ਚੰਡੀਗੜ੍ਹ 23 ਨਵੰਬਰ 2022: ਫੀਫਾ ਵਿਸ਼ਵ ਕੱਪ 2022 (FIFA World Cup 2022) ਦਾ ਅੱਜ ਚੌਥਾ ਦਿਨ ਹੈ। ਇਸ ਟੂਰਨਾਮੈਂਟ ਦੇ ਚੌਥੇ ਦਿਨ ਵੀ ਚਾਰ ਮੈਚ ਖੇਡੇ ਜਾਣਗੇ। ਅੱਜ ਗਰੁੱਪ-ਐੱਫ ਅਤੇ ਗਰੁੱਪ-ਈ ਦੀਆਂ ਟੀਮਾਂ ਐਕਸ਼ਨ ਵਿੱਚ ਹੋਣਗੀਆਂ। ਪਹਿਲਾ ਮੈਚ ਮੋਰੋਕੋ ਅਤੇ ਕ੍ਰੋਏਸ਼ੀਆ ਵਿਚਾਲੇ ਹੋਵੇਗਾ। ਇਸ ਤੋਂ ਬਾਅਦ ਜਰਮਨੀ ਦਾ ਸਾਹਮਣਾ ਜਾਪਾਨ ਨਾਲ ਹੋਵੇਗਾ। ਗਰੁੱਪ ਈ ਦੇ ਤੀਜੇ ਮੈਚ ਵਿੱਚ ਕੋਸਟਾ ਰੀਕਾ ਦਾ ਸਾਹਮਣਾ ਸਪੇਨ ਨਾਲ ਹੋਵੇਗਾ। ਅਤੇ ਦਿਨ ਦਾ ਆਖਰੀ ਮੈਚ ਬੈਲਜੀਅਮ ਅਤੇ ਕੈਨੇਡਾ ਵਿਚਕਾਰ ਹੈ।
ਪਿਛਲੇ ਵਿਸ਼ਵ ਕੱਪ ‘ਚ ਫਾਈਨਲ ‘ਚ ਪਹੁੰਚੀ ਕ੍ਰੋਏਸ਼ੀਆ ਆਪਣੀ ਮੁਹਿੰਮ ਦੀ ਸ਼ੁਰੂਆਤ ਮੋਰੋਕੋ ਖਿਲਾਫ ਜਿੱਤ ਨਾਲ ਕਰਨਾ ਚਾਹੇਗੀ। ਗਰੁੱਪ ਐਫ ਵਿੱਚ ਇਨ੍ਹਾਂ ਦੋ ਟੀਮਾਂ ਤੋਂ ਇਲਾਵਾ ਬੈਲਜੀਅਮ ਅਤੇ ਕੈਨੇਡਾ ਦੀਆਂ ਟੀਮਾਂ ਹਨ। ਇਹ ਦੋਵੇਂ ਟੀਮਾਂ ਸ਼ਾਮ ਨੂੰ ਵੀ ਇੱਕ ਦੂਜੇ ਨਾਲ ਭਿੜਣਗੀਆਂ।
ਦਿਨ ਦਾ ਸਭ ਤੋਂ ਮਹੱਤਵਪੂਰਨ ਮੈਚ ਜਰਮਨੀ ਅਤੇ ਜਾਪਾਨ ਵਿਚਕਾਰ ਹੈ। 2014 ਦੇ ਵਿਸ਼ਵ ਕੱਪ ਦੀ ਚੈਂਪੀਅਨ ਜਰਮਨੀ ਇਸ ਵਿਸ਼ਵ ਕੱਪ ਵਿੱਚ ਆਪਣੇ ਸਫ਼ਰ ਦੀ ਸ਼ੁਰੂਆਤ ਜਿੱਤ ਨਾਲ ਕਰਨਾ ਚਾਹੇਗੀ। ਇਸੇ ਗਰੁੱਪ ਦਾ ਦੂਜਾ ਮੈਚ 2010 ਦੀ ਚੈਂਪੀਅਨ ਸਪੇਨ ਅਤੇ ਕੋਸਟਾ ਰੀਕਾ ਵਿਚਾਲੇ ਹੋਵੇਗਾ।
ਅੱਜ ਦੇ ਮੈਚ ‘ਚ ਜਰਮਨੀ ਅਤੇ ਸਪੇਨ ਦੇ ਆਪੋ-ਆਪਣੇ ਮੈਚ ਜਿੱਤਣ ਦੀ ਉਮੀਦ ਹੈ ਪਰ ਜਾਪਾਨ ਅਤੇ ਕੋਸਟਾ ਰੀਕਾ ਵਿਚਾਲੇ ਮੈਚ ਰੋਮਾਂਚਕ ਹੋ ਸਕਦਾ ਹੈ । ਖਾਸ ਕਰਕੇ ਸਾਊਦੀ ਅਰਬ ਨੇ ਅਰਜਨਟੀਨਾ ਨੂੰ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਅਜਿਹੇ ‘ਚ ਇਨ੍ਹਾਂ ਦੋਵਾਂ ਟੀਮਾਂ ਨੂੰ ਵੀ ਚੌਕਸ ਰਹਿਣਾ ਹੋਵੇਗਾ।