Site icon TheUnmute.com

Anandpur Sahib: ਚੰਗਰ ਇਲਾਕੇ ਦੇ ਖੇਤਾਂ ਨੂੰ ਮਿਲੇਗਾ ਨਹਿਰੀ ਪਾਣੀ, ਪ੍ਰੋਜੈਕਟ ‘ਤੇ ਖਰਚੇ ਜਾਣਗੇ 86.21 ਕਰੋੜ ਰੁਪਏ

Harjot Singh Bains

ਅਨੰਦਪੁਰ ਸਾਹਿਬ, 28 ਨਵੰਬਰ 2024: ਵਿਧਾਨ ਸਭਾ ਹਲਕਾ ਅਨੰਦਪੁਰ ਸਾਹਿਬ (Anandpur Sahib) ਅਧੀਨ ਪੈਂਦੇ ਚੰਗਰ ਇਲਾਕੇ (Changar Area) ਨੂੰ ਨਹਿਰੀ ਪਾਣੀ ਦੀ ਸਪਲਾਈ ਛੇਤੀ ਹੀ ਸ਼ੁਰੂ ਹੋਣ ਜਾ ਰਹੀ ਹੈ। ਪੰਜਾਬ ਦੇ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) 29 ਨਵੰਬਰ ਨੂੰ ਪਿੰਡ ਸਮਲਾਹ ਵਿਖੇ 86.21 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਲਿਫਟ ਇਰੀਗੇਸ਼ਨ ਸਕੀਮ ਦਾ ਨੀਂਹ ਪੱਥਰ ਰੱਖਣਗੇ।

ਸਦੀਆਂ ਤੋਂ ਇਹ ਇਲਾਕਾ ਖੇਤੀ ਸਿੰਚਾਈ ਲਈ ਬਰਸਾਤੀ ਪਾਣੀ ‘ਤੇ ਨਿਰਭਰ ਰਿਹਾ ਹੈ, ਜਿਸ ਕਾਰਨ ਇੱਥੋਂ ਦੇ ਕਿਸਾਨਾਂ ਨੂੰ ਗਰਮੀ ਦੇ ਮੌਸਮ ‘ਚ ਪਾਣੀ ਦੀ ਘਾਟ ਕਾਰਨ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ |

ਪੰਜਾਬ ਸਰਕਾਰ ਮੁਤਾਬਕ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਦੇ ਯਤਨਾਂ ਸਦਕਾ ਪੰਜਾਬ-ਹਿਮਾਚਲ ਪ੍ਰਦੇਸ਼ ਸਰਹੱਦ ਨਾਲ ਲੱਗਦੇ ਇਸ ਨੀਮ ਪਹਾੜੀ ਇਲਾਕੇ ਚੰਗਰ (Changar Area) ਦੇ ਇੱਕ ਦਰਜਨ ਦੇ ਕਰੀਬ ਪਿੰਡਾਂ ਨੂੰ ਸਿੰਚਾਈ ਲਈ ਪਾਣੀ ਦੀ ਸਮੱਸਿਆ ਤੋਂ ਰਾਹਤ ਮਿਲੇਗੀ।

ਸਰਕਾਰ ਦੇ ਇਸ ਪ੍ਰੋਜੈਕਟ ਨਾਲ ਪਿੰਡ ਲੱਖੇੜ, ਪਹਾੜਪੁਰ, ਧਨੇੜਾ, ਮਿੱਢਵਾਂ, ਸਮਲਾਹ, ਮਹਿੰਦਲੀ ਖੁਰਦ, ਰਾਏਪੁਰ ਸਾਹਨੀ, ਕੋਟਲਾ, ਬੱਢਲ ਅਤੇ ਬਲੋਲੀ ਦੇ 2762 ਏਕੜ ਰਕਬੇ ਨੂੰ ਸਿੰਚਾਈ ਲਈ ਪਾਣੀ ਮਿਲੇਗਾ। ਇਸ ਨਾਲ ਖੇਤਰ ਵਿੱਚ ਹਰਿਆਲੀ ਅਤੇ ਖੁਸ਼ਹਾਲੀ ਵਾਪਸ ਆਵੇਗੀ।

ਜਿਕਰਯੋਗ ਹੈ ਕਿ ਸਿੰਚਾਈ ਵਿਭਾਗ ਵੱਲੋਂ ਭਵਿੱਖ ਦੀਆਂ ਲੋੜਾਂ ਅਤੇ ਭੂਗੋਲਿਕ ਸਥਿਤੀ ਨੂੰ ਧਿਆਨ ‘ਚ ਰੱਖਦਿਆਂ ਆਈਆਈਟੀ ਰੂਪਨਗਰ ਦੇ ਤਕਨੀਕੀ ਮਾਹਰਾਂ ਤੋਂ ਇਸ ਲਿਫਟ ਇਰੀਗੇਸ਼ਨ ਸਕੀਮ ਦਾ ਨਕਸ਼ਾ ਤਿਆਰ ਕੀਤਾ ਗਿਆ ਹੈ।

Exit mobile version