July 7, 2024 10:02 am
ਡਾ. ਪੁਸ਼ਪਿੰਦਰ ਸਿੰਘ ਗਿੱਲ

ਵਿੱਤ ਮੰਤਰੀ ਵੱਲੋਂ ਡਾ. ਪੁਸ਼ਪਿੰਦਰ ਸਿੰਘ ਗਿੱਲ ਦੀ ਕਿਤਾਬ ‘ਦਾ ਪੰਜਾਬ ਦੈਟ ਵਾਜ ਨੌਟ’ ਲੋਕ ਅਰਪਣ

ਚੰਡੀਗੜ੍ਹ 26 ਦਸੰਬਰ 2022: ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੀਨੀਅਰ ਪ੍ਰੋਫੈਸਰਾਂ ਵਿੱਚੋਂ ਇੱਕ ਡਾ. ਪੁਸ਼ਪਿੰਦਰ ਸਿੰਘ ਗਿੱਲ ਵੱਲੋਂ ਲਿਖੀ ਗਈ ਕਿਤਾਬ ‘ਦਾ ਪੰਜਾਬ ਦੈਟ ਵਾਜ ਨੌਟ’ ਨੂੰ ਲੋਕ ਅਰਪਣ ਕੀਤਾ।

ਇਥੇ ਵਿੱਤ ਤੇ ਯੋਜਨਾ ਭਵਨ ਵਿਖੇ ਹੋਏ ਇੱਕ ਸਾਧਾਰਨ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕਿਤਾਬ ਨੂੰ ਲੋਕ ਅਰਪਣ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਕਿਤਾਬ ਡਾ. ਗਿੱਲ ਵੱਲੋਂ ਪੰਜਾਬ ਦੀ ਆਰਥਿਕਤਾ ਦੀ ਬਿਹਤਰੀ ਲਈ ਪੁਰਾਣੇ ਸਮੇਂ ਦੌਰਾਨ ਕੀ ਕੁਝ ਹੋਇਆ, ਕੀ ਕੁਝ ਹੋਣਾ ਚਾਹੀਦਾ ਸੀ ਅਤੇ ਆਉਣ ਵਾਲੇ ਸਮੇਂ ਵਿੱਚ ਕਿਵੇਂ ਆਰਥਿਕਤਾ ਨੂੰ ਲੀਹਾਂ ‘ਤੇ ਲਿਆਂਦਾ ਜਾ ਸਕਦਾ ਹੈ, ਦੀ ਦਿਸ਼ਾ ਵਿੱਚ ਕੀਤੇ ਗਏ ਕੰਮ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਸ ਕਿਤਾਬ ਤੋਂ ਸਾਨੂੰ ਬਹੁਤ ਕੁੱਝ ਸਿੱਖਣ ਨੂੰ ਮਿਲੇਗਾ।

ਇਸੇ ਦੌਰਾਨ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸੂਬੇ ਵਿੱਚ ਆਰਥਿਕ ਮੁੱਦਿਆਂ ਬਾਰੇ ਲੋੜੀਂਦੀ ਬਹਿਸ ਦੀ ਘਾਟ ਕਾਰਨ ਉਨ੍ਹਾਂ ਨੇ ਇਸ ਕਿਤਾਬ ਰਾਹੀਂ ਸਰਲ ਅਤੇ ਸੁਖਾਵੀਂ ਭਾਸ਼ਾ ਵਿੱਚ ਹਰ ਮੁੱਦੇ ਨੂੰ ਲੋਕਾਂ ਦੇ ਸਾਹਮਣੇ ਰੱਖਣ ਅਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਬੀਤੇ 37 ਸਾਲਾਂ ਤੋਂ ਪੰਜਾਬੀ ਯੂਨੀਵਰਸਿਟੀ ਵਿਖੇ ਸੇਵਾਵਾਂ ਨਿਭਾ ਰਹੇ ਡਾ. ਗਿੱਲ ਨੇ ਕਿਹਾ ਕਿ ਇਹ ਕਿਤਾਬ ਉਨ੍ਹਾਂ ਲੇਖਾਂ ਦਾ ਸੰਗ੍ਰਹਿ ਹੈ ਜੋ ਕਿ ਆਰਥਿਕ, ਸਮਾਜਿਕ, ਧਾਰਮਿਕ, ਸਿੱਖਿਆ, ਵਾਤਾਵਰਣ ਅਤੇ ਪੰਜਾਬ ਹੋਰ ਵੱਖ-ਵੱਖ ਮੁੱਦਿਆਂ ਉੱਪਰ ਲਿਖੇ ਹੋਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਯੂਟਿਊਬ ਚੈਨਲ ‘ਖੁੰਡ ਚਰਚਾ’ ਵੀ ਚਲਾਇਆ ਜਾ ਰਿਹਾ ਹੈ ਜਿਸ ਰਾਹੀਂ 100 ਤੋਂ ਵੱਧ ਮੁੱਦਿਆਂ ਬਾਰੇ ਆਮ ਜਨਤਾ ਨੂੰ ਰੂ-ਬ-ਰੂ ਕੀਤਾ ਗਿਆ ਹੈ ਅਤੇ ਨਾਲ ਹੀ ਸਰਕਾਰ ਨੂੰ ਇੰਨ੍ਹਾਂ ਮੁੱਦਿਆਂ ਵਿੱਚੋਂ ਉਭਰਣ ਲਈ ਸੁਝਾਅ ਵੀ ਦਿੱਤੇ ਜਾਂਦੇ ਹਨ।