ਫਾਜਿਲਕਾ 25 ਅਪ੍ਰੈਲ 2024: ਮਾਣਯੋਗ ਸਿਵਲ ਸਰਜਨ ਫਾਜ਼ਲਿਕਾ ਡਾ. ਚੰਦਰ ਸ਼ੇਖਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਖੂਈ ਖੇੜਾ ਡਾ. ਵਿਕਾਸ ਗਾਂਧੀ ਦੀ ਅਗਵਾਈ ਹੇਠ ਸੀਐਚਸੀ ਖੂਈ ਖੇੜਾ ਵਿਖੇ ਵਿਸ਼ਵ ਮਲੇਰੀਆ ਦਿਹਾੜਾ (World Malaria Day) ਮਨਾਇਆ ਗਿਆ। ਸੀਐਚਸੀ ਵਿਖੇ ਕਰਵਾਏ ਗਏ ਸਮਾਗਮ ਵਿਚ ਐਸਐਮਓ ਡਾ. ਵਿਕਾਸ ਗਾਂਧੀ, ਡਾ. ਗੋਰੀ ਸ਼ੰਕਰ, ਬੀਈਈ ਸੁਸ਼ੀਲ ਕੁਮਾਰ, ਹੈਲਥ ਸੁਪਰਵਾਈਜ਼ਰ ਲਖਵਿੰਦਰ ਸਿੰਘ ਅਤੇ ਸਮੂਹ ਹੈਲਥ ਵਰਕਰ ਹਾਜ਼ਰ ਰਹੇ।
ਇਸ ਮੌਕੇ (World Malaria Day) ਬੋਲਦਿਆਂ ਡਾ. ਗਾਂਧੀ ਨੇ ਦੱਸਿਆ ਕਿ ਮਲੇਰੀਆ ਤੋਂ ਬਚਣ ਲਈ ਸਭ ਤੋਂ ਕਾਰਗਰ ਹਥਿਆਰ ਇਸ ਸੰਬੰਧੀ ਜਾਗਰੂਕਤਾ ਹੈ। ਉਹਨਾ ਮਲੇਰੀਆ ਬੁਖਾਰ ਦੇ ਪਛਾਣ ਚਿੰਨ੍ਹਾਂ ਅਤੇ ਇਸ ਦੇ ਇਲਾਜ ਲਈ ਵਰਤੇ ਜਾਂਦੇ ਢੰਗਾਂ ਬਾਰੇ ਚਾਨਣਾ ਪਾਇਆ। ਉਹਨਾਂ ਦੱਸਿਆ ਕਿ ਮਲੇਰੀਆ ਵਾਲਾ ਮੱਛਰ ਜ਼ਿਆਦਾਤਰ ਰਾਤ ਦੇ ਸਮੇਂ ਕੱਟਦਾ ਹੈ ਅਤੇ ਇਹ ਲੰਮੇ ਸਮੇਂ ਤੋਂ ਖੜ੍ਹੇ ਹੋਏ ਪਾਣੀ ਅਤੇ ਛੱਪੜਾਂ ਆਦਿ ਵਿਚ ਪੈਦਾ ਹੁੰਦਾ ਹੈ। ਇਸ ਦੀ ਪੈਦਾਇਸ਼ ਨੂੰ ਰੋਕਣ ਲਈ ਸਾਨੂੰ ਚਾਹੀਦਾ ਹੈ ਕਿ ਕਿਤੇ ਵੀ ਪਾਣੀ ਨੂੰ ਇਕੱਠਾ ਨਾ ਹੋਣ ਦਿੱਤਾ ਜਾਵੇ ਅਤੇ ਗੰਦੇ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਰੱਖਿਆ ਜਾਵੇ।
ਇਸਦੇ ਨਾਲ ਹੀ ਉਹਨਾਂ ਨੇ ਸਮੂਹ ਸਟਾਫ ਨੂੰ ਹਦਾਇਤ ਕਰਦੇ ਕਿਹਾ ਕਿ ਉਹ ਪ੍ਰਤਿਦਿਨ ਆਪਣੇ ਏਰੀਏ ਵਿੱਚ ਜਾ ਕੇ ਵੱਧ ਤੋਂ ਵੱਧ ਲੋਕਾਂ ਨੂੰ ਮਲੇਰੀਆ ਬੁਖਾਰ ਬਾਰੇ ਜਾਗਰੂਕ ਕਰਨ । ਉਹਨਾ ਇਹ ਵੀ ਦੱਸਿਆ ਕਿ ਸਿਹਤ ਵਿਭਾਗ ਦੇ ਕਰਮੀ ਇਹਨਾਂ ਦਿਨਾਂ ਵਿੱਚ ਘਰ-ਘਰ ਜਾ ਕੇ ਲੋਕਾਂ ਨੂੰ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ।