ਫਿਰੋਜ਼ਪੁਰ 08 ਜੂਨ 2022: ਫਿਰੋਜ਼ਪੁਰ (Ferozepur) ਦੇ ਪਿੰਡ ਪੀਰ ਅਹਿਮਦ ਖਾਂ ਵਿਖੇ ਪੰਜ ਵਿਅਕਤੀਆਂ ਵਲੋਂ ਇਕ ਨੌਜਵਾਨ ਦੇ ਗੋਲੀਆਂ ਮਾਰ ਕੇ ਗੰਭੀਰ ਜਖ਼ਮੀ ਕਰ ਦਿੱਤਾ ਸੀ | ਇਸ ਗੋਲੀਕਾਂਡ ਦੀ ਘਟਨਾ ਸੀ ਸੀ ਟੀ ਵੀ ਵਿੱਚ ਕੈਦ ਹੋ ਗਈ ਸੀ | ਇਸਦੇ ਚੱਲਦੇ ਨੌਜਵਾਨ ਦੇ ਪਿਤਾ ਨੇ ਪੁੱਤਰ ਨੂੰ ਗੋਲੀਆਂ ਮਾਰ ਕੇ ਗੰਭੀਰ ਰੂਪ ‘ਚ ਜਖਮੀ ਕਰਨ ਵਾਲੇ ਸ਼ਰੇਆਮ ਘੁੰਮਣ ਵਾਲੇ ਦੋਸ਼ੀਆਂ ਨੂੰ ਫੜ੍ਹ ਕੇ ਸਲਾਖਾਂ ਪਿੱਛੇ ਡੱਕਣ ਦੀ ਗੁਹਾਰ ਲਗਾਈ ਹੈ |
ਇਸ ਦੌਰਾਨ ਪੱਤਰਕਾਰਾਂ ਨਾਲ ਗੱਲ ਬਾਤ ਕਰਦੇ ਹੋਏ ਮਲੂਕ ਸਿੰਘ ਨੇ ਦੱਸਿਆ ਕਿ ਬੀਤੀ 23 ਮਈ ਨੂੰ ਉਸ ਦੇ ਪੁੱਤਰ ਸੁਖਵਿੰਦਰ ਸਿੰਘ ਨੂੰ ਕਰੀਬ ਪੰਜ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਗੰਭੀਰ ਜਖ਼ਮੀ ਕਰ ਦਿੱਤਾ ਗਿਆ। ਜਿਸ ਦੀ ਸੀ ਸੀ ਟੀ ਵੀ ਵਿੱਚ ਵਾਰਦਾਤ ਕੈਦ ਹੋਈ ਸੀ ਜਿਸ ਤੇ ਥਾਣਾ ਸਿਟੀ ਦੀ ਪੁਲਿਸ ਵਲੋਂ ਪੰਜ ਵਿਅਕਤੀਆਂ ਖਿਲਾਫ 307 ਤੇ ਅਸਲਾ ਐਕਟ ਸਮੇਤ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ |
ਚੰਡੀਗੜ੍ਹ ਦੇ ਪੀ ਜੀ ਆਈ ‘ਚ ਜੇਰੇ ਇਲਾਜ ਸੁਖਵਿੰਦਰ ਸਿੰਘ ਦੇ ਪਿਤਾ ਮਲੂਕ ਸਿੰਘ ਨੇ ਦੋਸ਼ ਲਾਇਆ ਕਿ ਇਨ੍ਹੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਕਾਰਨ ਦੋਸ਼ੀ ਸ਼ਰੇਆਮ ਗੁੰਮ ਰਹੇ ਹਨ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਮਲੂਕ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਦੋਸ਼ੀ ਉਨ੍ਹਾਂ ਦੇ ਛੋਟੇ ਛੋਟੇ ਬੱਚਿਆ ਅਤੇ ਰਿਸ਼ਤੇਦਾਰਾਂ ਨੂੰ ਵੀ ਫੋਨ ਤੇ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।
ਜਿਸ ਬਾਬਤ ਉਨ੍ਹਾਂ ਵਲੋਂ ਪੁਲਿਸ ਨੂੰ ਕਈ ਬਾਰ ਸੂਚਿਤ ਕੀਤਾ ਗਿਆ ਹੈ। ਪਰ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਇਸ ਬਾਬਤ ਉਹ ਕਈ ਵਾਰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਵੀ ਮਿਲੇ ਹਨ। ਮਲੂਕ ਸਿੰਘ ਵਲੋਂ ਮੁੱਖ ਮੰਤਰੀ ਪੰਜਾਬ ਅਤੇ ਡੀ ਜੀ ਪੀ ਪੰਜਾਬ ਨੂੰ ਗੁਹਾਰ ਲਈ ਹੈ ਕਿ ਦੋਸ਼ੀਆਂ ਨੂੰ ਗਿਰਫ਼ਤਾਰ ਕਰ ਕੇ ਉਨ੍ਹਾਂ ਨੂੰ ਇਨਸਾਫ ਦਵਾਇਆ ਜਾਵੇ।