ਚੰਡੀਗੜ੍ਹ 22 ਨਵੰਬਰ 2022: ਫੀਫਾ ਵਿਸ਼ਵ ਕੱਪ 2022 (FIFA World Cup 2022) ਜਿੱਤਣ ਦੀ ਮਜ਼ਬੂਤ ਦਾਅਵੇਦਾਰ ਅਰਜਨਟੀਨਾ ਦੀ ਟੀਮ ਫੁੱਟਬਾਲ ਵਿਸ਼ਵ ਕੱਪ ਦੇ ਤੀਜੇ ਦਿਨ ਮੰਗਲਵਾਰ ਯਾਨੀ 22 ਨਵੰਬਰ ਨੂੰ ਮੈਦਾਨ ‘ਚ ਉਤਰੇਗੀ। ਗਰੁੱਪ-ਸੀ ‘ਚ ਉਸ ਦਾ ਮੁਕਾਬਲਾ ਸਾਊਦੀ ਅਰਬ ਦੀ ਟੀਮ ਨਾਲ ਹੋਵੇਗਾ, ਜਿਸ ਨੂੰ ਮੁਕਾਬਲਤਨ ਕਮਜ਼ੋਰ ਦੱਸਿਆ ਜਾ ਰਿਹਾ ਹੈ। ਅਰਜਨਟੀਨਾ ਦਾ ਮੈਚ ਸਾਉਦੀ ਅਰਬ ਨਾਲ ਦੁਪਹਿਰ 3.30 ਵਜੇ, ਡੈਨਮਾਰਕ ਦਾ ਟਿਊਨੀਸ਼ੀਆ ਨਾਲ ਸ਼ਾਮ 6.30 ਵਜੇ ਅਤੇ ਮੈਕਸੀਕੋ ਦਾ ਪੋਲੈਂਡ ਨਾਲ ਰਾਤ 9.30 ਵਜੇ ਹੋਵੇਗਾ।
ਲਗਾਤਾਰ 36 ਮੈਚਾਂ ‘ਚ ਅਜੇਤੂ ਰਹੀ ਅਰਜਨਟੀਨਾ ਦੀ ਟੀਮ ਕੋਲ ਧਮਾਕੇਦਾਰ ਸ਼ੁਰੂਆਤ ਕਰਨ ਦਾ ਮੌਕਾ ਹੋਵੇਗਾ। ਇਸ ਮੈਚ ‘ਚ ਸਭ ਦੀਆਂ ਨਜ਼ਰਾਂ ਦੁਨੀਆ ਦੇ ਸਭ ਤੋਂ ਮਹਾਨ ਖਿਡਾਰੀਆਂ ‘ਚੋਂ ਇਕ ਲਿਓਨਲ ਮੇਸੀ ‘ਤੇ ਹੋਣਗੀਆਂ।ਮੇਸੀ ਤੋਂ ਇਲਾਵਾ ਫਰਾਂਸ ਦੇ ਨੌਜਵਾਨ ਸਟਾਰ ਕਾਇਲੀਅਨ ਐਮਬਾਪੇ ਅਤੇ ਗੋਲ ਮਸ਼ੀਨ ਪੋਲੈਂਡ ਦੇ ਰਾਬਰਟ ਲੇਵਾਨਡਸਕੀ ਵੀ ਅੱਜ ਮੈਦਾਨ ‘ਤੇ ਉਤਰਨਗੇ। ਉਸ ਦੀ ਟੀਮ ਫਰਾਂਸ ਦਾ ਸਾਹਮਣਾ ਆਸਟ੍ਰੇਲੀਆ ਨਾਲ ਹੋਵੇਗਾ। ਇਸ ਦੇ ਨਾਲ ਹੀ ਪੋਲੈਂਡ ਦਾ ਸਾਹਮਣਾ ਟਿਊਨੀਸ਼ੀਆ ਅਤੇ ਮੈਕਸੀਕੋ ਦਾ ਡੈਨਮਾਰਕ ਨਾਲ ਹੋਵੇਗਾ।
ਆਪਣੇ ਪੰਜਵੇਂ ਵਿਸ਼ਵ ਕੱਪ ਵਿੱਚ ਖੇਡ ਰਹੇ ਸੁਪਰਸਟਾਰ ਮੇਸੀ ਕੋਲ 91 ਅੰਤਰਰਾਸ਼ਟਰੀ ਗੋਲਾਂ ਦੀ ਗਿਣਤੀ ਵਿੱਚ ਵਾਧਾ ਕਰਨ ਦਾ ਸਭ ਤੋਂ ਵਧੀਆ ਮੌਕਾ ਹੈ। ਉਸ ਕੋਲ ਆਪਣੇ ਵਿਰੋਧੀ ਪੁਰਤਗਾਲ ਦੇ ਕ੍ਰਿਸਟੀਆਨੋ ਰੋਨਾਲਡੋ (117) ਨਾਲ ਭਿੜਨ ਦਾ ਮੌਕਾ ਹੈ। ਕੋਚ ਲਿਓਨੇਲ ਸਕੇਲੋਨੀ ਦੀ ਅਗਵਾਈ ‘ਚ ਅਰਜਨਟੀਨਾ ਦੀ ਟੀਮ ਪਿਛਲੀ ਵਾਰ ਦੇ ਮੁਕਾਬਲੇ ਮਜ਼ਬੂਤ ਨਜ਼ਰ ਆ ਰਹੀ ਹੈ।