ਚੰਡੀਗੜ੍ਹ 23 ਜੂਨ 2022: ਅਜੋਕੇ ਯੁੱਗ ਵਿੱਚ ਇਨਸਾਨੀ ਰਿਸ਼ਤਿਆਂ ਦੀਆਂ ਕਦਰਾਂ ਕੀਮਤਾਂ ਇਸ ਕਦਰ ਘਟ ਗਈਆਂ ਹਨ ਕੀ ਇਨਸਾਨ ਦੇ ਜੀਵਨ ਦੀ ਕੀਮਤ ਨਾਂ ਦੇ ਬਰਾਬਰ ਰਹਿ ਗਈ ਹੈ ਅਤੇ ਮਾਮੂਲੀ ਝਗੜੇ ਮੌਤ ਦਾ ਕਾਰਨ ਬਣ ਰਹੇ ਹਨ | ਅਜਿਹਾ ਹੀ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਹਲਕਾ ਜ਼ੀਰਾ ਦੇ ਪਿੰਡ ਘੁੱਦੂਵਾਲਾ ਤੋਂ ਸਾਹਮਣੇ ਆਇਆ ਹੈ। ਜਿੱਥੇ ਮਮੂਲੀ ਘਰੇਲੂ ਝਗੜੇ ਦੇ ਚੱਲਦੇ ਪਿਓ ਪੁੱਤਰ ਦੀ ਲੜਾਈ ਇਸ ਕਦਰ ਵਧ ਗਈ ਕਿ ਪੁੱਤਰ ਦੁਆਰਾ ਗੋਲੀ ਚਲਾ ਦਿੱਤੀ ਗਈ ਜੋ ਕਿ ਉਸਦੇ ਆਪਣੇ ਹੀ 13 ਸਾਲਾ ਪੁੱਤਰ ਨੂੰ ਲੱਗੀ ਜਿਸ ਦੀ ਮੌਕੇ ਤੇ ਮੌਤ ਹੋ ਗਈ।
ਫਿਰੋਜ਼ਪੁਰ ਦੇ ਹਲਕਾ ਜ਼ੀਰਾ ਦੇ ਮਖੂ ਬਲਾਕ ਦੇ ਪਿੰਡ ਘੁੱਦੂਵਾਲਾ ਜਿੱਥੋਂ ਦਾ ਵਾਸੀ ਪਰਮਜੀਤ ਸਿੰਘ ਜੋ ਕਿ ਲੁਧਿਆਣਾ ਵਿਖੇ ਇਕ ਪ੍ਰਾਈਵੇਟ ਕੰਪਨੀ ਵਿਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਸੀ ਅਤੇ ਆਪਣੇ ਪਿਤਾ ਨਾਲ ਹੀ ਘਰੇਲੂ ਜ਼ਮੀਨ ਦਾ ਵਿਵਾਦ ਚੱਲ ਰਿਹਾ ਸੀ | ਜਦੋਂ ਵੀ ਉਹ ਛੁੱਟੀ ਤੇ ਆਉਂਦਾ ਤਾਂ ਪਿਓ ਪੁੱਤਰ ਦੀ ਇਸ ਗੱਲ ਤੇ ਬਹਿਸ ਹੋ ਜਾਂਦੀ ਅੱਜ ਵੀ ਇਨ੍ਹਾਂ ਦੋ ਪਿਉ ਪੁੱਤਰਾਂ ਦੀ ਆਪਸੀ ਬਹਿਸ ਹੱਥੋਪਾਈ ਤੇ ਉਤਰ ਆਈ |
ਇਸਦੇ ਚੱਲਦੇ ਪਰਮਜੀਤ ਸਿੰਘ ਆਪਣੀ ਲਾਇਸੈਂਸੀ ਦੋਨਾਲੀ ਬੰਦੂਕ ਕੱਢ ਲਿਆਇਆ ਜਿਸ ਨੂੰ ਰੋਕਣ ਲਈ ਪਰਮਜੀਤ ਦੇ 13 ਸਾਲਾ ਪੁੱਤਰ ਮਹਿਕਪ੍ਰੀਤ ਨੇ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਗੋਲੀ ਚੱਲ ਗਈ ਅਤੇ ਮਹਿਕਪ੍ਰੀਤ ਦੀ ਛਾਤੀ ਵਿੱਚ ਲੱਗ ਗਈ ਜਿਸ ਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ |
ਇਸ ਦੌਰਾਨ ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਸੰਦੀਪ ਸਿੰਘ ਮੰਡ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚੇ ਅਤੇ ਦੋਸ਼ੀ ਪਰਮਜੀਤ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਪਾਸੋਂ ਦੋਨਾਲੀ ਬੰਦੂਕ ਵੀ ਕਬਜ਼ੇ ਵਿੱਚ ਲੈ ਲਈ | ਡੀ ਐੱਸ ਪੀ ਸੰਦੀਪ ਸਿੰਘ ਮੰਡ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕਰਕੇ ਜੋ ਬਣਦੀ ਕਾਰਵਾਈ ਕੀਤੀ ਜਾਵੇਗੀ।