ |
ਇਸਦੇ ਨਾਲ ਹੀ ਉਨ੍ਹਾਂ ਨੇ ਅਪੀਲ ਕੀਤੀ ਗਈ ਹੈ ਕਿ ਬਿਸ਼ਨੋਈ ਦੀ ਕਸਟੱਡੀ ਕਿਸੇ ਵੀ ਹੋਰ ਸੂਬੇ ਦੀ ਪੁਲਿਸ ਨੂੰ ਨਾ ਦਿੱਤੀ ਜਾਵੇ | ਕਸਟੱਡੀ ਦੇਣ ਤੋਂ ਪਹਿਲਾਂ ਬਿਸ਼ਨੋਈ ਦੇ ਵਕੀਲ ਨੂੰ ਜਾਣਕਾਰੀ ਦਿੱਤੀ ਹੈ।ਲਾਰੈਂਸ ਬਿਸ਼ਨੋਈ ਜੋ ਕਿ ਤਿਹਾੜ ਜੇਲ੍ਹ ਵਿਚ ਹੀ ਬੰਦ ਹੈ, ਉੱਤੇ ਮਕੋਰਾ ਦੀ ਧਾਰਾ 3 ਅਤੇ 4 ਤਹਿਤ ਕਈ ਮਾਮਲੇ ਹਨ।
ਜਿਕਰਯੋਗ ਹੈ ਲਾਰੈਂਸ ਬਿਸ਼ਨੋਈ ਭਾਈਚਾਰਾ ਕਾਲੇ ਹਿਰਨ (ਚਿੰਕਾਰੇ) ਨੂੰ ਇਕ ਸਤਿਕਾਰਯੋਗ ਸਥਾਨ ਰੱਖਦਾ ਹੈ | ਇਹ ਭਾਈਚਾਰਾ ਕਾਲੇ ਹਿਰਨ ਨੂੰ ਪੂਜਨਿਕ ਮੰਨਦੇ ਹਨ | ਇਸਦੇ ਚੱਲਦੇ ਸਲਮਾਨ ਖਾਨ ਦੁਆਰਾ ਕਾਲੇ ਹਿਰਨ ਦੇ ਸ਼ਿਕਾਰ ਕਰਨ ਵਾਲੇ ਮਾਮਲੇ ਵਿੱਚ ਲਾਰੇਂਸ ਗਰੁੱਪ ਵਲੋਂ ਇੱਕ ਅਦਾਕਾਰ ਨੂੰ ਮਾਰਨ ਤੱਕ ਦੀ ਧਮਕੀ ਦੇ ਦਿੱਤੀ ਸੀ।
ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ, ਪੰਜਾਬ ਸਰਕਾਰ ਨੇ ਸੂਬੇ ‘ਚ ਗੈਂਗਸਟਰਵਾਦ ‘ਤੇ ਨੱਥ ਪਾਉਣ ਲਈ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਗਿਆ | ਇਸਦੇ ਚੱਲਦੇ 01 ਮਈ ਨੂੰ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਕਰੀਬੀ 3 ਵਿਅਕਤੀਆਂ ਨੂੰ ਬਠਿੰਡਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਗ੍ਰਿਫ਼ਤਾਰ ਤੋਂ ਬਾਅਦ ਮਾਮਲੇ ‘ਚ ਸਾਹਮਣੇ ਆਇਆ ਕਿ 3 ਵਿਅਕਤੀ ਇੱਕ ਜਾਣੇ-ਪਛਾਣੇ ਕਾਰੋਬਾਰੀ ‘ਤੇ ਪੈਸੇ ਵਸੂਲਣ ਲਈ ਹਮਲੇ ਦੀ ਤਿਆਰੀ ‘ਚ ਸਨ |
ਕੌਣ ਹੈ ਗੋਲਡੀ ਬਰਾੜ
ਗੋਲਡੀ ਬਰਾੜ ਨੇ ਫੇਸਬੁੱਕ ‘ਤੇ ਪੋਸਟ ਸਾਂਝੀ ਕਰ ਸਿੱਧੂ ਮੂਸੇਵਾਲਾ ਕਤਲ ਦੀ ਜਿੰਮੇਵਾਰੀ ਲਈ ਹੈ | ਗੋਲਡੀ ਬਰਾੜ ਦਾ ਅਸਲੀ ਨਾਂ ਸਤਿੰਦਰ ਸਿੰਘ ਹੈ, ਗੋਲਡੀ ਨੂੰ ਲਾਰੈਂਸ ਬਿਸ਼ਨੋਈ ਦਾ ਕਰੀਬੀ ਮੰਨਿਆ ਜਾਂਦਾ ਹੈ। ਗੋਲਡੀ ਨੇ 2021 ਵਿਚ ਫਰੀਦਕੋਟ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਗੁਰਲਾਲ ਸਿੰਘ ਪਹਿਲਵਾਨ ਦਾ ਕਤਲ ਕੀਤਾ ਅਤੇ ਇਸ ਮਾਮਲੇ ‘ਚ ਗੋਲਡੀ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ। ਇਸਦੇ ਨਾਲ ਹੀ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਹੋਏ ਦੁਹਰੇ ਕਤਲ ਦੇ ਮਾਮਲੇ ਵਿੱਚ ਵੀ ਗੋਲਡੀ ਦਾ ਨਾਮ ਸਾਹਮਣੇ ਆਇਆ ਸੀ। ਦੱਸਿਆ ਜਾਂਦਾ ਹੈ ਕਿ ਗੋਲਡੀ ਇਸ ਸਮੇਂ ਕੈਨੇਡਾ ਵਿੱਚ ਰਹਿੰਦਾ ਹੈ |
ਸਿੱਧੂ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ
ਅਕਾਲੀ ਦਲ ਦੇ ਯੂਥ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਕੇਸ ‘ਚ ਸਿੱਧੂ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਨੂੰ ਮੁਲਜ਼ਮ ਨਾਮਜ਼ਦ ਕੀਤਾ ਗਿਆ ਹੈ | ਪਰ ਹੁਣ ਸ਼ਗਨਪ੍ਰੀਤ ਆਸਟ੍ਰੇਲੀਆ ਜਾ ਚੁੱਕਾ ਹੈ।
ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਡੀ.ਜੀ.ਪੀ ਵੀ. ਕੇ ਭਵਰਾ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਿੰਮੇਵਾਰੀ ਲੈਂਦਿਆਂ ਲਾਰੈਂਸ ਬਿਸ਼ਨੋਈ ਗਰੁੱਪ ਨੇ ਕਿਹਾ ਸੀ ਕਿ ਉਨ੍ਹਾਂ ਨੇ ਵਿੱਕੀ ਮਿੱਠੂਖੇੜਾ ਦੇ ਕਤਲ ਦਾ ਬਦਲਾ ਲਿਆ ਹੈ |
ਵਿੱਕੀ ਮਿੱਡੂਖੇੜਾ ਕਤਲਕਾਂਡ
ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਐੱਸ.ਓ.ਆਈ. ਦੇ ਸਾਬਕਾ ਪ੍ਰਧਾਨ ਵਿੱਕੀ ਮਿੱਡੂਖੇੜਾ (Vicky Middukhera) ਦਾ ਅਣਪਛਾਤਿਆਂ ਵਲੋਂ ਸ਼ਨੀਵਾਰ ਨੂੰ ਸੈਕਟਰ 71 ਵਿਖੇ ਉਸ ਸਮੇਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ |
ਜਦੋਂ ਉਹ ਇਥੇ ਇਕ ਪ੍ਰਾਪਰਟੀ ਡੀਲਰ ਨਾਲ ਮੁਲਾਕਾਤ ਤੋਂ ਬਾਅਦ ਆਪਣੀ ਕਾਰ ‘ਚ ਬੈਠਣ ਲੱਗਾ ਸੀ। ਇਸ ਦੌਰਾਨ ਹਮਲਾਵਰਾਂ ਨੇ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ’ਤੇ ਅੰਨ੍ਹਵਾਹ ਗੋਲ਼ੀਆਂ ਚਲਾ ਦਿੱਤੀਆਂ। ਜਾਣਕਾਰੀ ਮੁਤਾਬਕ ਹਮਲਾਵਰਾਂ ਨੇ ਮਿੱਡੂਖੇੜਾ ਨੂੰ ਲਗਭਗ 6 ਤੋਂ ਵੱਧ ਗੋਲ਼ੀਆਂ ਮਾਰੀਆਂ, ਜਿਸ ਨਾਲ ਖੂਨ ਨਾਲ ਲਥਪਥ ਹੋ ਗਿਆ ਸੀ ।