ਚੰਡੀਗੜ੍ਹ, 29 ਮਈ 2023: ਅਸਾਮ ਵਿੱਚ ਡਿਊਟੀ ਦੌਰਾਨ ਸ਼ਹੀਦ ਹੋਏ ਫੌਜੀ ਜਵਾਨ ਸਹਿਜਪਾਲ (Sahajpal) ਸਿੰਘ ਸੋਮਵਾਰ ਨੂੰ ਪੰਚ ਤੱਤਾਂ ਵਿੱਚ ਵਿਲੀਨ ਹੋ ਗਏ। ਪਿਤਾ ਅਮਰਜੀਤ ਸਿੰਘ ਨੇ ਸ਼ਹੀਦ ਪੁੱਤਰ ਦੀ ਚਿਤਾ ਨੂੰ ਅਗਨ ਭੇਂਟ ਕੀਤਾ। ਸ਼ਹੀਦ ਸਹਿਜਪਾਲ ਦਾ ਫੌਜੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਜਵਾਨ ਨੂੰ ਸ਼ਰਧਾਂਜਲੀ ਦੇਣ ਲਈ ਵਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ। ਇਸ ਤੋਂ ਪਹਿਲਾਂ ਸਵੇਰੇ 10 ਵਜੇ ਸਹਿਜਪਾਲ ਸਿੰਘ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਪਿੰਡ ਰੰਧਾਵਾ ਪੰਜਾਬ ਲਿਆਂਦਾ ਗਿਆ। ਮਾਪਿਆਂ ਨੇ ਰੋਂਦੇ ਹੋਏ ਸ਼ਹੀਦ ਪੁੱਤਰ ਨੂੰ ਜੱਫੀ ਪਾ ਲਈ। ਪਿੰਡ ਦੇ ਸਮੂਹ ਲੋਕਾਂ ਨੇ ਵੀ ਨਮ ਅੱਖਾਂ ਨਾਲ ਸਹਿਜਪਾਲ ਸਿੰਘ ਨੂੰ ਅੰਤਿਮ ਵਿਦਾਈ ਦਿੱਤੀ।
28 ਮਈ ਦੀ ਦੇਰ ਸ਼ਾਮ ਨੂੰ ਸਹਿਜਪਾਲ ਸਿੰਘ ਦੀ ਲਾਸ਼ ਨੂੰ ਪਟਿਆਲਾ ਛਾਉਣੀ ਲਿਆਂਦਾ ਗਿਆ। ਫਿਰ ਸਵੇਰੇ 10 ਵਜੇ ਲਾਸ਼ ਨੂੰ ਪਿੰਡ ਰੰਧਾਵਾ ਸਥਿਤ ਉਨ੍ਹਾਂ ਦੇ ਘਰ ਲਿਜਾਇਆ ਗਿਆ। ਅੰਤਿਮ ਦਰਸ਼ਨਾਂ ਤੋਂ ਬਾਅਦ ਸ਼ਹੀਦ ਸਹਿਜਪਾਲ ਸਿੰਘ ਦਾ ਸਥਾਨਕ ਸ਼ਮਸ਼ਾਨਘਾਟ ਵਿਖੇ ਫੌਜੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਸਹਿਜਪਾਲ ਸਿੰਘ ਸਾਲ 2015 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ। ਉਸਦਾ ਛੋਟਾ ਭਰਾ ਅੰਮ੍ਰਿਤਪਾਲ ਸਿੰਘ (21) ਵੀ ਭਾਰਤੀ ਫੌਜ ਵਿੱਚ ਸੇਵਾ ਨਿਭਾਅ ਰਿਹਾ ਹੈ ਅਤੇ ਇਸ ਸਮੇਂ ਲੱਦਾਖ ਵਿੱਚ ਤਾਇਨਾਤ ਹੈ।
ਇਸ ਤੋਂ ਪਹਿਲਾਂ ਸਹਿਜਪਾਲ (Sahajpal) ਸਿੰਘ ਦੀ ਸ਼ਹਾਦਤ ਦੀ ਖਬਰ ਨਾਲ ਪਿੰਡ ਰੰਧਾਵਾ ਵਿੱਚ ਸੋਗ ਦੀ ਲਹਿਰ ਹੈ। ਸਥਾਨਕ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ 27 ਮਈ ਦੀ ਦੇਰ ਸ਼ਾਮ ਸ਼ਹੀਦ ਸਹਿਜਪਾਲ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਉਹ ਦੇਸ਼ ਦੀ ਰੱਖਿਆ ਕਰਦੇ ਹੋਏ ਆਸਾਮ ਵਿੱਚ ਸ਼ਹੀਦ ਹੋਏ ਸਨ। ਪੂਰਾ ਪੰਜਾਬ ਅਤੇ ਦੇਸ਼ ਸ਼ਹੀਦ ਨੂੰ ਸਲਾਮ ਕਰ ਰਿਹਾ ਹੈ। ਸੀ.ਐਮ ਭਗਵੰਤ ਮਾਨ ਨੇ ਵੀ ਭਾਰਤ ਮਾਤਾ ਅਤੇ ਪੰਜਾਬ ਦੇ ਪੁੱਤਰ ਸਹਿਜਪਾਲ ਸਿੰਘ ਨੂੰ ਨਮਨ ਕੀਤਾ ।