July 4, 2024 11:31 pm
Assembly elections

ਵਿਧਾਨ ਸਭਾ ਚੋਣਾਂ ਸਬੰਧੀ ਨਾਮਜ਼ਦਗੀਆਂ ਭਰਨ ਦੀ ਪ੍ਰਕ੍ਰਿਆ 25 ਜਨਵਰੀ ਤੋਂ ਹੋਵੇਗੀ ਸ਼ੁਰੂ

ਚੰਡੀਗੜ੍ਹ 23 ਜਨਵਰੀ 2022: ਭਾਰਤੀ ਚੋਣ ਕਮਿਸ਼ਨ (Election Commission) ਵੱਲੋਂ ਵਿਧਾਨ ਸਭਾ ਚੋਣਾਂ (Assembly elections) ਦੇ ਮੱਦੇਨਜ਼ਰ ਚੋਣ ਪ੍ਰੋਗਰਾਮ ਦਾ ਐਲਾਨ 8 ਜਨਵਰੀ, 2022 ਨੂੰ ਕਰ ਦਿੱਤਾ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ ਕਰੁਣਾ ਰਾਜੂ (Dr. S Karuna Raju) ਨੇ ਦੱਸਿਆ ਕਿ 17 ਜਨਵਰੀ, 2022 ਨੂੰ ਸੋਧ ਕੇ ਜਾਰੀ ਕੀਤੇ ਗਏ ਪ੍ਰੋਗਰਾਮ ਅਨੁਸਾਰ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ 25 ਜਨਵਰੀ, 2022 (ਮੰਗਲਵਾਰ) ਨੂੰ ਨੋਟੀਫੀਕੇਸ਼ਨ ਜਾਰੀ ਹੋਣ ਦੇ ਨਾਲ ਸ਼ੁਰੂ ਹੋ ਜਾਵੇਗੀ ਅਤੇ ਨਾਮਜ਼ਦਗੀ ਪੱਤਰ ਭਰਨ ਦੀ ਆਖਿਰੀ ਮਿਤੀ 1 ਫਰਵਰੀ, 2022 (ਮੰਗਲਵਾਰ) ਹੈ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 2 ਫਰਵਰੀ, 2022 (ਬੁੱਧਵਾਰ) ਨੂੰ ਹੋਵੇਗੀ ਜਦਕਿ ਨਾਮਜ਼ਦਗੀ ਪੱਤਰ ਵਾਪਿਸ ਲੈਣ ਦੀ ਆਖਿਰੀ ਮਿਤੀ 4 ਫਰਵਰੀ, 2022 (ਸ਼ੁੱਕਰਵਾਰ) ਹੈ।ਨਾਮਜ਼ਦਗੀ ਪੱਤਰ ਸਬੰਧਤ ਰਿਟਰਿਨਿੰਗ ਅਫ਼ਸਰ ਦੇ ਦਫ਼ਤਰ ਵਿਖੇ ਸਵੇਰੇ 11 ਵਜੇ ਤੋਂ 3 ਵਜੇ ਤੱਕ ਜ਼ਮ੍ਹਾਂ ਕਰਵਾਏ ਜਾ ਸਕਦੇ ਹਨ।

ਡਾ. ਐਸ ਕਰੁਣਾ (Dr. S Karuna Raju) ਕਿਹਾ ਕਿ ਨਾਮਜ਼ਦਗੀ ਪੱਤਰ ਫਾਰਮ 2ਬੀ ਵਿੱਚ ਭਰਿਆ ਜਾਣਾ ਹੈ ਅਤੇ ਸਬੰਧਤ ਰਿਟਰਨਿੰਗ ਅਫਸਰ ਕੋਲ ਇਸ ਦੀਆਂ ਖਾਲੀ ਕਾਪੀਆਂ ਉਪਲੱਬਧ ਹਨ। ਟਾਇਪ ਕੀਤੇ ਹੋਏ ਨਾਮਜ਼ਦਗੀ ਪੱਤਰ ਤੈਅਸ਼ੁਦਾ ਪ੍ਰਾਫਾਰਮੇ ਵਿੱਚ ਹੀ ਸਵੀਕਾਰ ਕੀਤੇ ਜਾਣਗੇ। ਡਾ. ਰਾਜੂ ਨੇ ਕਿਹਾ ਕਿ ਵਿਧਾਨ ਸਭਾ ਚੋਣ ਲੜਨ ਦਾ ਇੱਛੁਕ ਉਮੀਦਵਾਰ ਸੂਬੇ ਦੇ ਕਿਸੇ ਵੀ ਵਿਧਾਨ ਸਭਾ ਹਲਕੇ ਦਾ ਰਜਿਸਟਰਡ ਵੋਟਰ ਹੋਣਾ ਚਾਹੀਦਾ ਹੈ ਅਤੇ ਚੋਣ ਲੜਨ ਦੇ ਇਛੁੱਕ ਉਮੀਦਵਾਰ ਵੱਲੋਂ ਰਿਟਰਨਿੰਗ ਅਫ਼ਸਰ ਨੂੰ ਇਸ ਸਬੰਧੀ ਵੋਟਰ ਸੂਚੀ ਵਿੱਚ ਦਰਜ ਆਪਣੇ ਨਾਮ ਵਾਲੇ ਪੰਨੇ ਦੀ ਤਸਦੀਕਸ਼ੁਦਾ ਕਾਪੀ ਪੇਸ਼ ਕਰੇਗਾ।

ਇਸ ਤੋਂ ਇਲਾਵਾ ਭਾਰਤ ਦੇ ਸੰਵਿਧਾਨ ਪ੍ਰਤੀ ਵਫ਼ਾਦਾਰੀ ਦੀ ਸਹੁੰ ਜਾਂ ਪੁਸ਼ਟੀ ਕਰਨ ਸਬੰਧੀ ਤੈਅਸ਼ੁਦਾ ਫਾਰਮ ਵਿੱਚ ਸਬੰਧਤ ਰਿਟਰਨਿੰਗ ਅਫ਼ਸਰ ਜਾਂ ਭਾਰਤ ਚੋਣ ਕਮਿਸ਼ਨ ਵੱਲੋਂ ਤੈਅ ਵਿਅਕਤੀ ਕੋਲ ਪੇਸ਼ ਕਰਨਾ ਹੋਵੇਗਾ। ਇਹ ਸਹੰੁ ਜਾਂ ਪੁਸ਼ਟੀ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਪਹਿਲਾਂ ਕਰਨੀ ਜ਼ਰੂਰੀ ਹੈ।ਮੁੱਖ ਚੋਣ ਅਫ਼ਸਰ, ਪੰਜਾਬ ਨੇ ਦੱਸਿਆ ਕਿ ਮਿਤੀ 26 ਜਨਵਰੀ, 2022 ਨੈਗੋਸ਼ੀਏਬਲ ਇੰਸਟਰੁਮੈਂਟਸ ਐਕਟ 1881 ਅਧੀਨ ਛੁੱਟੀ ਵਾਲਾ ਦਿਨ ਹੈ, ਜਿਸ ਕਾਰਨ ਇਸ ਦਿਨ ਨਾਮਜ਼ਦਗੀ ਪੱਤਰ ਨਹੀਂ ਪ੍ਰਾਪਤ ਕੀਤੇ ਜਾਣਗੇ। ਮਿਤੀ 30 ਜਨਵਰੀ, 2022 ਜੋ ਕਿ ਐਤਵਾਰ ਨੈਗੋਸ਼ੀਏਬਲ ਇੰਸਟਰੁਮੈਂਟਸ ਐਕਟ 1881 ਅਧੀਨ ਛੁੱਟੀ ਵਾਲਾ ਦਿਨ ਹੈ, ਜਿਸ ਕਾਰਨ ਇਸ ਦਿਨ ਨਾਮਜ਼ਦਗੀ ਪੱਤਰ ਨਹੀਂ ਪ੍ਰਾਪਤ ਕੀਤੇ ਜਾਣਗੇ।

ਉਨਾਂ ਕਿਹਾ ਕਿ ਰਾਜ ਵਿੱਚ ਚੋਣਾਂ (Assembly elections) ਦੇ ਐਲਾਨ ਨਾਲ ਹੀ ਅਦਰਸ਼ ਚੋਣ ਜ਼ਾਬਤਾ 8 ਜਨਵਰੀ, 2022 ਨੂੰ ਹੀ ਲਾਗੂ ਹੋ ਗਿਆ ਸੀ, ਜੋ ਕਿ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਜਾਰੀ ਰਹੇਗਾ।ਉਨਾਂ ਅੱਗੇ ਦੱਸਿਆ ਕਿ ਪੰਜਾਬ ਵਿੱਚ ਕੁੱਲ 21275066 ਰਜਿਸਟਰਡ ਵੋਟਰ ਹਨ, ਜਿਨਾਂ ਵਿੱਚ 11187857 ਪੁਰਸ਼, 10086514 ਮਹਿਲਾ, 695 ਵੋਟਰ ਤੀਜੇ ਲਿੰਗ, 144667 ਪੀ.ਡਬਲਿਯੂ.ਡੀ ਵੋਟਰ ਅਤੇ 110163 ਸਰਵਿਸ ਵੋਟਰ, 1601 ਐਨ.ਆਰ.ਆਈ. ਵੋਟਰ ਅਤੇ 513229 ਵੋਟਰ 80 ਸਾਲ ਤੋਂ ਵੱਧ ਉਮਰ ਦੇ ਹਨ। ਇਸ ਤੋਂ ਇਲਾਵਾ ਸੂਬੇ ਵਿੱਚ 14751 ਪੋਲਿੰਗ ਥਾਵਾਂ ਉੱਤੇ 24740 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ। ਪੰਜਾਬ ਰਾਜ ਵਿੱਚ ਵੋਟਾਂ ਵਾਲੇ ਦਿਨ ਸਾਰੇ ਬੂਥਾਂ ਤੋਂ ਵੈਬ-ਕਾਸਟਿੰਗ ਕੀਤੀ ਜਾਵੇਗੀ। ਵੋਟਾਂ ਪਾਉਣ ਦੀ ਪ੍ਰਕਿਰਿਆ ਮਿਤੀ 20 ਫਰਵਰੀ, 2022 (ਐਤਵਾਰ) ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ। ਜਦਕਿ ਵੋਟਾਂ ਦੀ ਗਿਣਤੀ ਮਿਤੀ 10 ਮਾਰਚ, 2022 (ਵੀਰਵਾਰ) ਨੂੰ ਸ਼ੁਰੂ ਹੋਵੇਗੀ।