ਨਵੀਂ ਦਿੱਲੀ, 07 ਸਤੰਬਰ 2024 (ਦਵਿੰਦਰ ਸਿੰਘ): ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਡਾ: ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਪੰਜਾਬ ਦਾ ਮਾਲੀਆ ਘਾਟਾ ਅਤੇ ਸੂਬੇ ‘ਚ ਵਿੱਤੀ ਸੰਕਟ (financial crisis) ਗੰਭੀਰ ਚਿੰਤਾ ਦਾ ਵਿਸ਼ਾ ਹੈ। ਹਾਲਾਂਕਿ ਮਾਲੀਏ ‘ਚ ਲਗਭਗ 11% ਦਾ ਵਾਧਾ ਹੋਇਆ ਹੈ ਅਤੇ ਖਰਚੇ ‘ਚ 13% ਦਾ ਵਾਧਾ ਹੋਇਆ ਹੈ | ਪੰਜਾਬ ‘ਚ ਵਿੱਤ ਦੀਆਂ ਪ੍ਰਾਪਤੀਆਂ ਅਤੇ ਖਰਚਿਆਂ ‘ਚ ਲਗਾਤਾਰ ਅਸੰਤੁਲਨ ਰਾਜ ‘ਤੇ ਵਧ ਰਹੇ ਵਿੱਤੀ ਦਬਾਅ ਨੂੰ ਦਰਸਾਉਂਦਾ ਹੈ।
ਐੱਮ.ਪੀ ਵਿਕਰਮਜੀਤ ਸਾਹਨੀ ਨੇ ਕਿਹਾ ਕਿ ਕੇਂਦਰੀ ਪੂਲ ਲਈ ਕਣਕ ਅਤੇ ਚੌਲਾਂ ਦੀ ਖਰੀਦ ਲਈ ਸੀਸੀਐਲ ਵਿਆਜ ਦਰਾਂ ਕਾਰਨ ਪੰਜਾਬ ਨੂੰ ਸਾਲਾਨਾ 650 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ।
ਡਾ: ਵਿਕਰਮਜੀਤ ਸਾਹਨੀ ਨੇ ਮੁੜ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਕਿ ਪੰਜਾਬ ਨੂੰ ਇਸ ਵਿੱਤੀ ਸੰਕਟ (financial crisis) ਅਤੇ ਕਰਜ਼ੇ ‘ਚੋਂ ਕੱਢਣ ਲਈ ਮੱਦਦ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਰੀਬ 8500 ਕਰੋੜ ਰੁਪਏ ਦੇ ਫੰਡ ਕੇਂਦਰ ਸਰਕਾਰ ਕੋਲ ਬਕਾਇਆ ਪਏ ਹਨ, ਜਿਸ ‘ਚ 5658 ਕਰੋੜ ਰੁਪਏ ਪੇਂਡੂ ਵਿਕਾਸ ਫੰਡ, 1000 ਕਰੋੜ ਰੁਪਏ ਨੈਸ਼ਨਲ ਹੈਲਥ ਮਿਸ਼ਨ ਅਤੇ 1837 ਕਰੋੜ ਰੁਪਏ ਰਾਜ ਨੂੰ ਪੂੰਜੀ ਨਿਵੇਸ਼ ਲਈ ਵਿਸ਼ੇਸ਼ ਸਹਾਇਤਾ ਸ਼ਾਮਲ ਹਨ।
ਡਾ: ਵਿਕਰਮਜੀਤ ਸਾਹਨੀ ਨੇ ਇਹ ਵੀ ਕਿਹਾ ਕਿ ਹੋਰ ਕਰਜ਼ਾ ਚੁੱਕਣਾ ਕੋਈ ਸਥਾਈ ਹੱਲ ਨਹੀਂ ਹੈ ਅਤੇ ਸਹਿਕਾਰੀ ਸੰਘਵਾਦ ਦੀ ਅਸਲ ਭਾਵਨਾ ਨਾਲ ਕੇਂਦਰ ਨੂੰ ਇਸ ਔਖੇ ਸਮੇਂ ‘ਚ ਪੰਜਾਬ ਦੀ ਮੱਦਦ ਕਰਨੀ ਚਾਹੀਦੀ ਹੈ। ਡਾ: ਸਾਹਨੀ ਨੇ ਅਪੀਲ ਕੀਤੀ ਕਿ ਪੂੰਜੀ ਨਿਵੇਸ਼ ਲਈ ਸੂਬੇ ਨੂੰ ਵਿਸ਼ੇਸ਼ ਸਹਾਇਤਾ ਲਈ ਪਹਿਲਾਂ ਹੀ ਪ੍ਰਵਾਨ ਕੀਤੇ 1837 ਕਰੋੜ ਰੁਪਏ ਬਿਨਾਂ ਕਿਸੇ ਦੇਰੀ ਦੇ ਜਾਰੀ ਕੀਤੇ ਜਾਣ।
ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਵਿਖੇ 1,102 ਏਕੜ ਰਕਬੇ ‘ਚ ਇੰਟੈਗਰੇਟਿਡ ਮੈਨੂਫੈਕਚਰਿੰਗ ਕਲੱਸਟਰ (ਆਈ.ਐਮ.ਸੀ.) ਸਥਾਪਤ ਕਰਨ ਦੀ ਪ੍ਰਵਾਨਗੀ ਦੇਣ ਲਈ ਕੇਂਦਰ ਸਰਕਾਰ ਦੀ ਪ੍ਰਸ਼ੰਸਾ ਕੀਤੀ ਅਤੇ ਆਸ ਪ੍ਰਗਟਾਈ ਕਿ ਕੇਂਦਰ ਇਸ ਲਈ ਛੇਤੀ ਹੀ ਫੰਡ ਜਾਰੀ ਕਰੇਗਾ।